ਅੰਬਾਲਾ ਛਾਉਣੀ ਦੀ ਨਵੀਂ ਦਾਣਾ ਮੰਡੀ ਵਿਚ ਕਿਸਾਨਾਂ ਤੇ ਮਜ਼ਦੂਰਾਂ ਨੂੰ 10 ਰੁਪਏ ’ਚ ਮਿਲੇਗਾ ਭੋਜਨ: ਅਨਿਲ ਵਿੱਜ
ਸਰਬਜੀਤ ਸਿੰਘ ਭੱਟੀ
ਅੰਬਾਲਾ, 16 ਅਪਰੈਲ
ਅੰਬਾਲਾ ਛਾਉਣੀ ਦੀ ਨਵੀਂ ਦਾਣਾ ਮੰਡੀ ’ਚ ਕੈਬਨਿਟ ਮੰਤਰੀ ਅਨਿਲ ਵਿੱਜ ਵੱਲੋਂ ਅੱਜ ਅਟਲ ਕਿਸਾਨ ਮਜ਼ਦੂਰ ਕੰਟੀਨ ਦੀ ਸ਼ੁਰੂਆਤ ਕੀਤੀ ਗਈ। ਇਸ ਕੰਟੀਨ ਵਿਚ ਕਿਸਾਨਾਂ ਤੇ ਮਜ਼ਦੂਰਾਂ ਨੂੰ 10 ਰੁਪਏ ਵਿਚ ਭੋਜਨ ਮਿਲੇਗਾ। ਵਿੱਜ ਨੇ ਕਿਹਾ ਕਿ ਇਹ ਮੰਡੀ ਪਹਿਲਾਂ ਅੰਬਾਲਾ ਛਾਉਣੀ ਦੇ ਸਦਰ ਬਾਜ਼ਾਰ ਵਿੱਚ ਸੀ, ਜਿਥੇ ਕਿਸੇ ਤਰ੍ਹਾਂ ਦੀ ਵਿਵਸਥਾ ਨਹੀਂ ਸੀ। ਟਰਾਲੀਆਂ ਖੜ੍ਹੀਆਂ ਕਰਨ, ਬੈਠਣ ਅਤੇ ਅਨਾਜ ਰੱਖਣ ਲਈ ਥਾਂ ਨਹੀਂ ਸੀ। ਇਹ ਵੇਖਦਿਆਂ ਇਹ ਮੰਡੀ ਨਵੀਂ ਥਾਂ ’ਤੇ ਬਣਾਈ ਗਈ ਹੈ।
ਵਿੱਜ ਨੇ ਕਿਹਾ ਕਿ 15 ਰੁਪਏ ਦੀ ਥਾਲੀ ਵਿੱਚੋਂ 5 ਰੁਪਏ ਦੀ ਸਬਸਿਡੀ ਮਾਰਕੀਟ ਕਮੇਟੀ ਦੇ ਰਹੀ ਹੈ, ਤੇ ਇਹ ਕੰਟੀਨ ਮਹਿਲਾ ਸਵੈ-ਸਹਾਇਤਾ ਸਮੂਹ ਵਲੋਂ ਚਲਾਈ ਜਾ ਰਹੀ ਹੈ। ਇਹ ਭੋਜਨ ਖਤੌਲੀ ਪਿੰਡ ਦੀਆਂ 4 ਔਰਤਾਂ ਵਲੋਂ ਬਣਾਇਆ ਜਾਵੇਗਾ, ਜਿਨ੍ਹਾਂ ਨੇ ਯਮੁਨਾਨਗਰ ਦੇ ਹੋਟਲ ਤੋਂ ਮੈਨੇਜਮੈਂਟ ਇੰਸਟੀਚਿਊਟ ਰਾਹੀਂ ਡਿਪਲੋਮਾ ਕੀਤਾ ਹੋਇਆ ਹੈ।
ਪਾਵਰ ਪਲਾਂਟ ਮਾਮਲੇ ’ਚ ਕਾਂਗਰਸੀਆਂ ਦੇ ਦਾਅਵਿਆਂ ਬਾਰੇ ਵਿੱਜ ਨੇ ਕਿਹਾ ਕਿ ‘ਹੁੱਡਾ ਤੇ ਉਸ ਦਾ ਪੁੱਤਰ’ ਭਲਕੇ ਕਹਿਣਗੇ ਧਰਤੀ ਵੀ ਉਨ੍ਹਾਂ ਦੀ ਦੇਣ ਹੈ। ਉਨ੍ਹਾਂ ਕਿਹਾ ਕਿ ਹਕੀਕਤ ਇਹ ਹੈ ਕਿ ਪਾਵਰ ਪਲਾਂਟ ਲਈ ਸੂੁਬਾ ਸਰਕਾਰ ਨੇ ਬੀਐਚਈਐਲ ਨਾਲ ਸਮਝੌਤਾ ਕੀਤਾ ਹੈ ਅਤੇ ਉਸ ਮੀਟਿੰਗ ਵਿਚ ਉਹ ਖੁ਼ਦ ਵੀ ਮੌਜੂਦ ਸਨ। ਪੱਛਮੀ ਬੰਗਾਲ ਹਿੰਸਾ ਬਾਰੇ ਉਨ੍ਹਾਂ ਕਿਹਾ ਕਿ ਪੱਛਮੀ ਬੰਗਾਲ ਵਿੱਚ ਬਾਹਰੀ ਤਾਕਤਾਂ ਰੋਲ ਅਦਾ ਕਰ ਰਹੀਆਂ ਹਨ। ਮਮਤਾ ਬੈਨਰਜੀ ਨੂੰ ਆਪਣਾ ਰਾਜ ਧਰਮ ਨਿਭਾਉਣਾ ਚਾਹੀਦਾ ਹੈ ਅਤੇ ਹਿੰਸਾ ਰੋਕਣ ਲਈ ਕਦਮ ਚੁੱਕਣੇ ਚਾਹੀਦੇ ਹਨ।