ਪ੍ਰੇਰਨਾ
ਖੁਸ਼ੀਆਂ ਦਾ ਰੰਗ ਹਰ ਕਿਸੇ ਨੂੰ ਭਾਉਂਦਾ ਹੈ। ਇਸੇ ਰੰਗ ਵਿੱਚ ਜ਼ਿੰਦਗੀ ਦੀ ਝੋਲੀ ਹਾਸੇ ਤੇ ਸਾਂਝਾਂ ਨਾਲ ਭਰਦੀ ਹੈ। ਇੱਕ ਦੂਸਰੇ ਨੂੰ ਮਿਲਦੇ-ਗਿਲਦੇ ਰਿਸ਼ਤੇਦਾਰ, ਸਨੇਹੀ ਰਿਸ਼ਤਿਆਂ ਦੀ ਤੰਦ ਪਰੋਂਦੇ ਨਜ਼ਰ ਆਉਂਦੇ ਹਨ। ਨਵੇਂ ਨਕੋਰ ਕੱਪੜਿਆਂ ਵਿੱਚ ਸਜੇ ਫਬੇ ਸਾਕ ਸਬੰਧੀ ਖੁਸ਼ੀ ਦੀ ਰੌਣਕ ਨੂੰ ਦੂਣਾ ਚੌਣਾ ਕਰਦੇ ਹਨ। ਵਿਆਹਾਂ ਵਿੱਚ ਇਹ ਰੰਗ ਜ਼ਿੰਦਗੀ ਦੇ ਬੇਸ਼ਕੀਮਤੀ ਪਲਾਂ ਦਾ ਜ਼ਾਮਨ ਹੁੰਦਾ ਹੈ। ਦੂਰ ਦੁਰਾਡੇ ਦੇ ਰਿਸ਼ਤੇਦਾਰਾਂ ਨੂੰ ਮਿਲਣ ਦੀ ਖੁਸ਼ੀ। ਆਪਣੇ ਧੀ ਪੁੱਤ ਦੀ ਜ਼ਿੰਦਗੀ ਦੇ ਅਮੁੱਲੇ ਪਲਾਂ ਨੂੰ ਜੀ ਆਇਆਂ ਨੂੰ ਕਹਿਣ ਦਾ ਚਾਅ ਆਪਣੇ ਆਪ ਵਿੱਚ ਖ਼ੁਸ਼ੀਆਂ ਦਾ ਮੁਜੱਸਮਾ ਹੁੰਦਾ ਹੈ।
ਪਿਛਲੇ ਮਹੀਨੇ ਮੇਰੇ ਲਈ ਅਜਿਹੀ ਖੁਸ਼ੀ ਵਿੱਚ ਸ਼ਾਮਲ ਹੋਣ ਦਾ ਮੌਕਾ ਮੇਲ ਬਣਿਆ। ਵਿਆਹ ਵਕਤ ਪਿੰਡ ਦੀ ਜੂਹ ਵਿੱਚ ਲੱਗਿਆ ਵੱਡਾ ਪੰਡਾਲ ਖ਼ੁਸ਼ੀਆਂ ਦਾ ਘਰ ਪ੍ਰਤੀਤ ਹੋ ਰਿਹਾ ਸੀ। ਆਸ ਪਾਸ ਖੇਤਾਂ ਦੀ ਹਰਿਆਵਲ ਤੇ ਅਠਖੇਲੀਆਂ ਕਰਦੀ ਪੌਣ ਖੁਸ਼ੀ ਵਿੱਚ ਸ਼ਾਮਲ ਜਾਪੀ। ਖੁਸ਼ੀ ਵਿੱਚ ਖੀਵੇ ਹੋਏ ਬੱਚੇ, ਬੁੱਢੇ ਤੇ ਨੌਜੁਆਨ ਆਪੋ-ਆਪਣੀ ਮਿੱਤਰ ਮੰਡਲੀ ਨਾਲ ਹੱਸਣ ਖੇਡਣ ਖਾਣ ਪੀਣ ਵਿੱਚ ਮਸਤ ਨਜ਼ਰ ਆਏ। ਖਾਣ ਪੀਣ ਵਾਲੇ ਪੰਡਾਲ ਵਿੱਚ ਚੱਲ ਰਿਹਾ ਮਿੱਠਾ ਸੰਗੀਤ ਮਨਾਂ ਨੂੰ ਭਾਅ ਰਿਹਾ ਸੀ। ਚੁਫੇਰੇ ਪਸਰੀ ਹਾਸਿਆਂ ਦੀ ਗੂੰਜ ਵਿਆਹ ਦੀ ਖੁਸ਼ੀ ਵਿੱਚ ਸ਼ਾਮਲ ਸਨੇਹੀਆਂ ਦੇ ਮਨ ਦਾ ਰੌਂਅ ਦਰਸਾਉਂਦੀ ਨਜ਼ਰ ਆਈ।
ਖੁਸ਼ੀਆਂ ਦੀ ਇਸ ਸੰਗਤ ਵਿੱਚ ਦਾਦੀ ਮਾਂ ਦੇ ਬੋਲਾਂ ਦੀ ਦਸਤਕ ਸੁਣਾਈ ਦਿੱਤੀ, “ਧੀਏ! ਖੁਸ਼ੀ ਜ਼ਿੰਦਗੀ ਦੀ ਜਿੰਦ ਜਾਨ ਹੁੰਦੀ ਹੈ। ਖੁਸ਼ੀ ਜਿਊਣ ਦਾ ਬਲ ਬਣਦੀ ਹੈ। ਇਹ ਮਨ ਦੇ ਅੰਬਰ ਤੋਂ ਦੁੱਖਾਂ ਦੇ ਬੱਦਲ ਖਿੰਡਾਉਣ ਦਾ ਕੰਮ ਕਰਦੀ ਹੈ। ਖੁਸ਼ੀ ਮੌਕੇ ਆਪਣੇ ਬੇਗਾਨਿਆਂ ਦੀ ਪਛਾਣ ਹੁੰਦੀ ਹੈ। ਖੁਸ਼ੀ ਮਨਾਉਂਦਿਆਂ ਦਿਖਾਵਾ ਖੁਸ਼ੀ ਦੇ ਰੰਗਾਂ ਵਿੱਚ ਖਲਲ ਪਾਉਂਦਾ ਹੈ। ਆਪਣਿਆਂ ਨਾਲ ਮਿਲ ਬੈਠ ਕੇ ਮਨਾਈ ਜਾਂਦੀ ਖੁਸ਼ੀ ਉੱਤਮ ਹੁੰਦੀ ਹੈ। ਖ਼ੁਸ਼ੀ ਦੇ ਪਲਾਂ ਨੂੰ ਸਾਂਭਣਾ ਤੇ ਯਾਦਾਂ ਵਿੱਚ ਪਰੋ ਕੇ ਰੱਖਣਾ ਸੂਝਵਾਨ ਬੰਦਿਆਂ ਦੀ ਪਛਾਣ ਬਣਦਾ ਹੈ। ਸੁਹਜ ਸਲੀਕੇ ਅਤੇ ਨਿਮਰਤਾ ਨਾਲ ਮਾਣੀਆਂ ਖ਼ੁਸ਼ੀਆਂ ਹੀ ਦੇਖਣ, ਸੁਣਨ ਵਾਲਿਆਂ ਨੂੰ ਭਾਉਂਦੀਆਂ।”
ੳਾਪੋ-ਆਪਣੇ ਉਮਰ ਵਰਗ ਦੇ ਸਨੇਹੀਆਂ ਨਾਲ ਮਾਣੀ ਜਾ ਰਹੀ ਵਿਆਹ ਦੀ ਖੁਸ਼ੀ ਸੱਚਮੁੱਚ ਅਨੂਠੀ ਸੀ। ਗੱਲਾਂ ਵਿੱਚ ਮਸਤ, ਹਸਦੇ ਚਿਹਰਿਆਂ ਦਾ ਜਲੌਅ ਦੇਖਣ ਵਾਲਾ ਸੀ। ਮੇਰੀ ਨਜ਼ਰ ਸਾਹਵੇਂ ਬੈਠੀ ਦੁੱਧ ਚਿੱਟੇ ਵਾਲਾਂ ਵਾਲੀ ਔਰਤ ਵੱਲ ਗਈ। ਗਹੁ ਨਾਲ ਦੇਖਿਆ ਤਾਂ ਔਰਤਾਂ ਵਿੱਚ ਬੈਠੀ ਹਾਸੇ ਬਿਖੇਰਦੀ ਉਹ ਸ਼ਖ਼ਸੀਅਤ ਤਾਂ ਮੇਰੀ ਅਧਿਆਪਕਾ ਸੀ। ਦਸਵੀਂ ਜਮਾਤ ਵਿੱਚ ਮੈਂ ਆਪਣੀਆਂ ਸਖੀਆਂ ਨਾਲ ਉਨ੍ਹਾਂ ਤੋਂ ਸਾਇੰਸ ਦਾ ਵਿਸ਼ਾ ਪੜ੍ਹਿਆ। ਮੁਸਕਰਾਉਂਦੇ ਜਮਾਤ ਵਿੱਚ ਦਾਖ਼ਲ ਹੁੰਦੇ। ਪੜ੍ਹਾਉਣ ਦਾ ਅੰਦਾਜ਼ ਨਿਵੇਕਲਾ ਤੇ ਮਨ ਮੋਹਣ ਵਾਲਾ। ਇੰਨੀ ਸੌਖੀ ਤਰ੍ਹਾਂ ਸਮਝਾਉਂਦੇ ਕਿ ਗੱਲ ਤੁਰਤ ਫੁਰਤ ਪਕੜ ਵਿੱਚ ਆ ਜਾਂਦੀ। ਅਕਸਰ ਆਖਦੇ, “ਕੁੜੀਓ, ਮਿਹਨਤ ਤੇ ਲਗਨ ਨਾਲ ਪੜ੍ਹਨ ਵਾਲਿਆਂ ਲਈ ਔਖਾ ਕੁਛ ਨਹੀਂ ਹੁੰਦਾ। ਮਨ ਲਾ ਕੇ ਕੀਤੀ ਮਿਹਨਤ ਸਫਲਤਾ ਦਾ ਰਾਹ ਖੋਲ੍ਹਦੀ ਹੈ।”
ਉਨ੍ਹਾਂ ਨੂੰ ਦੇਖ ਖੁਸ਼ੀ ਮੇਰੇ ਮਨ ਮਸਤਕ ’ਤੇ ਮਹਿਕ ਬਣ ਬਿਖਰ ਗਈ। ਮੌਕਾ ਦੇਖ ਕੇ ਮੈਂ ਉਨ੍ਹਾਂ ਨੂੰ ਸਤਿਕਾਰ ਨਾਲ ਜਾ ਨਮਨ ਕੀਤਾ। ਪਹਿਲੀ ਨਜ਼ਰੇ ਹੀ ਮੈਨੂੰ ਪਛਾਣ ਕੇ ਮਾਂ ਵਾਂਗ ਕਲਾਵੇ ਵਿੱਚ ਲੈ ਲਿਆ, ਖੁਸ਼ੀ ਭਰੇ ਅੰਦਾਜ਼ ਵਿੱਚ ਬੋਲੇ, “ਅੱਜ ਮੇਰਾ ਇਸ ਵਿਆਹ ਵਿੱਚ ਆਉਣਾ ਸਾਰਥਕ ਹੋ ਗਿਆ। ਆਪਣੀਆਂ ਸਹੇਲੀਆਂ ਵਿੱਚ ਮਿਲ ਬੈਠ ਰੱਜ ਕੇ ਖੁਸ਼ੀ ਮਾਣੀ। ਨਾਲ ਹੀ ਆਪਣੀ ਵਿਦਿਆਰਥਣ ਧੀ ਨੂੰ ਮਿਲਣ ਦਾ ਸਬੱਬ ਵੀ ਬਣਿਆ। ਅਧਿਆਪਕਾਂ ਨੂੰ ਆਪਣੇ ਮਿਹਨਤੀ ਵਿਦਿਆਰਥੀਆਂ ’ਤੇ ਸਦਾ ਮਾਣ ਰਹਿੰਦਾ।”
ਇਹ ਆਖਦਿਆਂ ਉਹ ਮੈਨੂੰ ਆਪਣੇ ਘਰ ਆਉਣ ਦਾ ਬੁਲਾਵਾ ਦੇ ਕੇ ਆਪਣੇ ਘਰ ਪਰਤ ਗਏ। ਉਸ ਰਾਤ ਅਸੀਂ ਪਿੰਡ ਹੀ ਰੁਕਣਾ ਸੀ। ਰਾਤ ਭਰ ਮੇਰੀਆਂ ਯਾਦਾਂ ਵਿੱਚ ਮਾਂ ਜਿਹੀ ਉਸ ਅਧਿਆਪਕਾ ਦੀ ਲਗਨ, ਮਿਹਨਤ ਤੇ ਕਿੱਤੇ ਪ੍ਰਤੀ ਇਮਾਨਦਾਰੀ ਦੇ ਗੁਣ ਚਾਨਣ ਬਣ ਚਮਕਦੇ ਰਹੇ।
ਅਗਲੀ ਸਵੇਰ ਮੈਂ ਉਨ੍ਹਾਂ ਦੇ ਘਰ ਸਾਂ। ਖੇਤ ਕਿਨਾਰੇ ਬਣਿਆ ਖੁੱਲ੍ਹਾ ਘਰ। ਅੰਦਰ ਕਦਮ ਰੱਖਦਿਆਂ ਹੀ ਬਗੀਚੀ ਵਿੱਚ ਖਿੜੇ, ਹਸਦੇ ਫੁੱਲ ਸੁਆਗਤ ਕਰਦੇ ਪ੍ਰਤੀਤ ਹੋਏ। ਉਹ ਆਪਣੇ ਪੁੱਤਰ ਦੇ ਪਰਿਵਾਰ ਕੋਲ ਦਹਾਕਾ ਭਰ ਵਿਦੇਸ਼ ਰਹੇ। ਰਹਿੰਦੀ ਜ਼ਿੰਦਗੀ ਪਿੰਡ ਬਿਤਾਉਣ ਦਾ ਫੈਸਲਾ ਕਰ ਕੇ ਪਿੰਡ ਪਰਤੇ ਸਨ। ਕਹਿਣ ਲੱਗੇ, “ਵਿਦੇਸ਼ੀ ਧਰਤੀ ’ਤੇ ਜਾ ਕੇ ਹੀ ਆਪਣੀ ਜੰਮਣ ਭੋਇੰ ਅਤੇ ਆਪਣੇ ਭਾਈਚਾਰੇ ਦੀ ਕੀਮਤ ਦਾ ਪਤਾ ਲੱਗਦੈ। ਉੱਥੇ ਜ਼ਿੰਦਗੀ ਦੀ ਹਰ ਸੁਖ ਸਹੂਲਤ ਹੈ। ਉਹ ਦਿਨ ਭਰ ਕੰਮ ਕਰ ਕੇ ਮਿਲਦੀ ਹੈ। ਅਪਣੱਤ ਉੱਪਰ ਵੀ ਕੰਮ ਦੇ ਮਤਲਬ ਦਾ ਵਰਕ ਚੜ੍ਹਿਆ ਹੁੰਦਾ। ਵਰਕ ਉੱਤਰੇ ਤਾਂ ਮਨ ਨਿਰਾਸ਼ਾ ਦੀ ਪੌੜੀ ਉਤਰਦਾ ਹੈ; ਕਲਪਦਾ ਉਦਾਸ ਹੁੰਦਾ ਹੈ। ਉੱਥੇ ਕੰਮ ਨਾਲ ਹੀ ਜ਼ਿੰਦਗੀ ਹੈ। ਵਿਹਲਿਆਂ ਤੇ ਬਜ਼ੁਰਗਾਂ ਨੂੰ ਇਕੱਲਤਾ ਹੰਢਾਉਣੀ ਪੈਂਦੀ।”
“ਮੈਂ ਸਾਰੀ ਉਮਰ ਸਕੂਲ ਦਿਲ ਜਾਨ ਲਾ ਕੇ ਪੜ੍ਹਾਇਆ। ਵਿਦੇਸ਼ ਜਾ ਕੇ ਵੀ ਇੱਕ ਦਿਨ ਵਿਹਲਾ ਨ੍ਹੀਂ ਬਿਤਾਇਆ। ਬਾਗ਼, ਫਾਰਮ, ਦੁਕਾਨ... ਹਰ ਥਾਂ ਕੰਮ ਕੀਤਾ। ਆਪਣੀ ਪੀੜ੍ਹੀ ਤੇ ਪੁੱਤਰ ਧੀ ਦੀ ਪੀੜ੍ਹੀ ਦੇ ਨੌਜੁਆਨਾਂ ਨਾਲ ਵਿਚਰੀ। ਉਨ੍ਹਾਂ ਦੀਆਂ ਇੱਛਾਵਾਂ, ਕੰਮ ਹਾਲਤਾਂ ਤੇ ਪ੍ਰੇਸ਼ਾਨੀਆਂ ਜਾਣੀਆਂ। ਹੁਣ ਮੈਂ ਤਾਂ ਇਹੋ ਪ੍ਰੇਰਨਾ ਲੈ ਕੇ ਘਰ ਪਰਤੀ ਹਾਂ। ਆਪਣੇ ਮਾਪਿਆਂ, ਮਿੱਟੀ ਤੇ ਮੁਹੱਬਤੀ ਸਾਂਝਾਂ ਦਾ ਕੋਈ ਸਾਨੀ ਨਹੀਂ। ਸਾਡੇ ਮਾਮੇ, ਮਾਸੀ, ਭੈਣ, ਭਰਾ ਤੇ ਤਾਈ, ਚਾਚੀ ਜਿਹੇ ਰਿਸ਼ਤਿਆਂ ਦੇ ਮੋਹ ਜਿਹੀ ਮਹਿਕ ਦੁਨੀਆ ਦੇ ਕੋਨਿਆਂ ਵਿੱਚੋਂ ਕਿਤੇ ਨਹੀਂ ਮਿਲਦੀ। ਹੋਰਾਂ ਦੇ ਕੰਮ ਆਉਣ ਅਤੇ ਸਿਰ ਉਠਾ ਕੇ ਜਿਊਣ ਦੀ ਸਾਡੀ ਵਿਰਾਸਤ ਅਮੁੱਲੀ ਹੈ। ਮੇਰੀ ਨਜ਼ਰੇ ਇਸੇ ਵਿੱਚ ਹੀ ਸਾਡੇ ਸਮਾਜ ਦਾ ਭਵਿੱਖ ਸਮੋਇਆ ਹੈ।”
ਆਪਣੀ ਅਧਿਆਪਕਾ ਦੀ ਪ੍ਰੇਰਨਾ ਪੱਲੇ ਬੰਨ੍ਹ ਮੈਂ ਘਰ ਵਾਪਸੀ ਦਾ ਰਾਹ ਫੜਿਆ।
ਸੰਪਰਕ: salamzindgi88@gmail.com