ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਕਹਾਣੀ ਦਾ ਥੰਮ੍ਹ ਪ੍ਰੇਮ ਪ੍ਰਕਾਸ਼

04:18 AM Apr 11, 2025 IST
featuredImage featuredImage

ਭਗਵੰਤ ਰਸੂਲਪੁਰੀ

Advertisement

ਈ ਦਹਾਕਿਆਂ ਤੋਂ ਆਪਣੀ ਸਮਰੱਥਾ ਅਤੇ ਤਾਕਤ ਦੇ ਸਿਰ ’ਤੇ ਖੜ੍ਹਾ ਪੰਜਾਬੀ ਕਹਾਣੀ ਦਾ ਥੰਮ੍ਹ ਪ੍ਰੇਮ ਪ੍ਰਕਾਸ਼ ਡਿੱਗ ਪਿਆ ਏ। ਉਸ ਨੇ ਪੰਜਾਬੀ ਕਹਾਣੀ ਵਿੱਚ ਆਪਣੀ ਕਲਾ ਨਾਲ ਅਜਿਹੇ ਵਾਢੇ ਪਾਏ ਜੋ ਕਈ ਦਹਾਕਿਆਂ ਤੱਕ ਪਾਠਕਾਂ ਨੂੰ ਦਿਸਦੇ ਰਹਿਣਗੇ। ਘਰੋਂ ਬਾਗੀ ਹੋ, ਜਲੰਧਰ ਆ, ਸਕੂਲ ਮਾਸਟਰੀ ਕਰਦਾ, ਅਣਮੰਨੇ ਮਨ ਨਾਲ ਉਰਦੂ ਅਖ਼ਬਾਰ-ਨਵੀਸੀ ਕਰਦਾ ਇਹ ਸ਼ਖ਼ਸ ਆਪਣੇ ਵਰਗੀ ਨਵੀਂ ਕਿਸਮ ਦੀ ਕਹਾਣੀ ਲਿਖਣ ਲੱਗ ਪੈਂਦਾ ਏ। ਉਹ ਇਕੱਲਾ ਤੁਰ ਪਿਆ ਆਪਣੀ ਨਿੱਜੀ ਜ਼ਿੰਦਗੀ ’ਚ ਵੀ ਤੇ ਆਪਣੀਆਂ ਕਹਾਣੀਆਂ ’ਚ ਵੀ। ਉਹ ਮਹਾਜਨੀ ਕਲਚਰ ’ਚੋਂ ‘ਮਿੱਥ’ ਵਿਗਿਆਨ ਲੈ ਕੇ ਬੰਦੇ ਅੰਦਰਲੀਆਂ ‘ਗੰਢਾਂ’ ਖੋਲ੍ਹਣ ਲੱਗ ਪਿਆ। ਡਾ. ਹਰਿਭਜਨ ਸਿੰਘ ਨੇ ਉਹਦੀ ਕਹਾਣੀ ਦੇ ਅਨੇਕ ਰਹੱਸ ਜਦੋਂ ਪੰਜਾਬੀ ਦੇ ਸਾਧਾਰਨ ਕਹਾਣੀਆਂ ਪੜ੍ਹਨ ਵਾਲੇ ਪਾਠਕਾਂ ਅੱਗੇ ਰੱਖੇ ਤੇ ਪੰਜਾਬੀ ਜਗਤ ਉਸ ਦੀਆਂ ‘ਇਬਾਰਤਾਂ’ ਨੂੰ ਗਹੁ ਨਾਲ ਪੜ੍ਹਨ ਲੱਗ ਪਿਆ। ਫਿਰ ਸੁਰਜੀਤ ਹਾਂਸ ਨੇ ਉਚੇਚ ਕਰ ਕੇ ਉਸ ਲਈ, ਪੰਜਾਬ ਦੀਆਂ ਯੂਨੀਵਰਸਿਟੀਆਂ ਦੇ ਬੂਹੇ ਖੁੱਲ੍ਹਵਾਏ। ਅਕਾਦਮਿਕ ਹਲਕੇ ਉਸ ਦੀਆਂ ਚਿਹਨਕਾਰੀ ਸਿਰਜਦੀਆਂ ‘ਇਬਾਰਤਾਂ’ ਪੜ੍ਹਨ ਪਿੱਛੋਂ ਗੱਲਾਂ ਕਰਨ ਲੱਗ ਪਏ। ਇਸ ਦੌਰਾਨ ਹੀ ਡਾ. ਜੋਗਿੰਦਰ ਸਿੰਘ ਰਾਹੀ ਨੇ ਉਸ ਦੀਆਂ 19 ਕਹਾਣੀਆਂ ’ਚੋਂ ‘ਕਪਾਲ’ ਦੀ ਚਿਹਨਕਾਰੀ ਪੰਜਾਬੀ ਬੰਦੇ ਦੀਆਂ ਸਦੀਵੀ ਸਚਾਈਆਂ ਦਾ ਵਿਸ਼ਲੇਸ਼ਣ ਕਰਦਿਆਂ ਢਾਈ ਸੌ ਪੰਨੇ ਲਿਖ ਮਾਰੇ। ਡਾ. ਰਾਹੀ ਨੇ ਉਸ ਦੀਆਂ ‘ਇਬਾਰਤਾਂ’ ਬਾਰੇ ਐਨੀਆਂ ਗੱਲਾਂ ਕੀਤੀਆਂ ਜੋ ‘ਬਹਿਸ ਤਲਬ’ ਬਣ ਗਈਆਂ। ਇਸ ਮਹਾਨ ਸ਼ਿਲਪਕਾਰ ਵੱਲੋਂ ਕਥਾ ਸ਼ਿਲਪ ਦੇ ਸੂਤਰ ਪੈਦਾ ਕਰਨੇ ਆਪਣੇ ਆਪ ’ਚ ਅਛੂਤਾ ਕਾਰਜ ਸਿੱਧ ਹੋ ਗਿਆ।
ਕਹਾਣੀ ਦੇ ਇਸ ਥੰਮ੍ਹ ਨੂੰ ਕਹਾਣੀ ਦੀ ਬੜੀ ਸਮਝ ਵੀ ਰਹੀ। ਉਹਨੇ ‘ਲਕੀਰ’ ਰਾਹੀਂ ਨਵੀਂ ਕਿਸਮ ਦੀ ਕਹਾਣੀ ਪੈਦਾ ਕਰਨ ’ਚ ਇਕ ਪੁਲਾਂਘ ਹੋਰ ਪੁੱਟੀ। ਬਹੁਤ ਸਾਰੇ ਨਵੇਂ ਕਹਾਣੀਕਾਰਾਂ ਨੂੰ ‘ਹਵਾ’ ਦਿੱਤੀ ਤੇ ਖੁੱਲ੍ਹੇ ਆਸਮਾਨ ’ਚ ਫੈਲਣ ਦਿੱਤਾ। ਇਸ ‘ਹਵਾ’ ਨੇ ਕਹਾਣੀਕਾਰਾਂ ਦਾ ਵੱਡਾ ਪੂਰ ਪੈਦਾ ਕਰ ਕੇ ਕਹਾਣੀ ਦੀ ਤੀਜੀ ਪੀੜ੍ਹੀ ਵਿੱਚ ਹਲਚਲ ਪੈਦਾ ਕਰ ਦਿੱਤੀ ਜਿਸ ਨਾਲ ਚੌਥੀ ਪੀੜ੍ਹੀ ਜਾਂ ਚੌਥੀ ਕੂਟ ਵੱਲ ਜਾਂਦੇ ਕਹਾਣੀਕਾਰਾਂ ਦੀ ਗੱਲ ਤੁਰਨ ਲੱਗ ਪਈ। ਉਸ ਨੇ ਨਵੇਂ ਕਹਾਣੀਕਾਰਾਂ ਦਾ ਸੰਗ੍ਰਹਿ ‘ਚੌਥੀ ਕੂਟ’ ਤਿਆਰ ਕਰ ਕੇ ਪੰਜਾਬੀ ਦੇ ਸਾਹਿਤਕ ਮਾਹੌਲ ਵਿੱਚ ਹਲਚਲ ਪੈਦਾ ਕਰ ਦਿੱਤੀ। ਜਲੰਧਰ ਵਿੱਚ ਇਸ ਕਿਤਾਬ ’ਤੇ ਗੱਲਾਂ ਕਰਨ ਲਈ ਵੱਡੇ ਖੱਬੀਖਾਨ ਪੁੱਜੇ। ਬੜੀਆਂ ਗੱਲਾਂ ਹੋਈਆਂ ਜਿਹੜੀਆਂ ਪਹਿਲਾਂ ਕਦੇ ਨਹੀਂ ਸੀ ਹੋਈਆਂ। ਇਸ ਕਿਤਾਬ ਵਿੱਚ ਉਨ੍ਹਾਂ ਉਹ ਕਹਾਣੀਕਾਰ ਲਏ ਜੋ ਅਲੰਕਾਰ ਰੋਗ ਤੋਂ ਮੁਕਤ ਹੋ ਰਹੇ ਸਨ, ਜੋ ਕਹਾਣੀ ਦੀ ਵਾਕ ਬਣਤਰ, ਵਿਸ਼ੇਸ਼ਣ, ਮੁਹਾਵਰੇ, ਇਲਾਕੇ ਦੀ ਬੋਲੀ ਦੀ ਹੋੜ ’ਚ ਰੁੜ੍ਹ ਕੇ ਸਮਾਜ ਦੀਆਂ ਕੁਰੀਤਾਂ, ਲੁੱਟ-ਖਸੁੱਟ, ਥੁੜ੍ਹਾਂ ਤੇ ਰੁਦਨ ਤੋਂ ਅੱਗੇ ਦੇ ਵਿਸ਼ੇ ਲੈ ਰਹੇ ਸਨ। ਫਿਰ ਉਹਨੇ ‘ਜੁਗਲਬੰਦੀਆਂ’, ‘ਗੰਢਾਂ’ ਰਾਹੀਂ ਹੋਰ ਕਹਾਣੀਕਾਰਾਂ ਦੀਆਂ ਵੱਡੀਆਂ ਕਹਾਣੀਆਂ ਵੀ ਉਭਾਰੀਆਂ। ਉਸ ਦੇ ਨਵੀਂ ਕਹਾਣੀ ਬਾਰੇ ਦੋ ਮਹੱਤਵਪੂਰਨ ਲੇਖ ‘ਸੱਪ ਦੀ ਲੀਹ’ ਕੁੱਟਣ ਵਾਲੇ ਨਹੀਂ। ਇਨ੍ਹਾਂ ਲੇਖਾਂ ਵਿੱਚ ਉਸ ਨੇ ਚੰਗੀ ਕਹਾਣੀ ਦੇ ਕੁਝ ਨੁਕਤੇ ਪੇਸ਼ ਕੀਤੇ ਤੇ ਫਿਰ ਇਨ੍ਹਾਂ ਨੁਕਤਿਆਂ ਦੀ ਪੈੜ ’ਤੇ ਕੁਝ ਕਹਾਣੀਕਾਰਾਂ ਦੀਆਂ ਉਨ੍ਹਾਂ ਕਹਾਣੀਆਂ ਦੀ ਨਿਸ਼ਾਨਦੇਹੀ ਹੀ ਨਹੀਂ ਕੀਤੀ ਬਲਕਿ ਇਨ੍ਹਾਂ ’ਤੇ ਸਵਾਲ ਵੀ ਕੀਤੇ।
ਪ੍ਰੇਮ ਪ੍ਰਕਾਸ਼ ਨੇ ਆਪਣੇ ਇਕ ਲੇਖ ਵਿੱਚ ਲਿਖਿਆ, “ਏਸ ਗੱਲ ਦਾ ਅਫਸੋਸ ਵੀ ਏ ਕਿ ਏਸ ਪੀੜ੍ਹੀ ਦੇ ਕਈ ਕਹਾਣੀਕਾਰ ਮੇਰੀ ਰੀਸੇ ਇਸਤਰੀ ਤੇ ਪੁਰਸ਼ ਦੇ ਰਿਸ਼ਤਿਆਂ ਦੀਆਂ ਪੇਤਲੀਆਂ ਕਹਾਣੀਆਂ ਲਿਖਦੇ ਨੇ। ਉਹ ਏਸ ਰਿਸ਼ਤੇ ਬਾਰੇ ਭਾਰਤੀ ਦਰਸ਼ਨ ਨੂੰ ਗਹਿਰਾਈ ਨਾਲ ਨਹੀਂ ਸਮਝਦੇ, ਜੀਹਦੇ ਨਾਲ ਵਿਰੋਧੀਆਂ ਨੂੰ ਇਹ ਕਹਿਣਾ ਸੌਖਾ ਹੋ ਗਿਆ ਕਿ ‘ਇਹ ਠਰਕੀ ਕਹਾਣੀਆਂ’ ਲਿਖਦੇ ਨੇ... ਕੁਝ ਹੋਰਨਾਂ ਦੀਆਂ ਕਥਾ ਜੁਗਤਾਂ ਦੀ ਨਕਲ ਵੀ ਕਰਦੇ ਨੇ।”
ਅਗਾਂਹ ਉਹ ਇਹ ਵੀ ਮੰਨਦਾ ਏ ਕਿ ਜਦੋਂ ਨਵੇਂ ਕਹਾਣੀਕਾਰਾਂ ਦਾ ਵਿਸ਼ਾ ਤੇ ਚਿੰਤਨ ਬਦਲਦਾ ਏ ਤਾਂ ਉਨ੍ਹਾਂ ਦੀਆਂ ਕਹਾਣੀਆਂ ਦਾ ਰੂਪ ਵੀ ਬਦਲਣ ਲੱਗ ਪੈਂਦਾ ਏ। ਫਿਰ ਉਹ ਨਵੀਆਂ ਕਥਾ ਜੁਗਤਾਂ ਵੀ ਵਰਤਣੀਆਂ ਸ਼ੁਰੂ ਕਰ ਦਿੰਦਾ ਏ। ਉਹ ਇਹ ਵੀ ਮੰਨਦਾ ਏ ਜਦੋਂ ਕਹਾਣੀਕਾਰ ਭਾਰਤੀ ਮਿੱਥ ਦੀ ਬੇਲੋੜੀ ਵਰਤੋਂ ਕਰਨ ਲੱਗ ਪੈਂਦਾ ਏ ਤਾਂ ਇਹ ਇੰਨੀ ਮਿੱਧੀ ਜਾਂਦੀ ਏ ਕਿ ਬੁਰਾਈ ਲੱਗਣ ਲੱਗ ਪੈਂਦੀ ਏ। ਫਿਰ ਜਦੋਂ ਉਹ ਆਪਣੇ ਆਪ ਨੂੰ ਨਵੇਂ ਪ੍ਰਤਿਭਾਸ਼ਾਲੀ ਕਹਾਣੀਕਾਰਾਂ ਦਾ ਸਮਕਾਲੀ ਕਹਿੰਦਾ ਹੋਇਆ ਚੜ੍ਹਦੇ ਸੂਰਜਾਂ ਨੂੰ ਸਲਾਮ ਕਰਦਾ ਏ ਤਾਂ ਆਪਣਾ ਕੱਦ ਹੋਰ ਵੱਡਾ ਕਰ ਲੈਂਦਾ ਏ। ਨਵੇਂ ਕਹਾਣੀਕਾਰਾਂ ਦੀ ਹਾਜ਼ਰੀ ਵਿੱਚ ਆਨੰਦਪੁਰ ਸਾਹਿਬ ਵਿੱਚ ਉਹਨੇ ਆਪਣਾ ਪੇਪਰ ‘ਪੰਜਾਬੀ ਨਵੀਂ ਕਹਾਣੀ ਤੇ ਨਵੇਂ ਨਕਸ਼’ ਆਪਣੇ ਅੰਦਾਜ਼ ਤੇ ਸ਼ੈਲੀ ’ਚ ਪੜ੍ਹਿਆ ਜੋ ਕਈ ਪਹਿਲੂਆਂ ਤੋਂ ਬੜਾ ਮਹੱਤਵਪੂਰਨ ਸੀ। ਕਹਾਣੀ ਬਾਰੇ ਉਸ ਨੇ ਆਪਣੀਆਂ ਸਿਰਜੀਆਂ ਧਾਰਨਾਵਾਂ ਉੱਤੇ ਮੋਹਰ ਲਗਾਈ।
ਜਦੋਂ ਕਈ ਸਾਲ ਪਛੜ ਕੇ ਪ੍ਰੇਮ ਪ੍ਰਕਾਸ਼ ਦੀ ਕਹਾਣੀ ‘ਮੁਕਤੀ’ ਦਾ ਜ਼ਿਕਰ ਹੋਣ ਲੱਗਦਾ ਏ ਤਾਂ ਉਦੋਂ ਤਿੰਨ ਪੀੜ੍ਹੀਆਂ ਹੋਂਦ ਸਥਾਪਤ ਕਰ ਲੈਂਦੀਆਂ ਨੇ। ਫਿਰ ਕਹਾਣੀ ਦਾ ਇਹ ਥੰਮ੍ਹ ‘ਮੁਕਤੀ’, ‘ਡੈੱਡ ਲਾਈਨ’, ‘ਕਪਾਲ ਕਿਰਿਆ’, ‘ਸ਼ਵੇਤਾਂਬਰ ਨੇ ਕਿਹਾ ਸੀ’, ‘ਰੰਗਮੰਚ ਤੇ ਭਿਕਸ਼ੂ’, ‘ਅਨੁਸ਼ਠਾਨ’, ‘ਗੰਗੋਤਰੀ ਪੁਰਾਣ’, ‘ਸੁਣਦੈਂ ਖ਼ਲੀਫ਼ਾ’ ਵਰਗੀਆਂ ਕਹਾਣੀਆਂ ਦੇ ਰੂਪ ਵਿੱਚ ਆਪਣੇ ਆਲੇ-ਦੁਆਲੇ ਥੰਮ੍ਹੀਆਂ ਉਸਾਰ ਲੈਂਦਾ ਏ ਜਿਹਦੇ ਵਿੱਚ ਮਹਾਜਨੀ ਕਲਚਰ ਅਤੇ ਹਿੰਦੂ ਮਿੱਥ ਨੂੰ ਭਰਪੂਰਤਾ ਨਾਲ ਵਰਤਦਾ ਏ।
ਪ੍ਰੇਮ ਪ੍ਰਕਾਸ਼ ਕਹਾਣੀ ਪ੍ਰਤੀ ਬੜਾ ਫ਼ਿਕਰਮੰਦ ਰਿਹਾ ਏ। ਇਸ ਫ਼ਿਕਰਮੰਦੀ ’ਚੋਂ ਉਹ ‘ਲਕੀਰ’ ’ਚ ਨਵੇਂ ਕਹਾਣੀਕਾਰਾਂ ਦੀਆਂ ਕਹਾਣੀਆਂ ਛਾਪਦਾ ਏ ਤੇ ਫਿਰ ਉਨ੍ਹਾਂ ਬਾਰੇ ਆਪ ਹੀ ਗੱਲਾਂ ਕਰਦਾ ਏ ਜਿਸ ਨਾਲ ਡਰ ਕੇ ਬੈਠੇ ਕਹਾਣੀਕਾਰਾਂ ਦੀ ਸੰਗ ਲੱਥਣ ਲੱਗ ਪੈਂਦੀ ਏ। ਉਹ ਬਿਨਾਂ ਕਿਸੇ ਪਾਠਕੀ ਤੇ ਆਲੋਚਕੀ ਦਬਾਅ ਦੇ ਕਹਾਣੀਆਂ ਲਿਖਣ ਲੱਗ ਪੈਂਦੇ ਨੇ, ਜਿਹੜੀਆਂ ਕਹਾਣੀਆਂ ਦੀਆਂ ਗੱਲਾਂ ਹੁਣ ਤੱਕ ਹੁੰਦੀਆਂ ਨੇ। ਸਮੇਂ-ਸਮੇਂ ਅਜਿਹੇ ਸੰਪਾਦਕ ਜੰਮਦੇ ਰਹਿੰਦੇ ਜੋ ਉਨ੍ਹਾਂ ਕਥਾਕਾਰਾਂ ਦੀਆਂ ਉਂਗਲੀ ਫੜ ਕੇ ਨਾਲ ਤੋਰ ਕੇ ਉਨ੍ਹਾਂ ਨੂੰ ਲੰਮੀ ਦੌੜ ਦੇ ਘੋੜੇ ਬਣਾ ਲੈਂਦੇ ਨੇ। ਇਸ ਤੇਜ਼ ਦੌੜ ’ਚ ਕਈ ‘ਮੈਡਲ’ ਵੀ ਜਿੱਤ ਲੈਂਦੇ ਨੇ, ਕਈ ਪੱਛੜ ਵੀ ਜਾਂਦੇ ਨੇ, ਕਈ ਮਿੱਧੇ ਵੀ ਜਾਂਦੇ ਨੇ।
30 ਮਾਰਚ ਨੂੰ ਇਹ ਥੰਮ੍ਹ ਡਿੱਗ ਗਿਆ। ਉਹਦੀਆਂ ਲਿਖੀਆਂ ‘ਇਬਾਰਤਾਂ’ ਨੂੰ ਅਸੀਂ ਦੇਰ ਤੱਕ ਪੜ੍ਹਦੇ ਰਹਿਣਾ ਏ, ਸਮਝਦੇ ਰਹਿਣਾ ਏ। ਉਸ ਦੇ ਸ਼ਿਲਾਲੇਖਾਂ ਦਾ ਆਪਣਾ ਇਤਿਹਾਸ ਬਣ ਗਿਆ ਏ। ਆਪਣੀ ਪਛਾਣ ਏ। ਬਸ ਇਸ ਥੰਮ੍ਹ ਨੂੰ ਜਾਨਣ ਲਈ ਤੁਹਾਨੂੰ ਇਹਦੇ ਕੋਲ ਆਉਂਦੇ ਰਹਿਣਾ ਪਵੇਗਾ।
ਉਨ੍ਹਾਂ ਨਮਿਤ ਸ਼ਰਧਾਂਜਲੀ ਸਮਾਗਮ ਜਲੰਧਰ ਦੇ ਮਾਡਲ ਟਾਊਨ ਵਿੱਚ ਗੀਤਾ ਮੰਦਰ ਵਿਖੇ 11 ਅਪਰੈਲ ਨੂੰ ਬਾਅਦ ਦੁਪਹਿਰ ਕਰਵਾਇਆ ਜਾ ਰਿਹਾ ਹੈ।
ਸੰਪਰਕ: 94170-64350

Advertisement
Advertisement