ਠੱਗੀ ਮਾਰਨ ਵਾਲੇ ਇਮੀਗ੍ਰੇਸ਼ਨ ਸੈਂਟਰ ਖ਼ਿਲਾਫ਼ ਖੋਲ੍ਹਿਆ ਮੋਰਚਾ
ਰਾਜਿੰਦਰ ਕੁਮਾਰ
ਬੱਲੂਆਣਾ (ਅਬੋਹਰ), 8 ਜੂਨ
ਅਬੋਹਰ ਇਲਾਕੇ ਦੀਆਂ ਵੱਖ ਵੱਖ ਜਥੇਬੰਦੀਆਂ ਦੀ ਮੀਟਿੰਗ ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਡਾ. ਸੁਖਚੈਨ ਸਿੰਘ ਦੀ ਅਗਵਾਈ ਹੇਠ ਅੱਜ ਅਬੋਹਰ ਵਿੱਚ ਕੀਤੀ ਗਈ। ਇਸ ਦੌਰਾਨ ਵੀਜ਼ਾ ਦਿਵਾਉਣ ਦੇ ਨਾਂ ਹੇਠ ਇੱਕ ਗ਼ਰੀਬ ਕਿਸਾਨ ਨਾਲ ਸਾਢੇ ਸੱਤ ਲੱਖ ਤੋਂ ਵੱਧ ਦੀ ਠੱਗੀ ਮਾਰਨ ਦੇ ਮਾਮਲੇ ਵਿੱਚ 18 ਜੁਲਾਈ ਨੂੰ ਫਾਸਟਵੇਅ ਇਮੀਗਰੇਸ਼ਨ ਸੈਂਟਰ ਦਾ ਘਿਰਾਓ ਕਰਨ ਦਾ ਐਲਾਨ ਕੀਤਾ ਗਿਆ। ਇਸ ਮੌਕੇ ਡੈਮੋਕਰੈਟਿਕ ਟੀਚਰਜ਼ ਫਰੰਟ ਪੰਜਾਬ ਦੇ ਜ਼ਿਲ੍ਹਾ ਪ੍ਰਧਾਨ ਮਹਿੰਦਰ ਕੌੜਿਆਂਵਾਲੀ ਅਤੇ ਪੰਜਾਬ ਸਟੂਡੈਂਟਸ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਧੀਰਜ ਕੁਮਾਰ ਨੇ ਇਸ ਐਲਾਨ ਦਾ ਸਮਰਥਨ ਕੀਤਾ। ਆਗੂਆਂ ਨੇ ਦੱਸਿਆ ਕਿ ਫਾਜ਼ਿਲਕਾ ਦੇ ਸਾਧਾਰਨ ਕਿਸਾਨ ਹਰਵਿੰਦਰ ਸਿੰਘ ਨੇ ਆਪਣੇ ਪੁੱਤਰ ਗੁਰਪ੍ਰੀਤ ਸਿੰਘ ਦਾ ਸਟੱਡੀ ਵੀਜ਼ਾ ਲਗਵਾਉਣ ਲਈ ਸੱਤ ਲੱਖ ਸੱਠ ਹਜ਼ਾਰ ਰੁਪਏ ਸਾਲ 2019 ਵਿੱਚ ਦਿੱਤੇ। ਨਾ ਤਾਂ ਉਸ ਦਾ ਵੀਜ਼ਾ ਲੱਗਿਆ ਤੇ ਨਾ ਹੀ ਰਕਮ ਵਾਪਸ ਕੀਤੀ ਗਈ। ਪਿਛਲੇ ਚਾਰ ਸਾਲਾਂ ਤੋਂ ਖੱਜਲ-ਖੁਆਰ ਹੋ ਰਹੇ ਹਨ। ਉਨ੍ਹਾਂ ਮੰਗ ਕੀਤੀ ਕਿ ਫਾਸਟਵੇਅ ਇਮੀਗ੍ਰੇਸ਼ਨ ਸੈਂਟਰ ਬੰਦ ਕਰਵਾਇਆ ਜਾਵੇ, ਸੰਸਥਾ ਦੇ ਮਾਲਕ ’ਤੇ ਧੋਖਾਧੜੀ ਦਾ ਪਰਚਾ ਦਰਜ ਹੋਵੇ ਅਤੇ ਕਿਸਾਨ ਦੇ ਪੈਸੇ ਵਿਆਜ ਸਮੇਤ ਵਾਪਸ ਕਰਵਾਏ ਜਾਣ। ਜ਼ਿਕਰਯੋਗ ਹੈ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਬੀਤੇ ਦਿਨੀਂ ਅਚਨਚੇਤ ਚੈਕਿੰਗ ਦੌਰਾਨ ਫਾਸਟਵੇਅ ਇਮੀਗ੍ਰੇਸ਼ਨ ਸੈਂਟਰ ਸਮੇਤ ਛੇ ਆਈਲੈਟਸ ਸੈਂਟਰ ਬਿਨਾਂ ਲਾਇਸੈਂਸ ਚਲਾਉਣ ਦੇ ਦੋਸ਼ ਵਿੱਚ ਬੰਦ ਕਰਵਾਏ ਗਏ ਹਨ।