ਨਿਆਂ ਪ੍ਰਾਪਤੀ ਲਈ ‘ਜਸਵੀਰ ਖ਼ੁਦਕੁਸ਼ੀ ਕਾਂਡ ਐਕਸ਼ਨ ਕਮੇਟੀ’ ਬਣਾਈ
ਸ਼ਗਨ ਕਟਾਰੀਆ
ਬਠਿੰਡਾ, 19 ਅਗਸਤ
ਪਿੰਡ ਗੁੰਮਟੀ ਕਲਾਂ ਦੇ ਨੌਜਵਾਨ ਜਸਵੀਰ ਸਿੰਘ ਵੱਲੋਂ ਕੀਤੀ ‘ਖ਼ੁਦਕੁਸ਼ੀ’ ਦੇ ਕਥਿਤ ਦੋਸ਼ੀਆਂ ਦੀ ਗ੍ਰਿਫ਼ਤਾਰੀ ਲਈ ਪੁਲੀਸ ’ਤੇ ਦਬਾਅ ਪਾਉਣ ਲਈ ‘ਜਸਵੀਰ ਖ਼ੁਦਕੁਸ਼ੀ ਕਾਂਡ ਐਕਸ਼ਨ ਕਮੇਟੀ’ ਦਾ ਗਠਨ ਕੀਤਾ ਗਿਆ। ਇਸ ਮਗਰੋਂ ਮੈਂਬਰਾਂ ਨੇ ਥਾਣਾ ਭਗਤਾ ਭਾਈਕਾ ਦੇ ਮੁੱਖ ਗੇਟ ’ਤੇ ਰੋਸ ਜ਼ਾਹਰ ਕਰਦਿਆਂ ਇਨਸਾਫ਼ ਦੀ ਮੰਗ ਕੀਤੀ। ਕਮੇਟੀ ’ਚ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਦੇ ਸੂਬਾ ਪ੍ਰਧਾਨ ਸੁਰਜੀਤ ਸਿੰਘ ਫੂਲ ਤੇ ਰਤਨੇਕ ਕੁਮਾਰ, ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਦੇ ਕੁਲਵੰਤ ਸਿੰਘ ਸੇਲਬਰਾਹ, ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਜਗਦੀਪ ਸਿੰਘ ਗੁੰਮਟੀ, ਪਿੰਡ ਗੁੰਮਟੀ ਕਲਾਂ ਦੇ ਸਰਪੰਚ ਕਾਲਾ ਸਿੰਘ ਅਤੇ ਸਾਬਕਾ ਸਰਪੰਚ ਡੂੰਗਰ ਸਿੰਘ ਸਮੇਤ 21 ਮੈਂਬਰ ਸ਼ਾਮਲ ਕੀਤੇ ਗਏ ਹਨ। ਥਾਣੇ ਅੱਗੇ ਪਹੁੰਚੇ ਸੁਰਜੀਤ ਸਿੰਘ ਫੂਲ ਨੇ ਕਿਹਾ ਕਿ ਖ਼ੁਦਕੁਸ਼ੀ ਹੋਈ ਨੂੰ ਦੋ ਮਹੀਨੇ ਬੀਤਣ ਵਾਲੇ ਹਨ ਪਰ ਕੇਸ ਵਿੱਚ ਨਾਜ਼ਜ਼ਦ ਦੋਸ਼ੀਆਂ ’ਚੋਂ ਪੰਜ ਦੀ ਗ੍ਰਿਫ਼ਤਾਰੀ ਅਜੇ ਤੱਕ ਵੀ ਨਹੀਂ ਕੀਤੀ ਗਈ।
ਇਸ ਮੌਕੇ ਐੱਸਐੱਚਓ ਨੇ ਭਰੋਸਾ ਦਿਵਾਇਆ ਕਿ 27 ਅਗਸਤ ਤੋਂ ਪਹਿਲਾਂ ਕੇਸ ਦਾ ਚਲਾਨ ਅਦਾਲਤ ’ਚ ਪੇਸ਼ ਕਰ ਦਿੱਤਾ ਜਾਵੇਗਾ ਅਤੇ 4 ਸਤੰਬਰ ਤੱਕ ਪੜਤਾਲ ਮੁਕੰਮਲ ਕਰ ਕੇ ਕਥਿਤ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।
ਐਕਸ਼ਨ ਕਮੇਟੀ ਨੇ ਮਗਰੋਂ ਮੀਟਿੰਗ ਕਰ ਕੇ ਫ਼ੈਸਲਾ ਲਿਆ ਕਿ ਜੇਕਰ ਪੁਲੀਸ ਨੇ 25 ਅਗਸਤ ਤੱਕ ਚਲਾਨ ਪੇਸ਼ ਨਾ ਕੀਤਾ ਤਾਂ ਗੁੰਮਟੀ ਕਲਾਂ ’ਚ ਜਨਤਕ ਇਕੱਠ ਕਰ ਕੇ 26 ਅਗਸਤ ਤੋਂ ਥਾਣੇ ਅੱਗੇ ਪੱਕਾ ਧਰਨਾ ਸ਼ੁਰੂ ਕੀਤਾ ਜਾਵੇਗਾ।
ਸੇਵੇਵਾਲਾ ਦੀ ਗ੍ਰਿਫ਼ਤਾਰੀ ਖ਼ਿਲਾਫ਼ ਰੋਸ ਜ਼ਾਹਰ
ਲੰਬੀ: ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਜਨਰਲ ਸਕੱਤਰ ਲਛਮਣ ਸਿੰਘ ਸੇਵੇਵਾਲਾ ਦੀ ਆਰ.ਪੀ.ਐਫ਼. ਵੱਲੋਂ ਗਿ੍ਫ਼ਤਾਰੀ ਖਿਲਾਫ਼ ਰੋਸ ਮੁਜ਼ਾਹਰਿਆਂ ਦਾ ਦੌਰ ਸ਼ੁਰੂ ਹੋ ਗਿਆ ਹੈ। ਲੰਬੀ ਹਲਕੇ ਦੇ ਸੰਘਰਸ਼ੀ ਪਿੰਡ ਸਿੰਘੇਵਾਲਾ-ਫਤੂਹੀਵਾਲਾ ਵਿੱਚ ਸਰਕਾਰ ਦੀ ਅਰਥੀ ਸਾੜ ਮੁਜ਼ਾਹਰਾ ਕਰ ਕੇ ਲਛਮਣ ਸੇਵੇਵਾਲਾ ਖਿਲਾਫ਼ ਰੋਸ ਪ੍ਰਗਟਾ ਕੇ ਉਨਾਂ ਨੂੰ ਤੁਰੰਤ ਰਿਹਾਅ ਕਰਨ ਦੀ ਮੰਗ ਕੀਤੀ ਗਈ। -ਪੱਤਰ ਪ੍ਰੇਰਕ