ਬਸਪਾ ਵਰਕਰਾਂ ਵੱਲੋਂ ਬਾਲੀਆਂ ਸਦਰ ਥਾਣੇ ਅੱਗੇ ਧਰਨਾ
ਨਿੱਜੀ ਪੱਤਰ ਪ੍ਰੇਰਕ
ਸੰਗਰੂਰ, 10 ਮਈ
ਬਹੁਜਨ ਸਮਾਜ ਪਾਰਟੀ ਦੇ ਵਰਕਰਾਂ ਵੱਲੋਂ ਥਾਣਾ ਸਦਰ ਪੁਲੀਸ ਬਾਲੀਆਂ ਅੱਗੇ ਧਰਨਾ ਦਿੱਤਾ ਗਿਆ ਅਤੇ ਪੁਲੀਸ ’ਤੇ ਪੱਖਪਾਤ ਦੇ ਦੋਸ਼ ਲਾਉਂਦੇ ਹੋਏ ਨਾਅਰੇਬਾਜ਼ੀ ਕੀਤੀ। ਧਰਨਾਕਾਰੀ ਪਿੰਡ ਬਾਲੀਆਂ ਵਿੱਚ ਆਰਓ ਸਿਸਟਮ ’ਤੇ ਕੰਮ ਕਰ ਰਹੇ ਦਲਿਤ ਵਰਗ ਦੇ ਵਿਅਕਤੀ ਚਮਕੌਰ ਸਿੰਘ ਨੂੰ ਪੰਚਾਇਤ ਵਲੋਂ ਕਥਿਤ ਤੌਰ ’ਤੇ ਹਟਾਉਣ ਅਤੇ ਚਮਕੌਰ ਸਿੰਘ ਸਮੇਤ ਤਿੰਨ ਵਿਅਕਤੀਆਂ ਖ਼ਿਲਾਫ਼ ਹੀ ਕੇਸ ਦਰਜ ਕਰਵਾਉਣ ਤੋਂ ਖਫ਼ਾ ਹਨ।
ਧਰਨੇ ਨੂੰ ਸੰਬੋਧਨ ਕਰਦਿਆਂ ਬਸਪਾ ਦੇ ਸੂਬਾ ਜਨਰਲ ਸਕੱਤਰ ਚਮਕੌਰ ਸਿੰਘ ਵੀਰ ਨੇ ਦੱਸਿਆ ਕਿ ਪਿੰਡ ਬਾਲੀਆਂ ਵਿੱਚ ਕਰੀਬ 15 ਸਾਲ ਪਹਿਲਾਂ ਇੱਕ ਆਰ.ਓ. ਲੱਗਿਆ ਸੀ ਜਿਸ ਉਪਰ ਦਲਿਤ ਵਰਗ ਨਾਲ ਸਬੰਧਤ ਚਮਕੌਰ ਸਿੰਘ ਅਪਰੇਟਰ ਦੇ ਤੌਰ ’ਤੇ ਕੰਮ ਕਰਦਾ ਸੀ ਜਿਸ ਨੂੰ ਪਿੰਡ ਦੀ ਪੰਚਾਇਤ ਵਲੋਂ 2012 ਵਿਚ ਮਤਾ ਪਾ ਕੇ ਰੱਖਿਆ ਸੀ ਪਰ ਤਬਦੀਲ ਹੋਈ ਪਿੰਡ ਦੀ ਪੰਚਾਇਤ ਵਲੋਂ ਅਪਰੇਟਰ ਚਮਕੌਰ ਸਿੰਘ ਨੂੰ ਕੰਮ ਤੋਂ ਹਟਾ ਦਿੱਤਾ ਗਿਆ ਅਤੇ ਆਰ.ਓ. ਦੇ ਅੰਦਰ ਤੇ ਬਾਹਰ ਚਮਕੌਰ ਸਿੰਘ ਵਲੋਂ ਲਗਾਏ ਸਾਮਾਨ ’ਤੇ ਕਥਿਤ ਰੂਪ ਵਿਚ ਕਬਜ਼ਾ ਕਰ ਲਿਆ। ਉਨ੍ਹਾਂ ਦੋਸ਼ ਲਾਇਆ ਕਿ ਚਮਕੌਰ ਸਿੰਘ ਨੂੰ ਹਟਾਉਣ ਤੋਂ ਬਾਅਦ ਸਰਪੰਚ ਦੇ ਪਰਿਵਾਰ ਨਾਲ ਸਬੰਧਤ ਖਾਸ ਮੈਂਬਰਾਂ ਵਲੋਂ ਚਮਕੌਰ ਸਿੰਘ ਸਮੇਤ ਤਿੰਨ ਜਣਿਆਂ ਖ਼ਿਲਾਫ਼ ਪੁਲੀਸ ਕੇਸ ਦਰਜ ਕਰਵਾ ਦਿੱਤਾ ਗਿਆ। ਉਨ੍ਹਾਂ ਪਿੰਡ ਦੀ ਪੰਚਾਇਤ, ਜ਼ਿਲ੍ਹਾ ਪੁਲੀਸ ਮੁਖੀ ਸੰਗਰੂਰ, ਡੀਐੱਸਪੀ ਆਰ ਸੰਗਰੂਰ ਅਤੇ ਥਾਣਾ ਸਦਰ ਪੁਲੀਸ ਦੇ ਮੁਖੀ ਤੋਂ ਮੰਗ ਕੀਤੀ ਕਿ ਆਰ.ਓ. ਦੇ ਅੰਦਰ ਅਤੇ ਬਾਹਰ ਚਮਕੌਰ ਸਿੰਘ ਵਲੋਂ ਲਗਾਇਆ ਹੋਇਆ ਸਾਮਾਨ ਵਾਪਸ ਦਿਵਾਇਆ ਜਾਵੇ ਅਤੇ ਚਮਕੌਰ ਸਿੰਘ ਤੇ ਹੋਰਾਂ ਕੀਤਾ ਗਿਆ ਕੇਸ ਰੱਦ ਕੀਤਾ ਜਾਵੇ। ਇਸ ਮੌਕੇ ਬਸਪਾ ਆਗੂ ਸੂਬੇਦਾਰ ਰਣਧੀਰ ਸਿੰਘ ਨਾਗਰਾ, ਨਿਰਮਲ ਸਿੰਘ ਮੱਟੂ, ਮਿੱਠਾ ਸਿੰਘ, ਮੁਖਤਿਆਰ ਸਿੰਘ ਪੰਚ, ਬਲਵੀਰ ਸਿੰਘ, ਨਛੱਤਰ ਸਿੰਘ, ਸਤਵਿੰਦਰ ਸਿੰਘ, ਚਮਕੌਰ ਸਿੰਘ, ਬਲਵਿੰਦਰ ਸਿੰਘ, ਅਮਨਦੀਪ ਕੌਰ, ਰਾਜਵੀਰ ਕੌਰ, ਸੁਰਜੀਤ ਕੌਰ, ਬਲਜੀਤ ਕੌਰ, ਜਸਵੀਰ ਕੌਰ, ਸਮਸ਼ੇਰ ਸਿੰਘ, ਬਲਵਿੰਦਰ ਸਿੰਘ, ਜੀਵਨ ਸਿੰਘ ਭੋਲਾ ਸਿੰਘ ਆਦਿ ਮੌਜੂਦ ਸਨ।
ਥਾਣਾ ਮੁਖੀ ਨੇ ਦੋਸ਼ ਨਕਾਰੇ
ਥਾਣਾ ਸਦਰ ਪੁਲੀਸ ਦੇ ਇੰਚਾਰਜ ਕਸ਼ਮੀਰ ਸਿੰਘ ਨੇ ਪੱਖਪਾਤੀ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਦੋਵੇਂ ਧਿਰਾਂ ਨਾਲ ਗੱਲਬਾਤ ਹੋ ਗਈ ਹੈ ਅਤੇ ਮਾਮਲਾ ਨਿਬੇੜਨ ਲਈ ਦੋਵੇਂ ਧਿਰਾਂ ਸਹਿਮਤ ਹੋ ਗਈਆਂ ਹਨ। ਉਮੀਦ ਹੈ ਕਿ ਭਲਕੇ ਮਾਮਲਾ ਸੁਲਝ ਜਾਵੇਗਾ।Advertisement