ਛੇ ਸਾਲਾਂ ਬਾਅਦ ਪੂਰਾ ਹੋਵੇਗਾ ਫਿਰੋਜ਼ਪੁਰ ਐਲੀਵੇਟਿਡ ਰੋਡ
ਗਗਨਦੀਪ ਅਰੋੜਾ
ਲੁਧਿਆਣਾ, 17 ਜਨਵਰੀ
ਨੈਸ਼ਨਲ ਹਾਈਵੇਅ ਅਥਾਰਟੀ ਆਫ ਇੰਡੀਆ ਨੇ ਅਕਤੂਬਰ 2017 ’ਚ ਇੱਥੇ ਫਿਰੋਜ਼ਪੁਰ ਰੋਡ ’ਤੇ 756 ਕਰੋੜ ਰੁਪਏ ਦੀ ਲਾਗਤ ਨਾਲ ਐਲੀਵੇਟਿਡ ਰੋਡ ਦੀ ਸ਼ੁਰੂਆਤ ਕੀਤੀ ਸੀ। ਇਸ ਪ੍ਰਾਜੈਕਟ ਨੂੰ ਪੂਰਾ ਕਰਨ ’ਚ ਛੇ ਸਾਲਾਂ ਦਾ ਸਮਾਂ ਲੱਗ ਗਿਆ ਤੇ ਲੰਮੇ ਸਮੇਂ ਬਾਅਦ ਪੂਰਾ ਇਹ ਪ੍ਰਾਜੈਕਟ 26 ਜਨਵਰੀ ਨੂੰ ਲੋਕਾਂ ਨੂੰ ਸਮਰਪਿਤ ਕੀਤਾ ਜਾ ਸਕਦਾ ਹੈ। ਨੈਸ਼ਨਲ ਹਾਈਵੇਅ ਅਥਾਰਿਟੀ ਆਫ ਇੰਡੀਆ ਵੱਲੋਂ ਬਾਕੀ ਰਹਿੰਦੇ ਕੰਮ ਭਾਰਤ ਨਗਰ ਚੌਕ ਤੋਂ ਬੱਸ ਅੱਡੇ ਵਾਲੇ ਹਿੱਸੇ ਦੇ ਪੁਲ ਦੇ ਕੰਮ ਨੂੰ ਲਗਪਗ ਪੂਰਾ ਕਰ ਦਿੱਤਾ ਗਿਆ ਹੈ ਤੇ 26 ਜਨਵਰੀ ਨੂੰ ਇਸ ’ਤੇ ਟਰੈਫਿਕ ਸ਼ੁਰੂ ਕਰਨ ਦੀ ਤਿਆਰੀ ਕੀਤੀ ਜਾ ਚੁੱਕੀ ਹੈ।
ਦੱਸ ਦੇਈਏ ਕਿ ਇਸ ਪ੍ਰਾਜੈਕਟ ਨੂੰ ਪੂਰਾ ਕਰਨ ’ਚ ਕਈ ਤਰ੍ਹਾਂ ਦੀਆਂ ਰੁਕਾਵਟਾਂ ਆਈਆਂ ਸਨ ਜਿਨ੍ਹਾਂ ’ਚ ਮੁੱਖ ਕਰੋਨਾ ਕਾਲ ਦਾ ਸਮਾਂ ਰਿਹਾ। ਇਸ ਤੋਂ ਇਲਾਵਾ ਵਿਭਾਗੀ ਤੌਰ ’ਤੇ ਦੋ ਹਜ਼ਾਰ ਦਰੱਖਤਾਂ ਦੀ ਕਟਾਈ, ਬਿਜਲੀ ਦੇ ਖੰਭੇ ਤੇ ਤਾਰਾਂ ਤਬਦੀਲ ਕਰਨਾ, ਨਗਰ ਨਿਗਮ ਦੇ ਅਚਾਨਕ ਤੋਂ ਸੀਵਰੇਜ ਅਤੇ ਵਾਟਰ ਸਪਲਾਈ ਲਾਈਨਾਂ ਦੇ ਕੰਮ ਸਾਹਮਣੇ ਆਉਣ ਸਮੇਤ ਹੋਰ ਕਈ ਤਰ੍ਹਾਂ ਦੀਆਂ ਪ੍ਰਸ਼ਾਸਨਿਕ ਮਨਜ਼ੂਰੀਆਂ ਸਮੇਂ ’ਤੇ ਨਾ ਮਿਲਣ ਅਤੇ ਨੈਸ਼ਨਲ ਹਾਈਵੇਅ ਦੇ ਅਧੀਨ ਠੇਕੇਦਾਰ ਵੱਲੋਂ ਵੇਰਕਾ ਚੌਕ ਤੋਂ ਲੈ ਕੇ ਭਾਰਤ ਨਗਰ ਚੌਕ ਤੱਕ ਦੇ ਕੰਮ ਦੀ ਹੌਲੀ ਰਫ਼ਤਾਰ ਮੁੱਖ ਕਾਰਨ ਰਹੀ ਹੈ। ਪਰ ਹੁਣ ਸ਼ਹਿਰ ਵਾਸੀਆਂ ਨੂੰ ਵੱਡੀ ਰਾਹਤ ਮਿਲਣ ਜਾ ਰਹੀ ਹੈ।
ਦੱਸ ਦੇਈਏ ਕਿ ਭਾਰਤ ਨਗਰ ਚੌਕ ’ਤੇ ਇਸ ਸਮੇਂ ਬੱਸ ਅੱਡੇ ਵੱਲ ਜਾਣ ਅਤੇ ਬੱਸ ਅੱਡੇ ਤੋਂ ਐਲੀਵੇਟਿਡ ਰੋਡ ’ਤੇ ਆਉਣ ਲਈ ਅਪਰੋਚ ਰੋਡ ਸਮੇਤ ਹੋਰ ਸਾਰੇ ਕੰਮ ਪੂਰੇ ਹੋ ਚੁੱਕੇ ਹਨ। ਸਿਰਫ਼ ਕੰਮ ਨੂੰ ਅੰਤਿਮ ਰੂਪ ਦਿੱਤਾ ਜਾ ਰਿਹਾ ਹੈ ਜਿਸਨੂੰ ਦੋ-ਚਾਰ ਦਿਨਾਂ ’ਚ ਪੂਰਾ ਕਰ ਦਿੱਤਾ ਜਾਵੇਗਾ। ਉਧਰ, ਰੰਗ ਰੋਗਨ ਤੇ ਰੋਡ ਸੇਫ਼ਟੀ ਦਾ ਕੰਮ ਵੀ ਲਗਪਗ ਪੂਰਾ ਹੋ ਗਿਆ ਹੈ। ਇਸ ਤੋਂ ਇਲਾਵਾ ਪੁਲ ’ਤੇ ਲਾਈਟਾਂ ਲੱਗਣ ਦਾ ਕੰਮ ਵੀ ਹੋ ਚੁੱਕਿਆ ਹੈ। ਇਸ ਤਰ੍ਹਾਂ ਹੁਣ ਇਸ ਪ੍ਰਾਜੈਕਟ ਤਹਿਤ ਚਾਰ ਛੱਤਾਂ ’ਤੇ ਸਿਰਫ਼ ਪ੍ਰੀਮਿਕਸ ਪਾਉਣ ਦਾ ਕੰਮ ਬਾਕੀ ਹੈ।
ਭਾਰਤ ਨਗਰ ਚੌਕ ਤੋਂ ਭਾਈ ਬਾਲਾ ਚੌਕ ਤੱਕ ਰਹੇਗਾ ਟਰੈਫਿਕ ਲੋਡ
ਭਾਵੇਂ, ਐੱਨਐੱਚਆਈ ਐਲੀਵੇਟਿਡ ਰੋਡ ਦੀ ਉਸਾਰੀ ਪੂਰੀ ਕਰਨ ਜਾ ਰਹੀ ਹੈ, ਪਰ ਇਸ ਪ੍ਰਾਜੈਕਟ ’ਚ ਸਭ ਤੋਂ ਵੱਡੀ ਸਮੱਸਿਆ ਇਹ ਸਾਹਮਣੇ ਆਇਆ ਹੈ ਕਿ ਭਾਰਤ ਨਗਰ ਚੌਕ ਤੇ ਡੀਸੀ ਦਫ਼ਤਰ ਦੇ ਵਿਚਲੇ ਹਿੱਸੇ ’ਚ ਇੱਕ ਅਪ-ਰੈਂਪ ਐਲੀਵੇਟਿਡ ਪੁਲ ਦੇ ਲਈ ਬਣਨਾ ਸੀ, ਜਿਸਦਾ ਡਿਜ਼ਾਇਨ ਵੀ ਫਾਈਨਲ ਸੀ ਤੇ ਇਸਦੀ ਲਾਗਤ ਵੀ ਸੱਤ ਕਰੋੜ ਤੋਂ ਜ਼ਿਆਦਾ ਦੀ ਸੀ, ਪਰ ਅਪ-ਰੈਂਪ ਬਣਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਜ਼ਮੀਨ ਹੀ ਨਹੀਂ ਦਿਵਾ ਸਕਿਆ ਤੇ ਇਸ ਕਾਰਨ ਇਹ ਅਪ-ਰੈਂਪ ਬਣਨ ਦੀ ਯੋਜਨਾ ਠੰਢੇ ਬਸਤੇ ਵਿੱਚ ਪੈ ਗਈ। ਇਸ ਨਾਲ ਹਾਲਾਤ ਇਹ ਬਣ ਗਏ ਕਿ ਭਾਰਤ ਨਗਰ ਚੌਕ ਤੋਂ ਲੈ ਕੇ ਭਾਈ ਬਾਲਾ ਚੌਕ ਤੱਕ ਅਪ ਰੈਂਪ ਨਾ ਹੋਣ ਕਾਰਨ ਇਸ ਹਿੱਸੇ ’ਚ ਅੱਗੇ ਭਵਿੱਖ ’ਚ ਟਰੈਫਿਕ ਲੋਡ ਬਣਿਆ ਰਹੇਗਾ, ਕਿਉਂਕਿ ਜਗਰਾਉਂ ਪੁਲ, ਮਾਲ ਰੋਡ ਤੋਂ ਆਉਣ ਵਾਲੇ ਟਰੈਫਿਕ ਨੂੰ ਐਲੀਵੇਟਿਡ ਪੁਲ ’ਤੇ ਚੜ੍ਹਨ ਲਈ ਬਦਲਵੇਂ ਤੌਰ ’ਤੇ ਸਿਰਫ਼ ਭਾਈ ਬਾਲਾ ਚੌਕ ਕਰਾਸ ਕਰਕੇ ਹੀ ਅਪ-ਰੈਂਪ ਦੀ ਸਹੂਲਤ ਹੈ। ਇਸ ਲਈ ਇਸ ਹਿੱਸੇ ’ਚ ਹਮੇਸ਼ਾ ਟਰੈਫਿਕ ਲੋਡ ਪਹਿਲਾਂ ਦੀ ਤਰ੍ਹਾਂ ਬਣਦਾ ਦਿਖਾਈ ਦੇਣ ਵਾਲਾ ਹੈ।