ਪਹਿਲਵਾਨ ਧੀਆਂ ਦੇ ਹੱਕ ’ਚ ਸੜਕਾਂ ’ਤੇ ਉਤਰੇ ਕਿਸਾਨ
ਨਿੱਜੀ ਪੱਤਰ ਪ੍ਰੇਰਕ
ਸੰਗਰੂਰ, 5 ਜੂਨ
ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤਹਿਤ ਵੱਖ-ਵੱਖ ਕਿਸਾਨ ਜਥੇਬੰਦੀਆਂ ਵਲੋਂ ਅੱਜ ਜ਼ਿਲ੍ਹਾ ਭਰ ਵਿਚ ਸ਼ਹਿਰਾਂ ਅਤੇ ਪਿੰਡਾਂ ਵਿਚ ਭਾਰਤੀ ਕੁਸ਼ਤੀ ਫੈਡਰੇਸ਼ਨ ਦੇ ਪ੍ਰਧਾਨ ਤੇ ਭਾਜਪਾ ਸੰਸਦ ਮੈਂਬਰ ਬ੍ਰਿਜ ਭੂਸ਼ਣ ਸ਼ਰਨ ਸਿੰਘ ਦੇ ਪੁਤਲੇ ਫ਼ੂਕਦਿਆਂ ਕੇਂਦਰ ਸਰਕਾਰ ਖ਼ਿਲਾਫ਼ ਮੁਜ਼ਾਹਰੇ ਕੀਤੇ ਗਏ। ਭਾਕਿਯੂ ਏਕਤਾ ਉਗਰਾਹਾਂ ਦੇ ਬਲਾਕ ਪ੍ਰਧਾਨ ਗੋਬਿੰਦਰ ਸਿੰਘ ਮੰਗਵਾਲ ਦੀ ਅਗਵਾਈ ਹੇਠ ਕਿਸਾਨ ਸਥਾਨਕ ਅਨਾਜ ਮੰਡੀ ‘ਚ ਇਕੱਠੇ ਹੋਏ ਜਿਥੋਂ ਰੋਸ ਮਾਰਚ ਕਰਦਿਆਂ ਐੱਸਡੀਐੱਮ ਦਫ਼ਤਰ ਅੱਗੇ ਪੁੱਜੇ ਅਤੇ ਬ੍ਰਿਜ ਭੂਸ਼ਣ ਸ਼ਰਨ ਸਿੰਘ ਦਾ ਪੁਤਲਾ ਫ਼ੂਕਦਿਆਂ ਪ੍ਰਦਰਸ਼ਨ ਕੀਤਾ ਗਿਆ। ਉਨ੍ਹਾਂ ਐਲਾਨ ਕੀਤਾ ਕਿ ਇਨਸਾਫ ਦਿਵਾਉਣ ਲਈ ਤਿੱਖੇ ਸੰਘਰਸ਼ ਕੀਤੇ ਜਾਣਗੇ। ਇਸ ਤੋਂ ਇਲਾਵਾ ਸੰਯੁਕਤ ਕਿਸਾਨ ਮੋਰਚੇ ‘ਚ ਸ਼ਾਮਲ ਵੱਖ-ਵੱਖ ਕਿਸਾਨ ਜਥੇਬੰਦੀਆਂ ਵਲੋਂ ਜ਼ਿਲ੍ਹੇ ਦੇ ਦੋ ਦਰਜਨ ਪਿੰਡਾਂ ਵਿਚ ਬ੍ਰਿਜ ਭੂਸ਼ਣ ਸ਼ਰਨ ਸਿੰਘ ਦੇ ਪੁਤਲੇ ਫ਼ੂਕੇ ਗਏ।
ਅਮਰਗੜ੍ਹ (ਪੱਤਰ ਪ੍ਰੇਰਕ): ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਨੇ ਪਹਿਲਵਾਨਾਂ ਦੇ ਹੱਕ ਵਿਚ ਤਹਿਸੀਲ ਦਫ਼ਤਰ ਸਾਹਮਣੇ ਧਰਨਾ ਦਿੱਤਾ ਅਤੇ ਬਾਜ਼ਾਰ ਵਿਚ ਮੋਦੀ ਸਰਕਾਰ ਤੇ ਬ੍ਰਿਜ ਭੂਸ਼ਦ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਆਗੂਆਂ ਨੇ ਚਿਤਾਵਨੀ ਦਿੱਤੀ ਕਿ ਜਿੰਨੀ ਦੇਰ ਤੱਕ ਬ੍ਰਿਜ ਭੂਸ਼ਣ ਨੂੰ ਗ੍ਰਿਫਤਾਰ ਕਰਕੇ ਜੇਲ੍ਹ ਨਹੀਂ ਭੇਜਿਆ ਜਾਂਦਾ ਉਨੀ ਦੇਰ ਤੱਕ ਸੰਘਰਸ਼ ਜਾਰੀ ਰਹੇਗਾ।
ਮਾਲੇਰਕੋਟਲਾ (ਨਿੱਜੀ ਪੱਤਰ ਪ੍ਰੇਰਕ): ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ‘ਤੇ ਕਿਰਤੀ ਕਿਸਾਨ ਯੂਨੀਅਨ ਦੀ ਪਿੰਡ ਹਥਨ ਇਕਾਈ ਨੇ ਜ਼ਿਲ੍ਹਾ ਆਗੂ ਚਮਕੌਰ ਸਿੰਘ ਹਥਨ ਦੀ ਅਗਵਾਈ ਹੇਠ ਭਾਰਤੀ ਕੁਸ਼ਤੀ ਸੰਘ ਦੇ ਪ੍ਰਧਾਨ ਅਤੇ ਭਾਜਪਾ ਦੇ ਸੰਸਦ ਮੈਂਬਰ ਬ੍ਰਿਜ ਭੂਸ਼ਨ ਸ਼ਰਨ ਸਿੰਘ ਦਾ ਪੁਤਲਾ ਫੂਕਿਆ ਗਿਆ।
ਮਸਤੂਆਣਾ (ਪੱਤਰ ਪ੍ਰੇਰਕ): ਨੇੜਲੇ ਪਿੰਡ ਦੁੱਗਾਂ ਵਿੱਚ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ‘ਤੇ ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ-ਧਨੇਰ) ਵੱਲੋਂ ਭਾਰਤੀ ਕੁਸ਼ਤੀ ਫੈਡਰੇਸ਼ਨ ਦੇ ਪ੍ਰਧਾਨ ਬ੍ਰਿਜ ਭੂਸ਼ਣ ਦਾ ਪੁਤਲਾ ਫੂਕਿਆ ਗਿਆ। ਇਸ ਮੌਕੇ ਯੂਨੀਅਨ ਦੇ ਸੂਬਾ ਕਮੇਟੀ ਮੈਂਬਰ ਸਾਹਿਬ ਸਿੰਘ ਬਡਬਰ, ਜ਼ਿਲ੍ਹਾ ਸੰਗਰੂਰ ਦੇ ਸੀਨੀਅਰ ਮੀਤ ਪ੍ਰਧਾਨ ਮੱਖਣ ਸਿੰਘ ਦੁੱਗਾਂ, ਜ਼ਿਲ੍ਹਾ ਪ੍ਰੈੱਸ ਸਕੱਤਰ ਜਗਤਾਰ ਸਿੰਘ ਦੁੱਗਾਂ ਕਿਹਾ ਕਿ ਸੂਬਾ ਪ੍ਰਧਾਨ ਮਨਜੀਤ ਸਿੰਘ ਧਨੇਰ ਦੀਆਂ ਹਦਾਇਤਾਂ ਅਨੁਸਾਰ ਪਹਿਲਵਾਨ ਧੀਆਂ ਦੀ ਹਮਾਇਤ ਵਿੱਚ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ।
ਲਹਿਰਾਗਾਗਾ (ਪੱਤਰ ਪੇਰਕ): ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਬਲਾਕ ਲਹਿਰਾਗਾਗਾ ਵੱਲੋਂ ਦਿੱਲੀ ਧਰਨਾ ਦੇ ਰਹੀਆਂ ਮਹਿਲਾ ਪਹਿਲਵਾਨਾਂ ਦੇ ਹੱਕ ਵਿੱਚ ਅੱਜ ਨੂੰ ਜਥੇਬੰਦੀ ਵੱਲੋਂ ਬਲਾਕ ਪੱਧਰੀ ਇਕੱਠ ਕਰਕੇ ਐੱਸਡੀਐੱਮ ਦਫ਼ਤਰ ਅੱਗੇ ਬ੍ਰਿਜ ਭੂਸ਼ਣ ਸ਼ਰਨ ਸਿੰਘ ਅਤੇ ਕੇਂਦਰ ਦੀ ਭਾਜਪਾ ਸਰਕਾਰ ਦੀਆਂ ਅਰਥੀਆਂ ਸਾੜੀਆਂ ਗਈਆਂ। ਪ੍ਰਦਰਸ਼ਨਕਾਰੀਆਂ ਨੇ ਨਾਅਰੇਬਾਜ਼ੀ ਕਰਕੇ ਮੰਗ ਕੀਤੀ ਕਿ ਕੁਸ਼ਤੀ ਫੈਡਰੇਸ਼ਨ ਦੇ ਪ੍ਰਧਾਨ ਨੂੰ ਜਿਨਸੀ ਸ਼ੋਸ਼ਣ ਮਾਮਲੇ ਚ ਤੁਰੰਤ ਅਹੁਦੇ ਤੋਂ ਬਰਖਾਸਤ ਕਰਕੇ ਗ੍ਰਿਫ਼ਤਾਰ ਕੀਤਾ ਜਾਵੇ ਅਤੇ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇ।
ਭਵਾਨੀਗੜ੍ਹ (ਪੱਤਰ ਪ੍ਰੇਰਕ): ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਵੱਲੋਂ ਅੱਜ ਇੱਥੇ ਬਠਿੰਡਾ-ਚੰਡੀਗੜ੍ਹ ਨੈਸ਼ਨਲ ਹਾਈਵੇਅ ‘ਤੇ ਨਵੇਂ ਬੱਸ ਸਟੈਂਡ ਨੇੜੇ ਭਾਰਤੀ ਕੁਸ਼ਤੀ ਫੈਡਰੇਸ਼ਨ ਦੇ ਪ੍ਰਧਾਨ ਬ੍ਰਿਜ ਭੂਸ਼ਣ ਸ਼ਰਨ ਸਿੰਘ ਦਾ ਪੁਤਲਾ ਫੂਕਿਆ ਗਿਆ। ਯੂਨੀਅਨ ਵੱਲੋਂ ਪਹਿਲਾਂ ਅਨਾਜ ਮੰਡੀ ਵਿੱਚ ਬਲਾਕ ਪ੍ਰਧਾਨ ਅਜ਼ੈਬ ਸਿੰਘ ਲੱਖੇਵਾਲ ਦੀ ਅਗਵਾਈ ਹੇਠ ਰੈਲੀ ਕੀਤੀ ਗਈ। ਕਿਸਾਨ ਆਗੂਆਂ ਨੇ ਦੱਸਿਆ ਕਿ ਯੂਨੀਅਨ ਵੱਲੋਂ ਪਹਿਲਵਾਨ ਧੀਆਂ ਨੂੰ ਇਨਸਾਫ ਦਿਵਾਉਣ ਲਈ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ‘ਤੇ ਚੱਲ ਰਹੇ ਸੰਘਰਸ਼ ਦੀ ਡਟਵੀਂ ਹਮਾਇਤ ਕਰਦਿਆਂ ਭਾਰਤ ਭੂਸ਼ਨ ਸਰਨ ਨੂੰ ਤੁਰੰਤ ਗ੍ਰਿਫਤਾਰ ਕਰਨ ਦੀ ਮੰਗ ਕੀਤੀ ਗਈ ਹੈ।
ਸਮਾਣਾ (ਪੱਤਰ ਪ੍ਰੇਰਕ): ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ‘ਤੇ ਪਹਿਲਵਾਨ ਧੀਆਂ ਨੂੰ ਕੇਂਦਰ ਸਰਕਾਰ ਵੱਲੋਂ ਇਨਸਾਫ ਨਾ ਦੇਣ ਦੇ ਰੋਸ ਵਜੋਂ ਕੇਂਦਰ ਸਰਕਾਰ ਅਤੇ ਬ੍ਰਿਜ ਭੂਸ਼ਣ ਦੇ ਪੁਤਲੇ ਸਾੜੇ ਗਏ। ਇਸ ਮੌਕੇ ਸ਼ਮਸ਼ੇਰ ਸਿੰਘ ਕਾਕੜਾ, ਕੁਲਬੀਰ ਸਿੰਘ ਟੋਡਰਪੁਰ ਹਾਜ਼ਰ ਸਨ।
ਰਾਜਪੁਰਾ (ਨਿੱਜੀ ਪੱਤਰ ਪ੍ਰੇਰਕ): ਇੱਥੇ ਅੱਜ ਭਾਜਪਾ ਸੰਸਦ ਮੈਂਬਰ ਬ੍ਰਿਜ ਭੂਸ਼ਣ ਸਰਨ ਸਿੰਘ ਦਾ ਕਿਸਾਨ ਜਥੇਬੰਦੀਆਂ ਵੱਲੋਂ ਇੱਥੇ ਆਈਟੀਆਈ ਚੌਕ ਵਿਚ ਪੁਤਲਾ ਫੂਕਿਆ ਗਿਆ। ਇਸ ਤੋਂ ਪਹਿਲਾਂ ਕਿਸਾਨਾਂ ਨੇ ਪਹਿਲਵਾਨਾ ਦਾ ਹੱਕ ਵਿੱਚ ਨਾਅਰੇਬਾਜ਼ੀ ਕੀਤੀ।
ਪਾਤੜਾਂ (ਪੱਤਰ ਪ੍ਰੇਰਕ): ਕਿਸਾਨ ਜਥੇਬੰਦੀਆਂ ਦੇ ਕਾਰਕੁਨਾਂ ਨੇ ਦਿੱਲੀ ਸੰਗਰੂਰ ਕੌਮੀ ਮੁੱਖ ਮਾਰਗ ਤੇ ਸ਼ਹਿਰ ਦੇ ਸ਼ਹੀਦ ਭਗਤ ਸਿੰਘ ਚੌਕ ਵਿੱਚ ਮੁਜ਼ਾਹਰਾ ਕਰਕੇ ਸੰਸਦ ਮੈਂਬਰ ਬ੍ਰਿਜ ਭੂਸ਼ਣ, ਸ਼ਰਨ ਸਿੰਘ ਦਾ ਪੁਤਲਾ ਫੂਕਿਆ। ਇਸ ਮੌਕੇ ਕੇਂਦਰ ਸਰਕਾਰ ਤੇ ਬ੍ਰਿਜ ਭੂਸ਼ਣ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ।
ਸ਼ੇਰਪੁਰ (ਪੱਤਰ ਪ੍ਰੇਰਕ): ਸੰਯੁਕਤ ਮੋਰਚੇ ਦੇ ਸੱਦੇ ‘ਤੇ ਅੱਜ ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਜਰਨੈਲ ਸਿੰਘ ਜਹਾਂਗੀਰ ਅਤੇ ਬਲਾਕ ਪ੍ਰਧਾਨ ਮੇਹਰ ਸਿੰਘ ਈਸਾਪੁਰ ਦੀ ਸਾਂਝੀ ਅਗਵਾਈ ਹੇਠ ਪਿੰਡ ਈਸਾਪੁਰ ਲੰਡਾ, ਜਹਾਂਗੀਰ ਅਤੇ ਰਾਜੋਮਾਜਰਾ ਵਿੱਚ ਕੁਸ਼ਤੀ ਫੈੱਡਰੇਸ਼ਨ ਦੇ ਪ੍ਰਧਾਨ ਬ੍ਰਿਜ ਭੂਸ਼ਨ ਦਾ ਪੁਤਲਾ ਫੂਕਿਆ।
ਪਟਿਆਲਾ (ਪੱਤਰ ਪ੍ਰੇਰਕ): ਇੱਥੇ ਅੱਜ ਪਟਿਆਲਾ ਵਿਚ ਮਾਲ ਰੋਡ ‘ਤੇ ਮਾਰਚ ਕਰਨ ਤੋਂ ਬਾਅਦ ਭਾਰਤੀ ਕਿਸਾਨ ਯੂਨੀਅਨ ਏਕਤਾ ਆਜ਼ਾਦ ਵੱਲੋਂ ਬ੍ਰਿਜ ਭੂਸ਼ਣ ਸ਼ਰਨ ਸਿੰਘ ਦਾ ਪੁਤਲਾ ਸਾੜਿਆ ਅਤੇ ਮੁਲਜ਼ਮ ਨੂੰ ਜਲਦ ਗ੍ਰਿਫ਼ਤਾਰ ਕਰਨ ਦੀ ਮੰਗ ਕੀਤੀ ਗਈ।
ਰੇਲਾਂ ਰੋਕਣ ਦੀ ਚਿਤਾਵਨੀ
ਧੂਰੀ (ਖੇਤਰੀ ਪ੍ਰਤੀਨਿਧ): ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਐੱਸਡੀਐੱਮ ਦਫ਼ਤਰ ਵਿੱਚ ਲੋਕ ਸਭਾ ਮੈਂਬਰ ਬ੍ਰਿਜ ਭੂਸ਼ਣ ਸ਼ਰਨ ਸਿੰਘ ਦਾ ਪੁਤਲਾ ਸਾੜ ਕੇ ਕੇਂਦਰ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਯੂਨੀਅਨ ਦੇ ਆਗੂ ਹਰਬੰਸ ਸਿੰਘ ਲੱਡਾ ਨੇ ਕਿਹਾ ਕਿ ਪਹਿਲਵਾਨਾਂ ਉੱਪਰ ਤਸ਼ੱਦਦ ਕਰਨ ਵਾਲੇ ਪੁਲੀਸ ਅਫਸਰਾਂ ‘ਤੇ ਕਾਰਵਾਈ ਤੋਂ ਇਲਾਵਾ ਬ੍ਰਿਜ ਭੂਸ਼ਣ ਵਿਰੁੱਧ ਕਾਰਵਾਈ ਕਰਨ ਲਈ ਪੰਜਾਬ ਦੇ ਗਵਰਨਰ ਨੂੰ ਕਿਸਾਨ ਜਥੇਬੰਦੀਆਂ ਮੰਗ ਪੱਤਰ ਦੇਣਗੀਆਂ ਜੇ ਫਿਰ ਵੀ ਕੋਈ ਕਾਰਵਾਈ ਨਹੀਂ ਹੁੰਦੀ ਤਾਂ ਪੰਜਾਬ ਅੰਦਰ ਸੰਘਰਸ਼ ਨੂੰ ਹੋਰ ਤਿੱਖਾ ਕਰਦਿਆਂ ਰੇਲਾਂ ਵੀ ਰੋਕੀਆਂ ਜਾ ਸਕਦੀਆਂ ਹਨ।