ਪੰਚਾਇਤ ਵਿਭਾਗ ਵੱਲੋਂ ਢੋਲੇਵਾਲਾ ’ਚ ਕੰਧ ਢਾਹੁਣ ਦਾ ਮਾਮਲਾ ਭਖ਼ਿਆ
ਹਰਦੀਪ ਸਿੰਘ
ਧਰਮਕੋਟ, 21 ਮਈ
ਪਿੰਡ ਢੋਲੇਵਾਲਾ ਵਿੱਚ ਕੰਧ ਢਾਹੁਣ ਦਾ ਮਾਮਲਾ ਭਖ਼ ਗਿਆ ਹੈ। ਪੰਚਾਇਤ ਵਿਭਾਗ ਇਸ ਕਾਰਵਾਈ ਨੂੰ ਦਰੁਸਤ ਦੱਸ ਰਿਹਾ ਹੈ ਜਦਕਿ ਪੀੜਤ ਧਿਰ ਨੇ ਸਿਆਸੀ ਬਦਲਾਖੋਰੀ ਤਹਿਤ ਕੰਧ ਢਾਹੁਣ ਦੇ ਦੋਸ਼ ਲਾਏ ਹਨ। ਜਾਣਕਾਰੀ ਅਨੁਸਾਰ ਪੰਚਾਇਤ ਵਿਭਾਗ ਵੱਲੋਂ ਅੱਜ ਪਿੰਡ ਦੇ ਕਿਸਾਨ ਜਗਮੀਤ ਸਿੰਘ ਦੀ ਗਲੀ ਨਾਲ ਲੱਗਦੀ ਘਰ ਦੀ ਕੰਧ ਢਾਹ ਦਿੱਤੀ ਸੀ। ਪੰਚਾਇਤ ਵਿਭਾਗ ਨੇ ਦੋਸ਼ ਲਾਇਆ ਸੀ ਕਿ ਕਿਸਾਨ ਨੇ ਆਪਣੀ ਕੰਧ ਤਿੰਨ ਫੁੱਟ ਦੇ ਕਰੀਬ ਗਲੀ ਵੱਲ ਵਧਾ ਕੇ ਕੀਤੀ ਹੈ ਜਿਸ ਕਾਰਨ ਆਵਾਜਾਈ ਵਿੱਚ ਵਿਘਨ ਪੈ ਰਿਹਾ ਹੈ। ਬਲਾਕ ਪੰਚਾਇਤ ਅਧਿਕਾਰੀ ਕੋਟ ਈਸੇ ਖਾਂ ਕ੍ਰਿਸ਼ਨ ਸਿੰਘ ਨੇ ਦੱਸਿਆ ਕਿ ਬਲਜਿੰਦਰ ਸਿੰਘ ਨੇ ਉਨ੍ਹਾਂ ਨੂੰ ਸ਼ਿਕਾਇਤ ਦਿੱਤੀ ਸੀ ਕਿ ਗਲੀ ਵਿੱਚ ਕੰਧ ਦੀ ਉਸਾਰੀ ਕਾਰਨ ਆਵਾਜਾਈ ਅੜਿੱਕਾ ਪੈ ਰਿਹਾ ਹੈ। ਇਸ ਸਬੰਧੀ ਛੇ ਮਹੀਨੇ ਤੋਂ ਪੜਤਾਲ ਚੱਲ ਰਹੀ ਸੀ। ਵਿਭਾਗ ਨੇ ਅੱਜ ਪੁਲੀਸ ਦੀ ਸਹਾਇਤਾ ਨਾਲ ਕੰਧ ਢਾਹ ਦਿੱਤੀ। ਕੰਧ ਨੂੰ ਹਟਾਉਣ ਲਈ ਵਿਭਾਗ ਨੇ ਜੇਸੀਬੀ ਅਤੇ ਆਪਣਾ ਅਮਲਾ ਫੈਲਾ ਭੇਜ ਰੱਖਿਆ ਸੀ। ਪੀੜਤ ਕਿਸਾਨ ਦੇ ਭਰਾ ਗੁਰਮੀਤ ਸਿੰਘ ਦਾ ਦੋਸ਼ ਸੀ ਕਿ ਇਹ ਸਭ ਕੁਝ ਸਿਆਸੀ ਰੰਜ਼ਿਸ਼ ਤਹਿਤ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਕੰਧ ਸਹੀ ਜਗ੍ਹਾ ’ਤੇ ਬਣੀ ਹੋਈ ਸੀ। ਸਰਪੰਚ ਇਕਬਾਲ ਸਿੰਘ ਨੇ ਸਾਰੇ ਦੋਸ਼ਾਂ ਦਾ ਖੰਡਣ ਕੀਤਾ ਹੈ। ਜ਼ਿਲ੍ਹਾ ਯੂਥ ਕਾਂਗਰਸ ਦੇ ਪ੍ਰਧਾਨ ਸੋਹਨ ਸਿੰਘ ਖੇਲਾ ਨੇ ਕਿਹਾ ਕਿ ਵਿਧਾਇਕ ਦੇ ਇਸ਼ਾਰੇ ’ਤੇ ਢੋਲੇਵਾਲਾ ਦੇ ਕਾਂਗਰਸ ਪੱਖੀ ਪਰਿਵਾਰ ਨਾਲ ਇਹ ਧੱਕਾ ਕੀਤਾ ਗਿਆ ਹੈ।