ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਵੱਲੋਂ ਵਿਧਾਇਕ ਗਿਆਸਪੁਰਾ ਦੇ ਦਫਤਰ ਅੱਗੇ ਧਰਨਾ
ਦੇਵਿੰਦਰ ਸਿੰਘ ਜੱਗੀ
ਪਾਇਲ, 13 ਮਈ
ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਵੱਲੋਂ ਹਲਕਾ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਦੇ ਦਫਤਰ ਅੱਗੇ ਇਲਾਕੇ ਦੇ ਪਿੰਡਾਂ ਦੀਆਂ ਸਮੱਸਿਆਵਾਂ ਨੂੰ ਲੈ ਕੇ ਧਰਨਾ ਪ੍ਰਦਰਸ਼ਨ ਦਿੱਤਾ ਗਿਆ ਜਿਸ ਵਿੱਚ ਮੁੱਖ ਤੌਰ 'ਤੇ ਪਿੰਡ ਸੇਖਾ ਦੀ ਪੰਚਾਇਤੀ ਜ਼ਮੀਨ ਦੀ ਬੋਲੀ ਐੱਸਸੀ ਧਰਮਸ਼ਾਲਾ ਵਿਚ ਘੱਟ ਰੇਟ ’ਤੇ ਕਰਵਾਉਣ ਅਤੇ ਤਿੰਨ ਸਾਲਾ ਲੀਜ਼ ’ਤੇ ਦੇਣ ਆਦਿ ਮੰਗਾਂ ਸਨ। ਪਿੰਡ ਸੇਖਾ ਦੇ ਮਜ਼ਦੂਰ ਆਪਣੀਆਂ ਪਿੰਡ ਦੀਆਂ ਮੰਗਾਂ ਨੂੰ ਲੈ ਕੇ ਵਿਧਾਇਕ ਨੂੰ ਮੰਗ ਪੱਤਰ ਦੇਣ ਗਏ ਸਨ ਪਰ ਮਜ਼ਦੂਰਾਂ ਦੀਆਂ ਮੰਗਾਂ ਨੂੰ ਹੱਲ ਕਰਨਾ ਤਾਂ ਦੂਰ ਵਿਧਾਇਕ ਮੰਗ ਪੱਤਰ ਲੈਣ ਤੋਂ ਹੀ ਭੱਜ ਗਏ। ਸਵੇਰ ਤੋਂ ਸ਼ਾਮ ਤੱਕ ਮਜ਼ਦੂਰਾਂ ਨੇ ਇੰਤਜ਼ਾਰ ਕੀਤਾ ਪਰ ਵਿਧਾਇਕ ਨਹੀਂ ਆਏ ਤਾਂ ਅੱਕੇ ਹੋਏ ਕਿਰਤੀ ਲੋਕਾਂ ਨੇ ਵਿਧਾਇਕ ਦੇ ਦਫਤਰ ਦੇ ਗੇਟ ਅੱਗੇ ਆਪਣੇ ਮੰਗ ਪੱਤਰ ਨੂੰ ਚਿਪਕਾ ਕੇ ਤਿੱਖੇ ਸੰਘਰਸ਼ ਦਾ ਐਲਾਨ ਕੀਤਾ।
ਇਸ ਮੌਕੇ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਜ਼ੋਨਲ ਆਗੂ ਜਗਤਾਰ ਤੋਲੇਵਾਲ ਨੇ ਕਿਹਾ ਕਿ ਪਿੰਡ ਸੇਖਾ ਦੇ ਮਜ਼ਦੂਰ ਪਿਛਲੇ ਦਿਨਾਂ ਤੋਂ ਲਗਾਤਾਰ ਪੰਚਾਇਤੀ ਜ਼ਮੀਨ ਦੇ ਤੀਜੇ ਹਿੱਸੇ ਦੀ ਬੋਲੀ ਐੱਸਸੀ ਧਰਮਸ਼ਾਲਾ ਵਿੱਚ ਰੇਟ ਘੱਟ ਕਰਵਾਉਣ ਤੇ ਤਿੰਨ ਸਾਲਾਂ ਲਈ ਪਟੇ ਤੇ ਲੈਣ ਦੀ ਮੰਗ ਨੂੰ ਲੈ ਕੇ ਲਗਾਤਾਰ ਵਿਧਾਇਕ ਦੇ ਦਫਤਰ ਦੇ ਗੇੜੇ ਲਗਾ ਰਹੇ ਸਨ। ਜ਼ਿਕਰਯੋਗ ਹੈ ਕਿ ਪਿੰਡ ਦੇ ਸਰਪੰਚ ਅਤੇ ਕੁੱਝ ਧਨਾਢ ਲੋਕਾਂ ਵੱਲੋਂ ਪੰਚਾਇਤੀ ਜ਼ਮੀਨ ਦੇ ਤੀਜੇ ਹਿੱਸੇ ਦੀ ਬੋਲੀ ਪੰਚਾਇਤ ਘਰ ਵਿਚ ਕਰਵਾਉਣ ਤੇ ਡੰਮੀ ਬੋਲੀ ਦੇਣ ਦੀਆਂ ਸਾਜ਼ਿਸ਼ਾਂ ਘੜੀਆਂ ਜਾ ਰਹੀਆਂ ਹਨ ਜਿਸ ਨੂੰ ਲੈ ਕੇ ਇੱਕ ਵਾਰ ਪਹਿਲਾਂ ਵੀ ਬੋਲੀ ਰੱਦ ਹੋ ਚੁੱਕੀ ਹੈ।