FIH Pro League hockey: ਭਾਰਤੀ ਪੁਰਸ਼ ਟੀਮ ਨੇ ਆਇਰਲੈਂਡ ਨੂੰ 3-1 ਨਾਲ ਹਰਾਇਆ
ਭੁਬਨੇਸ਼ਵਰ, 21 ਫਰਵਰੀ
ਭਾਰਤੀ ਪੁਰਸ਼ ਹਾਕੀ ਟੀਮ ਨੇ ਅੱਜ ਇੱਥੇ ਐੱਫਆਈਐੱਚ ਪ੍ਰੋ-ਲੀਗ ਵਿੱਚ ਇੱਕ ਗੋਲ ਨਾਲ ਪੱਛੜਨ ਮਗਰੋਂ ਵਾਪਸੀ ਕਰਦਿਆਂ ਆਇਰਲੈਂਡ ਨੂੰ 3-1 ਨਾਲ ਹਰਾ ਦਿੱਤਾ।
ਭਾਰਤੀ ਟੀਮ ਨੂੰ ਅੱਠਵੇਂ ਮਿੰਟ ਦੌਰਾਨ ਆਇਰਲੈਂਡ ਨੇ ਉਦੋਂ ਹੈਰਾਨ ਕਰ ਦਿੱਤਾ, ਜਦੋਂ ਜੇਰੇਮੀ ਡੁਕੇਨ ਨੇ ਮੈਦੀਨ ਕੋਸ਼ਿਸ਼ ਦੌਰਾਨ ਗੋਲ ਕਰ ਦਿੱਤਾ।
ਇਸ ਮਗਰੋਂ ਭਾਰਤੀ ਟੀਮ ਨੇ ਜ਼ੋਰਦਾਰ ਵਾਪਸੀ ਕਰਦਿਆਂ 22ਵੇਂ ਮਿੰਟ ਵਿੱਚ ਸੰਦੀਪ ਸਿੰਘ ਦੀ ਮਦਦ ਨਾਲ ਮੈਦਾਨੀ ਗੋਲ ਕੀਤਾ। ਇਸ ਮਗਰੋਂ ਜਰਮਨਪ੍ਰੀਤ ਸਿੰਘ ਨੇ 45ਵੇਂ ਮਿੰਟ ਅਤੇ ਸੁਖਜੀਤ ਸਿੰਘ ਨੇ 58ਵੇਂ ਮਿੰਟ ’ਚ ਪੈਨਲਟੀ ਕਾਰਨਰ ਤੋਂ ਇੱਕ-ਇੱਕ ਗੋਲ ਕਰਕੇ ਭਾਰਤ ਨੂੰ ਜਿੱਤ ਦਿਵਾਈ। ਭਾਰਤ ਹੁਣ ਸ਼ਨਿੱਚਰਵਾਰ ਨੂੰ ‘ਰਿਟਰਨ ਲੈੱਗ’ ਮੈਚ ਦੌਰਾਨ ਆਇਰਲੈਂਡ ਦਾ ਸਾਹਮਣਾ ਕਰੇਗਾ। ਫਿਲਹਾਲ ਭਾਰਤ ਟੀਮ ਪੰਜ ਮੈਚਾਂ ਵਿੱਚੋਂ ਨੌਂ ਅੰਕਾਂ ਨਾਲ ਪੰਜਵੇਂ ਸਥਾਨ ’ਤੇ ਹੈ। -ਪੀਟੀਆਈ
Women's FIH Pro League: ਜਰਮਨੀ ਤੋਂ 0-4 ਨਾਲ ਹਾਰੀ ਭਾਰਤੀ ਮਹਿਲਾ ਟੀਮ
ਭੁਬਨੇਸ਼ਵਰ: ਭਾਰਤੀ ਮਹਿਲਾ ਹਾਕੀ ਟੀਮ ਦਾ ਅੱਜ ਇੱਥੇ ਐੱਫਆਈਐੱਚ ਪ੍ਰੋ ਲੀਗ ਵਿੱਚ ਨਿਰਾਸ਼ਾਜਨਕ ਪ੍ਰਦਰਸ਼ਨ ਜਾਰੀ ਰਿਹਾ। ਭਾਰਤੀ ਟੀਮ ਨੂੰ ਜਰਮਨੀ ਤੋਂ 0-4 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਜਰਮਨੀ ਨੇ ਸ਼ੁਰੂ ਤੋਂ ਅਖ਼ੀਰ ਤੱਕ ਮੈਚ ਲਗਾਤਾਰ ਆਪਣੀ ਮੁੱਠੀ ਵਿੱਚ ਰੱਖਿਆ। ਜਰਮਨੀ ਲਈ ਐਮਿਲੀ ਵੋਰਟਮੈਨ ਨੇ ਤੀਜੇ ਮਿੰਟ ਅਤੇ ਸੋਫੀਆ ਸ਼ੁਵਾਬੇ ਨੇ 18ਵੇਂ ਤੇ 47ਵੇਂ ਮਿੰਟ ’ਚ ਤਿੰਨ ਮੈਦਾਨੀ ਗੋਲ ਕੀਤੇ। ਇਸ ਮਗਰੋਂ ਜੋਹਾਨੇ ਹੈਚੇਨਬਰਗ ਨੇ 59ਵੇਂ ਮਿੰਟ ਵਿੱਚ ਇੱਕ ਪੈਨਲਟੀ ਕਾਰਨਰ ਨੂੰ ਗੋਲ ਵਿੱਚ ਬਦਲਿਆ। ਜਰਮਨੀ ਨੇ ਮੈਚ ਦੌਰਾਨ10 ਪੈਨਲਟੀ ਕਾਰਨਰ ਹਾਸਲ ਕੀਤੇ, ਜਦਕਿ ਭਾਰਤ ਨੂੰ ਸਿਰਫ਼ ਦੋ ਪੈਨਲਟੀ ਕਾਰਨਰ ਮਿਲੇ। ਭਾਰਤ ਦਾ ਅਗਲਾ ਮੁਕਾਬਲਾ ਸ਼ਨਿੱਚਰਵਾਰ ਨੂੰ ਮੁੜ ਤੋਂ ਜਰਮਨੀ ਨਾਲ ਹੋਵੇਗਾ। ਭਾਰਤ ਚਾਰ ਮੈਚਾਂ ਵਿੱਚ ਛੇ ਅੰਕਾਂ ਨਾਲ ਨੌਂ ਟੀਮਾਂ ਦੀ ਸੂਚੀ ਵਿੱਚ ਸੱਤਵੇਂ ਸਥਾਨ ’ਤੇ ਹੈ, ਜਦਕਿ ਜਰਮਨੀ ਛੇ ਮੈਚ ਵਿੱਚ ਸੱਤ ਅੰਕਾਂ ਨਾਲ ਪਹਿਲੇ ਨੰਬਰ ’ਤੇ ਹੈ। -ਪੀਟੀਆਈ