ਨਗਰ ਕੌਂਸਲ ਵੱਲੋਂ ਨਾਜਾਇਜ਼ ਉਸਾਰੀਆਂ ਖ਼ਿਲਾਫ਼ ਕਾਰਵਾਈ
ਬੀਐੱਸ ਚਾਨਾ
ਸ੍ਰੀ ਆਨੰਦਪੁਰ ਸਾਹਿਬ, 5 ਮਈ
ਨਗਰ ਕੌਂਸਲ ਦੀ ਟੀਮ ਨ ਵਾਰਡ ਨੰਬਰ 12 ਲੋਧੀਪੁਰ ਤੇ ਚਰਨ ਗੰਗਾ ਪੁਲ ਦੇ ਪਾਰ ਨਾਜਾਇਜ਼ ਤੌਰ ’ਤੇ ਉਸਾਰੀਆਂ ਝੁੱਗੀਆਂ ਢਾਹ ਦਿੱਤੀਆਂ ਹਨ। ਇਸ ਮੌਕੇ ਕਾਰਜ ਸਾਧਕ ਅਫਸਰ ਗੁਰਦੀਪ ਸਿੰਘ ਅਤੇ ਐੱਸਐਚਓ ਦਾਨਿਸ਼ਵੀਰ ਸਿੰਘ ਵੀ ਮੌਜੂਦ ਸਨ। ਅਧਿਕਾਰੀਆਂ ਨੂੰ ਇੱਥੇ ਨਸ਼ਾ ਵੇਚਣ ਦੀਆਂ ਸ਼ਿਕਾਇਤਾਂ ਮਿਲ ਰਹੀਆਂ ਸਨ। ਅਧਿਕਾਰੀਆਂ ਨੇ ਗੈਰ-ਸਮਾਜੀ ਅਨਸਰਾਂ ਨੂੰ ਚਿਤਾਵਨੀ ਦਿੱਤੀ ਕਿ ਹੁਣ ਪੰਜਾਬ ਵਿਚ ਯੁੱਧ ਨਸ਼ਿਆ ਵਿਰੁੱਧ ਮੁਹਿੰਮ ਚੱਲ ਰਹੀ ਹੈ। ਨਸ਼ਿਆਂ ਦਾ ਕਾਰੋਬਾਰ ਕਰਨ ਵਾਲਿਆਂ ਨੂੰ ਕਿਸੇ ਵੀ ਕੀਮਤ ’ਤੇ ਬਖ਼ਸ਼ਿਆ ਨਹੀਂ ਜਾਵੇਗਾ ਤੇ ਇਸ ਦੇ ਲਈ ਸਰਕਾਰ ਸਿਰਤੋੜ ਯਤਨ ਕਰ ਰਹੀ ਹੈ। ਇਸ ਮੌਕੇ ਨਗਰ ਕੌਂਸਲ ਪ੍ਰਧਾਨ ਪ੍ਰਧਾਨ ਹਰਜੀਤ ਸਿੰਘ ਜੀਤਾ, ਸੁਨੀਲ ਅੱਡਵਾਲ, ਪ੍ਰਧਾਨ ਟੈਕਸੀ ਯੂਨੀਅਨ ਨਛੱਤਰ ਰੰਧਾਵਾ ਆਦਿ ਹਾਜ਼ਰ ਸਨ।
ਅੰਬਾਲਾ (ਸਰਬਜੀਤ ਸਿੰਘ ਭੱਟੀ): ਅੰਬਾਲੇ ਦੇ ਜ਼ਿਲ੍ਹਾ ਨਗਰ ਯੋਜਨਾ ਵਿਭਾਗ ਵੱਲੋਂ ਤਹਿਸੀਲ ਬਰਾੜਾ ਦੇ ਪਿੰਡ ਸੀਮਬਲਾ ਵਿੱਚ ਬਣ ਰਹੀਆਂ 2 ਗੈਰ-ਕਾਨੂੰਨੀ ਕਾਲੋਨੀਆਂ ’ਤੇ ਪੀਲਾ ਪੰਜਾ ਚਲਾ ਕੇ ਨੀਂਹਾਂ ਢਾਹ ਦਿੱਤੀਆਂ ਗਈਆਂ। ਇਸ ਮੌਕੇ ਜ਼ਿਲ੍ਹਾ ਨਗਰ ਯੋਜਨਾਕਾਰ ਰੋਹਿਤ ਚੌਹਾਨ, ਡਿਊਟੀ ਮੈਜਿਸਟਰੇਟ ਅਭਿਸ਼ੇਕ ਅਤੇ ਪੁਲੀਸ ਬਲ ਮੌਜੂਦ ਸਨ। ਉਨ੍ਹਾਂ ਲੋਕਾਂ ਨੂੰ ਚਿਤਾਵਨੀ ਦਿੱਤੀ ਕਿ ਇਹੋ ਜਿਹੀ ਕਾਲੋਨੀਆਂ ’ਚ ਪਲਾਟ ਨਾ ਲਿਆ ਜਾਵੇ ।
ਖਮਾਣੋਂ ਵਿੱਚ ਨਾਜਾਇਜ਼ ਕਬਜ਼ੇ ਹਟਾਏ
ਖਮਾਣੋਂ (ਜਗਜੀਤ ਕੁਮਾਰ): ਨਗਰ ਪੰਚਾਇਤ ਦੇ ਅਧਿਕਾਰੀਆਂ ਵੱਲੋਂ ਖਮਾਣੋਂ ਕਲਾਂ ਦੇ ਟੋਭੇ ਤੋਂ ਅੱਜ ਛੇਵੀਂ ਵਾਰ ਨਾਜਾਇਜ਼ ਕਬਜ਼ੇ ਹਟਾਏ ਗਏ। ਨਗਰ ਪੰਚਾਇਤ ਖਮਾਣੋਂ ਦੇ ਕਾਰਜ ਸਾਧਕ ਅਫਸਰ ਸੁਖਦੇਵ ਸਿੰਘ ਨੇ ਦੱਸਿਆ ਕਿ ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਹੁਕਮਾਂ ਤੇ ਖਮਾਣੋਂ ਕਲਾ ਦੇ ਟੋਭੇ ’ਚ ਕੀਤੀਆਂ ਨਾਜਾਇਜ਼ ਉਸਾਰੀਆਂ ਨੂੰ ਢਾਹੁਣ ਦਾ ਕੰਮ ਲਗਾਤਾਰ ਜਾਰੀ ਹੈ ਜਿਸ ’ਤੇ ਅੱਜ ਛੇਵੀਂ ਵਾਰ ਕਾਰਵਾਈ ਅਮਲ ’ਚ ਲਿਆਂਦੀ ਗਈ। ਇਸ ਮੌਕੇ ਉਪ ਪੁਲੀਸ ਕਪਤਾਨ ਰਮਿੰਦਰ ਸਿੰਘ ਕਾਹਲੋਂ ਦੇ ਹੁਕਮਾਂ ’ਤੇ ਥਾਣਾ ਖਮਾਣੋਂ ਦੇ ਮੁੱਖ ਅਫਸਰ ਸਬ-ਇੰਸਪੈਕਟਰ ਮੇਜਰ ਸਿੰਘ ਦੀ ਅਗਵਾਈ ’ਚ ਸੁਰੱਖਿਆ ਪੁਲੀਸ ਫੋਰਸ ਤਾਇਨਾਤ ਸੀ।