ਲੋਕ ਹਿੱਤ ਸੰਘਰਸ਼ ਕਮੇਟੀ ਦੀ ਮੀਟਿੰਗ
ਸੁਨਾਮ ਊਧਮ ਸਿੰਘ ਵਾਲਾ, 10 ਮਈ
ਸ਼ਹੀਦ ਊਧਮ ਸਿੰਘ ਲੋਕ ਹਿੱਤ ਸੰਘਰਸ਼ ਕਮੇਟੀ ਦੀ ਮੀਟਿੰਗ ਵਿੱਚ ਭਾਰਤ-ਪਾਕਿ ਜੰਗ ’ਤੇ ਚਿੰਤਾ ਪ੍ਰਗਟ ਕੀਤੀ ਗਈ। ਬੁਲਾਰਿਆਂ ਦਾ ਕਹਿਣਾ ਸੀ ਕਿ ਜੰਗ ਕਿਸੇ ਸਮੱਸਿਆ ਦਾ ਹੱਲ ਨਹੀਂ ਹੁੰਦੀ ਅਤੇ ਅਮਨ ਦਾ ਕੋਈ ਬਦਲ ਨਹੀਂ ਹੁੰਦਾ। ਕਾਮਰੇਡ ਨਿਰਮਲ ਸਿੰਘ ਦੀ ਪ੍ਰਧਾਨਗੀ ਹੇਠ ਹੋਈ ਇਸ ਮੀਟਿੰਗ ਵਿਚ ਬੁਲਾਰਿਆਂ ਨੇ ਦੋਹਾਂ ਮੁਲਕਾਂ ਦੇ ਆਗੂਆਂ ਨੂੰ ਜੰਗ ਤੋਂ ਗੁਰੇਜ਼ ਕਰਦਿਆਂ ਮਸਲਾ ਬੈਠ ਕੇ ਹੱਲ ਕਰਨ ਦੀ ਅਪੀਲ ਵੀ ਕੀਤੀ। ਇਸ ਮੌਕੇ ਇੱਕਠੇ ਹੋਏ ਸਾਥੀਆਂ ਨੂੰ ਸੰਬੋਧਨ ਕਰਦਿਆਂ ਜਥੇਬੰਦੀ ਦੇ ਕਨਵੀਨਰ ਕਾਮਰੇਡ ਵਰਿੰਦਰ ਕੌਸ਼ਿਕ ਅਤੇ ਐਡਵੋਕੇਟ ਮਿੱਤ ਸਿੰਘ ਜਨਾਲ ਨੇ ਕਿਹਾ ਕਿ ਭਾਰਤ-ਪਾਕਿਸਤਾਨ ਦੇ ਜੰਗੀ ਟਕਰਾਅ ਵਿਚ ਦੋਹਾਂ ਪਾਸਿਆਂ ਦੇ ਬੇਕਸੂਰ ਨਾਗਰਿਕ ਸ਼ਿਕਾਰ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਜੰਗ ਵਿਚ ਮੌਤ ਇਨਸਾਨ ਦੀ ਹੁੰਦੀ ਹੈ ਅਤੇ ਘਾਣ ਹਮੇਸ਼ਾਂ ਇਨਸਾਨੀਅਤ ਦਾ ਹੁੰਦਾ ਹੈ। ਕਮੇਟੀ ਦੇ ਬੁਲਾਰਿਆਂ ਨੇ ਕਿਹਾ ਕਿ ਅੱਜ ਦੋਹਾਂ ਦੇਸ਼ਾਂ ਦੇ ਸਾਹਮਣੇ ਗਰੀਬੀ, ਅੰਦਰੂਨੀ ਧਰਮ ਅਤੇ ਜਾਤ ਦੀ ਲੜਾਈ ਵੱਡੀ ਚੁਣੌਤੀ ਹੈ, ਜਿਸ ਨੂੰ ਹੱਲ ਕਰਨਾ ਦੋਹਾਂ ਦੇਸ਼ਾਂ ਲਈ ਜ਼ਰੂਰੀ ਹੈ। ਬੁਲਾਰਿਆਂ ਨੇ ਇਸ ਨਾਜ਼ੁਕ ਸਮੇਂ ਦੌਰਾਨ ਆਮ ਲੋਕਾਂ ਨੂੰ ਸਹਿਨਸ਼ੀਲਤਾ ਅਪਣਾਉਣ ਦੀ ਵੀ ਅਪੀਲ ਕੀਤੀ। ਇਸ ਮੌਕੇ ਹਰਭਗਵਾਨ ਸ਼ਰਮਾ, ਦਰਸ਼ਨ ਸਿੰਘ ਮੱਟੂ, ਮਹਿੰਦਰਪਾਲ ਰੇਗਰ ਹਾਜ਼ਰ ਸਨ।