ਕਿਸਾਨ ਅੰਦੋਲਨ: ਰਿਹਾਈ ਮਗਰੋਂ ਘਰ ਪੁੱਜੇ ਜਗਦੇਵ ਭੈਣੀਬਾਘਾ ਦਾ ਸਨਮਾਨ
ਪੱਤਰ ਪ੍ਰੇਰਕ
ਮਾਨਸਾ, 29 ਮਾਰਚ
ਸ਼ੰਭੂ ਅਤੇ ਖਨੌਰੀ ਮੋਰਚਿਆਂ ਦੇ ਮੁੱਖ ਆਗੂਆਂ ਨੂੰ ਗੱਲਬਾਤ ਲਈ ਸੱਦ ਕੇ ਵਾਪਸੀ ਸਮੇਂ ਪੰਜਾਬ ਪੁਲੀਸ ਵੱਲੋਂ ਗ੍ਰਿਫ਼ਤਾਰ ਕਰਨ ਅਤੇ ਮੋਰਚਿਆਂ ਨੂੰ ਹਟਾਉਣ ਮੌਕੇ ਗ੍ਰਿਫ਼ਤਾਰ ਕੀਤੇ ਕਿਸਾਨ ਆਗੂਆਂ ਨੂੰ ਪੁਲੀਸ ਦੁਆਰਾ ਛੱਡਣ ਤੋਂ ਬਾਅਦ ਹੁਣ ਉਨ੍ਹਾਂ ਕਿਸਾਨਾਂ ਦਾ ਘਰਾਂ ਨੂੰ ਪਰਤਣ ਸਮੇਂ ਲੋਕਾਂ ਵੱਲੋਂ ਸਨਮਾਨ ਕੀਤਾ ਜਾ ਰਿਹਾ ਹੈ। ਇਸੇ ਤਹਿਤ ਭਾਰਤੀ ਕਿਸਾਨ ਯੂਨੀਅਨ (ਏਕਤਾ ਸਿੱਧੂਪੁਰ) ਦੇ ਜ਼ਿਲ੍ਹਾ ਪ੍ਰਧਾਨ ਜਗਦੇਵ ਸਿੰਘ ਭੈਣੀਬਾਘਾ ਦਾ ਅੱਜ ਪਿੰਡ ਭੈਣੀਬਾਘਾ ਵਿਖੇ ਸਨਮਾਨ ਕੀਤਾ ਗਿਆ ਹੈ। ਉਹ 10 ਦਿਨਾਂ ਤੋਂ ਬਾਅਦ ਨਾਭਾ ਜੇਲ੍ਹ ਕੱਲ੍ਹ ਦੁਪਹਿਰ ਵੇਲੇ ਰਿਹਾਅ ਹੋਏ ਸਨ ਅਤੇ ਉਨ੍ਹਾਂ ਨੂੰ ਪੰਜਾਬ ਪੁਲੀਸ ਵੱਲੋਂ ਖਨੌਰੀ ਬਰਾਡਰ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ। ਅੱਜ ਦੇ ਸਨਮਾਨ ਸਮਾਰੋਹ ਦੌਰਾਨ ਪਿੰਡ ਭੈਣੀਬਾਘਾ ਦੇ ਨੌਜਵਾਨਾਂ, ਕਿਸਾਨ ਅਤੇ ਮਾਈਆਂ ਨੇ ਵੱਡੇ ਰੂਪ ਵਿੱਚ ਪੁੱਜ ਕੇ ਉਨ੍ਹਾਂ ਨੂੰ ਕਿਸਾਨੀ ਮਸਲਿਆਂ ਲਈ ਕੀਤੇ ਜਾ ਰਹੇ ਕਾਰਜਾਂ ਸਬੰਧੀ ਹੱਲੇਸ਼ਾਰੀ ਦਿੱਤੀ ਗਈ। ਜਗਦੇਵ ਸਿੰਘ ਭੈਣੀਬਾਘਾ ਨੇ ਕਿਹਾ ਕਿ ਭਾਰਤੀ ਕਿਸਾਨ ਯੂਨੀਅਨ (ਏਕਤਾ ਸਿੱਧੂਪੁਰ) ਦੇ ਸੂਬਾ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ ਵੱਲੋਂ ਪੁਲੀਸ ਹਿਰਾਸਤ ਵਿੱਚ ਪਾਣੀ ਪੀਣ ਤੋਂ ਇਨਕਾਰ ਕਰਨ ਅਤੇ ਗ੍ਰਿਫ਼ਤਾਰ ਸਾਥੀਆਂ ਦੀ ਰਿਹਾਈ ਤੱਕ ਪਾਣੀ ਨਾ ਪੀਣ ਦੇ ਫੈਸਲੇ ਤੋਂ ਬਾਅਦ ਹੀ ਪੰਜਾਬ ਸਰਕਾਰ ਵੱਲੋਂ ਫੜ੍ਹੇ ਗਏ ਸਾਰੇ ਆਗੂਆਂ ਰਿਹਾਅ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਦੀ ਸ਼ਹਿ ’ਤੇ ਪੰਜਾਬ ਸਰਕਾਰ ਨੇ ਧੋਖੇ ਦੇ ਨਾਲ ਧਰਨਿਆਂ ਉਤੇ ਹਮਲਾ ਕਰਕੇ ਕਿਸਾਨ ਵਿਰੋਧੀ ਹੋਣ ਦਾ ਚਿਹਰਾ ਨੰਗਾ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਕੋਈ ਵੀ ਅੰਦੋਲਨ ਲੋਕਾਂ ਨੂੰ ਜੇਲ੍ਹਾਂ ਵਿੱਚ ਡੱਕਣ ਨਾਲ ਸਮਾਪਿਤ ਨਹੀਂ ਹੁੰਦੇ ਅਤੇ ਸੰਘਰਸ਼ ਹਮੇਸ਼ਾ ਚੜ੍ਹਦੀਕਲਾ ਵਿੱਚ ਰਹਿੰਦੇ ਹਨ। ਇਸ ਮੌਕੇ ਜਥੇਬੰਦੀ ਦੀ ਪਿੰਡ ਇਕਾਈ ਦੇ ਪ੍ਰਧਾਨ ਸਿਕੰਦਰ ਸਿੰਘ, ਕਪੂਰ ਸਿੰਘ, ਜੀਤ ਸਿੰਘ, ਬਲਮ ਸਿੰਘ, ਪਾਲ ਸਿੰਘ, ਰੂਪ ਸਿੰਘ, ਨਾਹਰ ਸਿੰਘ ਤੇ ਮਿਲਖਾ ਸਿੰਘ ਨੇ ਸੰਬੋਧਨ ਕੀਤਾ।