ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਚਾਂਦਨੀ ਚੌਕ ਤੋਂ ਸਰਹਿੰਦ ਤਕ

11:02 AM Jul 25, 2020 IST

ਡਾ. ਸਾਹਿਬ ਸਿੰਘ

Advertisement

ਇਸ ਵਰ੍ਹੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਚਾਰ ਸੌ ਸਾਲਾ ਸ਼ਤਾਬਦੀ ਮਨਾਈ ਜਾ ਰਹੀ ਹੈ। ਇਤਿਹਾਸ ਨੂੰ ਮੁੜ ਯਾਦ ਕਰਨਾ, ਉਸ ਤੋਂ ਸਬਕ ਸਿੱਖਣਾ, ਦਿਸ਼ਾ ਨਿਰਦੇਸ਼ ਲੈਣਾ ਤੇ ਫਿਰ ਉਸ ਨੂੰ ਆਪਣੀ ਅਮਲੀ ਜ਼ਿੰਦਗੀ ਵਿਚ ਢਾਲਣਾ ਸਾਡਾ ਫਰਜ਼ ਹੈ। ਪੰਜਾਬੀ ਨਾਟਕ ਅਤੇ ਰੰਗਮੰਚ ਕੋਲ ਵੀ ਅਜਿਹੀਆਂ ਕਿਰਤਾਂ ਦਾ ਲੋੜੀਂਦਾ ਭੰਡਾਰ ਹੈ, ਜਨਿ੍ਹਾਂ ਨੂੰ ਪੜ੍ਹ ਕੇ, ਉਨ੍ਹਾਂ ਦੀਆਂ ਪੇਸ਼ਕਾਰੀਆਂ ਨੂੰ ਯਾਦ ਕਰਕੇ ਅਸੀਂ ਗੁਰੂ ਜੀ ਦੀ ਅਦੁੱਤੀ ਸ਼ਹੀਦੀ ਪਿੱਛੇ ਛੁਪੇ ਰਾਜ਼ ਸਮਝ ਸਕਦੇ ਹਾਂ ਤੇ ਹਕੂਮਤ ਦੀ ਫ਼ਿਰਕੂ ਸੋਚ ਬਾਰੇ ਸਮਝ ਵਿਕਸਤ ਕਰ ਸਕਦੇ ਹਾਂ। ਖ਼ਾਸ ਕਰਕੇ ਅੱਜ ਇਨ੍ਹਾਂ ਕਿਰਤਾਂ ਨੂੰ ਦਿਲ ਦਿਮਾਗ਼ ਖੋਲ੍ਹ ਕੇ ਪੜ੍ਹਨ, ਵੇਖਣ, ਸਮਝਣ ਦੀ ਲੋੜ ਹੈ ਕਿਉਂਕਿ ਉਦੋਂ ਔਰੰਗਜ਼ੇਬ ਜਨੇਊ ਲਾਹੁਣ ’ਤੇ ਆਮਾਦਾ ਸੀ, ਅੱਜ ਦਾ ਔਰੰਗਜ਼ੇਬ ਹਰ ਭਾਰਤ ਵਾਸੀ ਨੂੰ ਜਨੇਊ ਪਹਨਿਾਉਣ ਲਈ ਬਜ਼ਿੱਦ ਹੈ। ਇਸ ਤਰ੍ਹਾਂ ਇਹ ਕਿਰਤ ‘ਚਾਂਦਨੀ ਚੌਕ ਤੋਂ ਸਰਹਿੰਦ ਤਕ’ ਦਾ ਸਫ਼ਰ ਤੈਅ ਕਰਦੀ ਹੋਈ ਮੁੜ ਦਿੱਲੀ ਆ ਪਹੁੰਚੀ ਹੈ। ਭਾਅ ਗੁਰਸ਼ਰਨ ਸਿੰਘ ਦਾ ਇਹ ਨਾਟਕ ਇਤਿਹਾਸਕ ਮਹੱਤਤਾ ਵਾਲਾ ਹੈ। ਇਸ ਵਿਚ ਸਿੱਖ ਇਤਿਹਾਸ ਦੀਆਂ ਤਿੰਨ ਸ਼ਾਨਾਂਮੱਤੀਆਂ ਝਾਕੀਆਂ ਲਈਆਂ ਗਈਆਂ ਹਨ। ਪਹਿਲੀ ਝਾਕੀ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਬਿਆਨ ਕਰਦੀ ਹੋਈ ਬਾਦਸ਼ਾਹਾਂ ਦੀ ਤਾਕਤ ਨੂੰ ਵੰਗਾਰਦੀ ਹੈ। ਦੂਜੀ ਝਾਕੀ ਗੁਰੂ ਗੋਬਿੰਦ ਸਿੰਘ ਵੱਲੋਂ ਅਨੰਦਪੁਰ ਸਾਹਿਬ ਵਿਖੇ ਖ਼ਾਲਸਾ ਫ਼ੌਜ ਦੀ ਸਿਰਜਣਾ ਦਾ ਲਾਸਾਨੀ ਕਾਰਨਾਮਾ ਬਿਆਨਦੀ ਹੈ। ਤੀਜੀ ਝਾਕੀ ਨਿੱਕੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਨੂੰ ਦਰਜ ਕਰਦੀ ਹੈ।

ਇਹ ਨਾਟਕ ਲਗਭਗ ਪੰਤਾਲੀ ਸਾਲ ਪੁਰਾਣਾ ਹੈ, ਪਰ ਅੱਜ ਤਕ ਲਗਾਤਾਰ ਅਨੇਕਾਂ ਨਾਟ ਮੰਡਲੀਆਂ ਇਸ ਨੂੰ ਖੇਡਦੀਆਂ ਆ ਰਹੀਆਂ ਹਨ। ਅੱਜ ਮੈਂ ਉਸ ਪੇਸ਼ਕਾਰੀ ਨੂੰ ਆਪਣੀ ਸਿਮਰਤੀ ’ਚ ਜ਼ਿੰਦਾ ਕਰ ਰਿਹਾ ਹਾਂ ਜਿਸ ਵਿਚ ਭਾਅ ਗੁਰਸ਼ਰਨ ਸਿੰਘ ਨੇ ਖ਼ੁਦ ਦਰਵੇਸ਼ ਦੀ ਭੂਮਿਕਾ ਅਦਾ ਕੀਤੀ ਸੀ ਤੇ ਚੰਡੀਗੜ੍ਹ ਦੇ ਖ਼ਾਲਸਾ ਕਾਲਜ ਵਿਚ ਬਣੇ ਖੁੱਲ੍ਹੇ ਮੰਚ ਨੂੰ ਆਪਣੀ ਅਦਾਕਾਰੀ ਦੇ ਜਲਵਿਆਂ ਨਾਲ ਨਿਹਾਲ ਕੀਤਾ ਸੀ। ਉਸ ਪੇਸ਼ਕਾਰੀ ਵਿਚ ਮੈਂ ਔਰੰਗਜ਼ੇਬ ਅਤੇ ਵਜ਼ੀਰ ਖ਼ਾਨ ਬਣਿਆ ਸੀ। ਇਹ ਸੰਨ ਉੱਨੀ ਸੌ ਨੱਬੇ ਦੀ ਗੱਲ ਹੈ।

Advertisement

ਸ਼ਾਮ ਦਾ ਹਨੇਰਾ ਜਿਵੇਂ ਹੀ ਪਸਰਿਆ, ਖੁੱਲ੍ਹੇ ਮੰਚ ’ਤੇ ਚਾਨਣ ਫੈਲ ਗਿਆ। ਉਸ ਚਾਨਣ ਵਿਚ ਭਾਅ ਦਾ ਮੰਚ ’ਤੇ ਪ੍ਰਵੇਸ਼ ਹੋਇਆ। ਹਜ਼ਾਰਾਂ ਦਰਸ਼ਕਾਂ ਦੇ ਸਾਹਮਣੇ ਇਕ ਆਵਾਜ਼ ਗੂੰਜੀ, ‘ਮੈਂ ਇਕ ਦਰਵੇਸ਼ ਹਾਂ। ਸਮੇਂ ਦੀ ਆਵਾਜ਼ ਹਾਂ। ਮੈਨੂੰ ਇਤਿਹਾਸ ਵੀ ਆਖਦੇ ਹਨ ਤੇ ਤਜਰਬਾ- ਏ- ਵਕਤ ਵੀ ਕਹਿੰਦੇ ਨੇ!’ ਆਵਾਜ਼ ਦੀ ਗਹਿਰਾਈ ਤੇ ਫੈਲਾਅ ਦਰਸ਼ਕ ਨੂੰ ਆਪਣੇ ਨਾਲ ਜੋੜ ਰਿਹਾ ਹੈ। ਮੈਂ ਉਦੋਂ ਸਿਰਫ਼ ਦੋ ਸਾਲ ਦੇ ਤਜਰਬੇ ਨੂੰ ਹਿੱਕ ਨਾਲ ਲਾਈ ਔਰੰਗਜ਼ੇਬ ਬਣਿਆ ਸਾਂ ਤੇ ਦਰਵੇਸ਼ ਬਣ ਧਮਾਲ ਪਾ ਕੇ ਅੰਦਰ ਗਿਆ ਕਲਾਕਾਰ ਗੁਰਸ਼ਰਨ ਸਿੰਘ ਸੀ! ਮੈਨੂੰ ਉਸੇ ਰਿਦਮ, ਲੈਅ, ਤਾਲ ਨੂੰ ਬਰਕਰਾਰ ਰੱਖਣਾ ਪੈਣਾ ਸੀ। ਹੌਲੀ ਹੌਲੀ ਪੈਰ ਸਥਿਰ ਹੋਏ। ਆਵਾਜ਼ ਨੇ ਲੈਅ ਪਕੜੀ ਤੇ ਸ਼ੇਖ ਨਾਲ ਵਾਰਤਾਲਾਪ ਸ਼ੁਰੂ ਹੋਈ। ਹੁਣ ਨਾਟਕ ਰਿੜ੍ਹ ਪਿਆ ਸੀ। ਦਰਵੇਸ਼ ਨਾਲ ਨਾਟਕੀ ਟੱਕਰ ਹੋ ਰਹੀ ਹੈ। ਔਰੰਗਜ਼ੇਬ ਤਾਕਤ ਦੇ ਅਰੂਜ਼ ’ਤੇ ਹੈ। ਉਹ ਹੰਕਾਰ ਨਾਲ ਭਰਿਆ ਹੋਇਆ ਹੈ। ਦਰਵੇਸ਼ ਵਿਅੰਗ ਕਰਦਾ ਹੈ,‘ਇਤਿਹਾਸ ਵਿਚ ਬਾਦਸ਼ਾਹਾਂ ਦੀ ਇਹ ਖ਼ੁਸ਼ਫਹਿਮੀ ਰਹੀ ਹੈ ਕਿ ਜਿਸ ਚੀਜ਼ ਨੂੰ ਉਹ ਆਪਣੀ ਸਾਰਿਆਂ ਨਾਲੋਂ ਵੱਡੀ ਕਾਮਯਾਬੀ ਸਮਝਦੇ ਨੇ, ਉਹ ਹੀ ਉਨ੍ਹਾਂ ਦੀ ਸਾਰਿਆਂ ਨਾਲੋਂ ਵੱਡੀ ਨਾਕਾਮੀ ਹੁੰਦੀ ਹੈ!’ ਇਹ ਸੰਵਾਦ ਅੱਜ ਵੀ ਫ਼ਿਜ਼ਾ ਅੰਦਰ ਉਵੇਂ ਹੀ ਗੂੰਜ ਰਿਹਾ ਹੈ। ਨਾਟਕੀ ਤਣਾਅ ਸਿਰਜਿਆ ਜਾ ਰਿਹਾ ਹੈ। ਗੁਰੂ ਤੇਗ ਬਹਾਦਰ ਬਾਦਸ਼ਾਹ ਦੀ ਕੈਦ ’ਚ ਹੈ, ਪਰ ਈਨ ਮੰਨਣ ਤੋਂ ਇਨਕਾਰੀ ਹਨ। ਬਾਦਸ਼ਾਹ ਖ਼ੁਸ਼ਖ਼ਬਰੀ ਦੇ ਇੰਤਜ਼ਾਰ ਵਿਚ ਹੈ, ਪਰ ਹਰ ਖ਼ਬਰ ਉਸ ਦੀ ਪ੍ਰੇਸ਼ਾਨੀ ’ਚ ਵਾਧਾ ਕਰ ਰਹੀ ਹੈ। ਭਾਈ ਮਤੀ ਦਾਸ, ਭਾਈ ਸਤੀ ਦਾਸ, ਭਾਈ ਦਿਆਲਾ ਦੀ ਸ਼ਹਾਦਤ ਅੰਜਾਮ ਦੇਣ ਤੋਂ ਬਾਅਦ ਬਾਦਸ਼ਾਹ ਨੂੰ ਭਰਮ ਹੈ ਕਿ ਗੁਰੂ ਡੋਲ ਜਾਵੇਗਾ, ਪਰ ਜਿਸ ਦੇ ਮੱਥੇ ’ਚੋਂ ਨੂਰ ਬਣ ਝਲਕ ਰਹੀ ਹੋਵੇ, ਉਸਦੇ ਸ਼ਬਦਕੋਸ਼ ਵਿਚ ‘ਡੋਲਣਾ’ ਸ਼ਬਦ ਤਾਂ ਦਸਤਕ ਵੀ ਨਹੀਂ ਦੇ ਸਕਦਾ। ਆਖਰੀ ਖ਼ਬਰ ਆਣ ਪਹੁੰਚੀ ਹੈ। ਗੁਰੂ ਦਾ ਸੀਸ ਧੜ ਨਾਲੋਂ ਅਲੱਗ ਕਰ ਦਿੱਤਾ ਗਿਆ ਹੈ। ਬਾਦਸ਼ਾਹ ਅਜੇ ਵੀ ਗਰੂਰ ’ਚ ਆਕੜਿਆ ਹੋਇਆ ਹੈ। ਉਹ ਕੱਟੇ ਹੋਏ ਸੀਸ ਨੂੰ ਪੈਰਾਂ ’ਚ ਵੇਖਣਾ ਚਾਹੁੰਦਾ ਹੈ, ਪਰ ਕੁੱਲ ਲੁਕਾਈ ਦਾ ਫ਼ਿਕਰ ਆਪਣੇ ਅੰਦਰ ਸੰਭਾਲੀ ਬੈਠਾ ਸੀਸ ਪੈਰਾਂ ’ਚ ਕਦੋਂ ਡਿੱਗਿਆ ਹੈ? ਭਾਈ ਜੈਤਾ ਸੀਸ ਹਿੱਕ ਨਾਲ ਲਗਾ ਅਨੰਦਪੁਰ ਸਾਹਿਬ ਜਾ ਪਹੁੰਚਿਆ ਹੈ।

ਦੂਜੀ ਝਾਕੀ ਆਰੰਭ ਹੁੰਦੀ ਹੈ ਤਾਂ ਆਨੰਦਪੁਰ ਸਾਹਿਬ ਇਕ ਡੇਰੇ ’ਤੇ ਦੋ ਮੋਟੇ ਮਸੰਦ ਵਿਚਾਰਾਂ ਕਰ ਰਹੇ ਹਨ। ਉਨ੍ਹਾਂ ਨੂੰ ਗੁਰੂ ਗੋਬਿੰਦ ਸਿੰਘ ਵੱਲੋਂ ਸਜਾਏ ਪੰਡਾਲ ਬਾਰੇ ਸ਼ੰਕਾ ਵੀ ਹੈ ਤੇ ਇਤਰਾਜ਼ ਵੀ ਹੈ। ਗੁਰੂ ਸਦੀਆਂ ਤੋਂ ਲਿਤਾੜੇ ਗਏ ਆਮ ਲੋਕਾਂ ਨੂੰ ਗਲੇ ਲਗਾ ਰਿਹਾ ਹੈ। ਮਸੰਦਾਂ ਨੂੰ ਇਸ ਨਾਲ ਤਕਲੀਫ਼ ਹੈ। ਗੁਰੂ ਸਾਹਿਬ ਦਾ ਪੈਂਤੜਾ ਵਿਚਾਰਧਾਰਕ ਹੈ। ਉਹ ਉਦੋਂ ਹੀ ਸਮਝ ਗਏ ਸਨ ਜਦੋਂ ਪਿਤਾ ਸ੍ਰੀ ਗੁਰੂ ਤੇਗ ਬਹਾਦਰ ਦੀ ਸ਼ਹੀਦੀ ਤੋਂ ਬਾਅਦ ਦਿੱਲੀ ਦਾ ਕੋਈ ਰੱਜਿਆ ਪੁੱਜਿਆ ਸਿੱਖ ਨੇੜੇ ਨਹੀਂ ਆਇਆ ਸੀ ਤੇ ਗੁਰੂ ਦਾ ਧੜ ਅਤੇ ਸੀਸ ਸੰਭਾਲਣ ਦਾ ਖ਼ਤਰਾ ਲੱਖੀ ਸ਼ਾਹ ਤੇ ਭਾਈ ਜੈਤੇ ਨੇ ਸਹੇੜਿਆ ਸੀ। ਗੁਰੂ ਸਮਝ ਗਿਆ ਹੈ ਕਿ ਇਨਕਲਾਬੀ ਫ਼ੈਸਲਾ ਲੈਣ ਦਾ ਵਕਤ ਆ ਗਿਆ ਹੈ ਤੇ ਸਹੀ ਸਿਰਾਂ ਦੀ ਪਛਾਣ ਕਰਨੀ ਜ਼ਰੂਰੀ ਹੈ। ਮਸੰਦ ਇਹ ਕਦੋਂ ਸਵੀਕਾਰ ਕਰਦੇ ਹਨ! ਉਹ ਤਾਂ ਭੋਲੀ ਜਨਤਾ ਦੀ ਹੱਡ ਭੰਨਵੀਂ ਕਮਾਈ ਨੂੰ ਹਜ਼ਮ ਕਰਨਾ ਆਪਣਾ ਹੱਕ ਸਮਝਦੇ ਹਨ। ਭਾਅ ਇਸ ਝਾਕੀ ਨੂੰ ‘ਪਰਖ’ ਦਾ ਨਾਂ ਦਿੰਦੇ ਹਨ। ਇਕ ਦਿਲਚਸਪ ਨਾਟਕੀ ਜੁਗਤ ਸਿਰਜਦੇ ਹਨ। ਮਸੰਦ ਆਪਣੇ ਸੇਵਾਦਾਰ ਦੀਨੇ ਨੂੰ ਖ਼ਬਰ ਲੈਣ ਲਈ ਭੇਜਦੇ ਹਨ। ਦੀਨਾ ਵਾਰੀ ਵਾਰੀ ਆ ਕੇ ਇਕ ਇਕ ਪਿਆਰੇ ਦੇ ਸਾਹਮਣੇ ਆਉਣ ਦਾ ਕਿੱਸਾ ਨਾਟਕੀ ਅੰਦਾਜ਼ ਵਿਚ ਬਿਆਨ ਕਰਦਾ ਹੈ। ਮਸੰਦ ਉਤੇਜਿਤ ਹੋ ਕੇ ਖ਼ੁਦ ਪੰਡਾਲ ’ਚ ਜਾਂਦੇ ਹਨ। ਹੁਣ ਦਰਵੇਸ਼ ਮੰਚ ’ਤੇ ਪ੍ਰਵੇਸ਼ ਕਰਦਾ ਹੈ ਤੇ ਦੀਨੇ ਨੂੰ ਖ਼ਾਲਸਾ ਫ਼ੌਜ ਦੀ ਸਿਰਜਣਾ ਦਾ ਵਿਲੱਖਣ ਦ੍ਰਿਸ਼ ਸਮਝਾਉਂਦਾ ਹੈ।

ਤੀਜੀ ਝਾਕੀ ਫਿਰ ਜ਼ਬਰਦਸਤ ਨਾਟਕੀ ਟੱਕਰ ਲੈ ਕੇ ਹਾਜ਼ਰ ਹੁੰਦੀ ਹੈ। ਵਜ਼ੀਰ ਖ਼ਾਨ ਨਿੱਕੇ ਸਾਹਿਬਜ਼ਾਦਿਆਂ ਨੂੰ ਮਿਸਾਲੀ ਸਜ਼ਾ ਦੇਣੀ ਚਾਹੁੰਦਾ ਹੈ। ਦਰਸ਼ਕ ਜਾਣਦਾ ਹੈ ਕਿ ਉਹ ‘ਸਜ਼ਾ’ ਕਿਹੜੀ ਹੈ, ਪਰ ਨਾਟਕ ਨੇ ਉਹ ਤਣਾਅ ਬਰਕਰਾਰ ਰੱਖਣਾ ਹੈ, ਜਿਸ ਨਾਲ ਦਰਸ਼ਕ ਨੂੰ ਜੋ ਪਤਾ ਹੈ ਉਸ ਬਾਰੇ ਵੀ ਉਤਸੁਕਤਾ ਬਣੀ ਰਹੇ। ਮੰਚ ਭਖਿਆ ਪਿਆ ਹੈ। ਇਕ ਪਾਤਰ ਜਾ ਰਿਹਾ ਹੈ ਤਾਂ ਦੂਜਾ ਆ ਰਿਹਾ ਹੈ। ਅਖੀਰ ਦਰਵੇਸ਼ ਉਹ ਗਾਥਾ ਬਿਆਨ ਕਰਦਾ ਹੈ, ਜਦੋਂ ਸਾਹਿਬਜ਼ਾਦੇ ਨੀਹਾਂ ਵਿਚ ਚਿਣੇ ਗਏ। ਇਹ ਗਾਥਾ ਹਿਰਦੇ ਵਲੂੰਧਰਨ ਵਾਲੀ ਹੈ। ਇਸ ਨੂੰ ਬਿਆਨ ਕਰਨ ਲਈ ਓਨੀ ਹੀ ਜਜ਼ਬਾਤੀ, ਸ਼ਿੱਦਤ ਭਰਪੂਰ ਅਦਾਕਾਰੀ ਦੀ ਲੋੜ ਹੈ। ਭਾਅ ਨੂੰ ਅਸੀਂ ਉਨ੍ਹਾਂ ਦੇ ਵਿਚਾਰਾਂ ਲਈ, ਪ੍ਰਤੀਬੱਧਤਾ ਲਈ ਚੇਤੇ ਕਰਦੇ ਹਾਂ, ਪਰ ਇਸ ਨਾਟਕ ਦੇ ਪ੍ਰਸੰਗ ’ਚ ਅਸੀਂ ਪੰਜਾਬੀ ਰੰਗਮੰਚ ਦੀ ਦ੍ਰਿਸ਼ਾਵਲੀ ’ਚ ਵਾਪਰੀ ਸਰਵੋਤਮ ਅਦਾਕਾਰੀ ਲਈ ਉਨ੍ਹਾਂ ਨੂੰ ਯਾਦ ਕਰਦੇ ਹਾਂ। ਗੁਰਸ਼ਰਨ ਸਿੰਘ ਇਕੋ ਸਤਰ ਨੂੰ ਦੁਹਰਾ ਰਿਹਾ ਹੈ। ਜਿਵੇਂ ਕਲਾਸੀਕਲ ਗਾਇਨ ਸ਼ੈਲੀ ’ਚ ਪ੍ਰਪੱਕ ਗਾਇਕ ਕਰਦਾ ਹੈ। ਉਹ ਪੰਚਮ ਸੁਰ ਤਕ ਪਹੁੰਚਦੇ ਹਨ, ਫਿਰ ਹੇਠਾਂ ਆਉਂਦੇ ਹਨ, ਫਿਰ ਬੁਲੰਦ ਹੁੰਦੇ ਹਨ। ਦਰਸ਼ਕ ਉਸ ਲੈਅ ਨੂੰ ਪਕੜ ਰਿਹਾ ਹੈ। ਜਦੋਂ ਦਰਸ਼ਕ ਪਕੜ ’ਚ ਆ ਗਿਆ ਤਾਂ ਭਾਅ ਆਖਰੀ ਸੱਟ ਮਾਰਦਾ ਹੈ ਤੇ ਦਰਸ਼ਕ ਨੂੰ ਵੰਗਾਰਦਾ ਹੈ,‘‘ ਮੇਰੇ ਲੋਗੋ (ਲੋਕੋ), ਕਦ ਤਕ ਤਮਾਸ਼ਬੀਨ ਬਣੇ ਰਹੋਗੇ!’’ ਕੂੜ ਦੀ ਕੰਧ, ਜ਼ੁਲਮ ਦੀ ਕੰਧ ਕਿਵੇਂ ਟੁੱਟੇ? ਇਸ ਸਵਾਲ ਦੇ ਰੂਬਰੂ ਹੋਣ ਲਈ ਉਹ ਦਰਸ਼ਕ ਨੂੰ ਹਲੂਣਦਾ ਹੈ। ਅੱਜ ਫਿਰ ਇਕ ਵਾਰ ਉਸ ਵੰਗਾਰ ਦੀ ਲੋੜ ਹੈ। ਔਰੰਗਜ਼ੇਬ ਨਹੀਂ ਰਿਹਾ, ਪਰ ਮਜ਼ਹਬੀ ਕੱਟੜਤਾ ਵੱਖਰੇ ਰੂਪ ’ਚ ਮੌਜੂਦ ਹੈ। ਭਾਅ ਨਹੀਂ ਰਿਹਾ, ਪਰ ਰੰਗਮੰਚ ਤਾਂ ਨਹੀਂ ਮਰਿਆ! ਜ਼ਿੰਦਾ ਹੋਣ ਦਾ ਸਬੂਤ ਦੇਣਾ ਪਵੇਗਾ।

ਸੰਪਰਕ: 98880-11096

Advertisement
Tags :
ਸਰਹਿੰਦਚਾਂਦਨੀ