‘ਅੰਦਾਜ਼ ਅਪਨਾ ਅਪਨਾ’ 25 ਨੂੰ ਮੁੜ ਹੋਵੇਗੀ ਰਿਲੀਜ਼
ਮੁੰਬਈ: ਬੌਲੀਵੁੱਡ ਦੀ 31 ਸਾਲ ਪਹਿਲਾਂ ਰਿਲੀਜ਼ ਹੋਈ ਫਿਲਮ ‘ਅੰਦਾਜ਼ ਅਪਨਾ ਅਪਨਾ’ ਨੂੰ ਮੁੜ ਸਿਨੇਮਾ ਘਰਾਂ ’ਚ ਰਿਲੀਜ਼ ਕੀਤਾ ਜਾਵੇਗਾ। ਇਹ ਬੌਲੀਵੁੱਡ ਦੀ ਸਭ ਤੋਂ ਵੱਧ ਪਸੰਦ ਕੀਤੀਆਂ ਕਾਮੇਡੀ ਫਿਲਮਾਂ ’ਚ ਸ਼ੁਮਾਰ ਹੈ। ਇਸ ਵਿੱਚ ਆਮਿਰ ਖ਼ਾਨ ਅਤੇ ਸਲਮਾਨ ਖ਼ਾਨ ਨੇ ਮੁੱਖ ਕਿਰਦਾਰ ਨਿਭਾਏ ਸਨ। ਇਹ ਫਿਲਮ 25 ਅਪਰੈਲ ਨੂੰ ਮੁੜ ਰਿਲੀਜ਼ ਕੀਤੀ ਜਾ ਰਹੀ ਹੈ। ਦਰਸ਼ਕਾਂ ਦੇ ਮਨੋਰੰਜਨ ਲਈ ਹੁਣ ਇਸ ਨੂੰ 4-ਕੇ ਵੀਡੀਓ ਸਣੇ ਆਡੀਓ ਨੂੰ ਵੀ ਡੌਲਬੀ 5.1 ਵਿੱਚ ਅਪਗ੍ਰੇਡ ਕੀਤਾ ਗਿਆ ਹੈ। ਇਸ ਸਬੰਧੀ ਫਿਲਮਕਾਰਾਂ ਨੇ ਸੋਸ਼ਲ ਮੀਡੀਆ ’ਤੇ ਐਲਾਨ ਕੀਤਾ ਹੈ। ਇਸ ਮਗਰੋਂ ਪ੍ਰਸ਼ੰਸਕਾਂ ’ਚ ਖ਼ੁਸ਼ੀ ਦੀ ਲਹਿਰ ਦੌੜ ਗਈ। ਇਸ ਪੋਸਟ ਨਾਲ ਪਾਈ ਕੈਪਸ਼ਨ ਵਿੱਚ ਲਿਖਿਆ ਗਿਆ ਹੈ ਕਿ ‘ਅੰਦਾਜ਼ ਅਪਨਾ ਅਪਨਾ’ ਨੂੰ 25 ਅਪਰੈਲ ਨੂੰ ਮੁੜ ਰਿਲੀਜ਼ ਕੀਤਾ ਜਾ ਰਿਹਾ ਹੈ। ਵੱਡੀ ਸਕਰੀਨ ’ਤੇ ਇਸ ਫਿਲਮ ਦਾ ਆਨੰਦ ਲੈਣ ਲਈ ਹੁਣ ਇਸ ਨੂੰ 4-ਕੇ ਅਤੇ ਡੌਲਬੀ 5.1 ਵਿੱਚ ਰਿਲੀਜ਼ ਕੀਤਾ ਜਾਵੇਗਾ। ਇਸ ਦਾ ਟਰੇਲਰ ਜਲਦੀ ਹੀ ਜਾਰੀ ਕੀਤਾ ਜਾਵੇਗਾ। ਸਾਲ 1994 ਵਿੱਚ ਰਿਲੀਜ਼ ਹੋਈ ਇਸ ਫਿਲਮ ਦੇ ਰੀਮਾਸਟਰਡ ਵਰਜ਼ਨ ਨੂੰ ਪੂਰੇ ਮੁਲਕ ਵਿੱਚ ਦਿਖਾਇਆ ਜਾਵੇਗਾ। ‘ਅੰਦਾਜ਼ ਅਪਨਾ ਅਪਨਾ’ ਦਾ ਨਿਰਦੇਸ਼ਨ ਰਾਜਕੁਮਾਰ ਸੰਤੋਸ਼ੀ ਨੇ ਕੀਤਾ ਸੀ। ਰਿਲੀਜ਼ ਹੋਣ ਸਾਰ ਦਰਸ਼ਕਾਂ ਨੇ ਫਿਲਮ ਨੂੰ ਬੇਹੱਦ ਪਸੰਦ ਕੀਤਾ ਸੀ। ਦਰਸ਼ਕਾਂ ਦੇ ਦਿਲਾਂ ’ਚੋਂ ਇਸ ਫਿਲਮ ਲਈ ਪਿਆਰ ਸਮੇਂ ਦੇ ਨਾਲ ਘੱਟ ਨਹੀਂ ਹੋਇਆ। ਇਹ ਫਿਲਮ ਭਾਰਤ ਵਿੱਚ ਸਭ ਤੋਂ ਵੱਧ ਪਸੰਦ ਕੀਤੀਆਂ ਜਾਣ ਵਾਲੀਆਂ ਕਾਮੇਡੀ ਫਿਲਮਾਂ ’ਚ ਸ਼ਾਮਲ ਹੈ। ਇਸ ਫਿਲਮ ਦਾ ਸਕਰੀਨਪਲੇਅ ਸਾਲ 1972 ਵਿੱਚ ਆਈ ਫਿਲਮ ‘ਵਿਕਟੋਰੀਆ ਨੰ.203’ ਤੋਂ ਪ੍ਰਭਾਵਿਤ ਸੀ। -ਏਐੱਨਆਈ