Farmer Protest: ਪਟਿਆਲਾ ਤੇ ਨਾਭਾ ਜੇਲ੍ਹਾਂ ਵਿੱਚੋਂ ਤਿੰਨ ਕਿਸਾਨ ਰਿਹਾਅ
ਸਰਬਜੀਤ ਸਿੰਘ ਭੰਗੂ
ਪਟਿਆਲਾ, 24 ਮਾਰਚ
ਕਿਸਾਨੀ ਮੰਗਾਂ ਲਈ 13 ਮਹੀਨਿਆਂ ਤੱਕ ਸ਼ੰਭੂ ਅਤੇ ਢਾਬੀ ਗੁਜਰਾਂ ਬਾਰਡਰ 'ਤੇ ਜਾਰੀ ਰਹੇ ਕਿਸਾਨਾਂ ਦੇ ਧਰਨੇ ਨੂੰ ਖਦੇੜਨ ਤੋਂ ਬਾਅਦ ਪੁਲੀਸ ਵੱਲੋਂ ਗ੍ਰਿਫਤਾਰ ਕੀਤੇ ਗਏ ਸੈਂਕੜੇ ਕਿਸਾਨਾਂ ਵਿੱਚੋਂ ਅੱਜ ਤਿੰਨ ਨੂੰ ਪਟਿਆਲਾ ਤੇ ਨਾਭਾ ਦੀਆਂ ਜੇਲ੍ਹਾਂ ਵਿੱਚੋਂ ਰਿਹਾਅ ਦਰ ਦਿੱਤਾ ਗਿਆ ਹੈ। ਇਨ੍ਹਾਂ ਵਿਚੋਂ ਦੱਖਣੀ ਸੂਬਿਆਂ ਨਾਲ ਸਬੰਧਤ ਦੋ ਆਗੂਆਂ ਪੀਟੀ ਜੌਹਨ ਪਾਨਾਮੂਥੀ ਵਾਸੀ ਕੇਰਲ ਅਤੇ ਪੀਆਰ ਪਾਂਡੀਅਨ ਵਾਸੀ ਤਾਮਿਲਨਾਡੂ ਨੂੰ ਰਿਹਾਅ ਕਰਨ ਦੇ ਹੁਕਮ ਐਸਡੀਐਮ ਪਟਿਆਲਾ ਦੀ ਅਦਾਲਤ ਵੱਲੋਂ ਜਾਰੀ ਕੀਤੇ ਗਏ ਹਨ।
ਇਹ ਆਗੂ ਹੋਰਨਾਂ ਕਿਸਾਨਾਂ ਦੇ ਨਾਲ 20 ਮਾਰਚ ਦੀ ਸਵੇਰ ਤੋਂ ਪਟਿਆਲਾ ਜੇਲ੍ਹ ਵਿੱਚ ਬੰਦ ਸਨ। ਸੰਪਰਕ ਕਰਨ ’ਤੇ ਕੇਂਦਰੀ ਜੇਲ੍ਹ ਪਟਿਆਲਾ ਦੇ ਸੁਪਰਡੈਂਟ ਵਰੁਣ ਸ਼ਰਮਾ ਨੇ ਇਨ੍ਹਾਂ ਦੋਵਾਂ ਕਿਸਾਨਾਂ ਦੀ ਰਿਹਾਈ ਦੀ ਪੁਸ਼ਟੀ ਕੀਤੀ ਹੈ।
ਇਸੇ ਤਰ੍ਹਾਂ ਇੱਕ ਵੱਖਰੀ ਕਾਰਵਾਈ ਦੌਰਾਨ ਮਨਿੰਦਰਪਾਲ ਸਿੰਘ ਵਾਸੀ ਹਰੀਕੇ ਕਲਾਂ ਜ਼ਿਲ੍ਹਾ ਮੁਕਤਸਰ ਨੂੰ ਵੀ ਨਾਭਾ ਜੇਲ੍ਹ ਵਿੱਚੋਂ ਰਿਹਾਅ ਕਰ ਦਿੱਤਾ ਗਿਆ ਹੈ। ਉਸ ਦੀ ਰਿਹਾਈ ਦੇ ਹੁਕਮ ਐਸਡੀਐਮ ਲਹਿਰਾਗਾਗਾ ਦੀ ਅਦਾਲਤ ਵੱਲੋਂ ਜਾਰੀ ਕੀਤੇ ਗਏ ਹਨ, ਕਿਉਂਕਿ ਇਸ ਕਿਸਾਨ ਆਗੂ ਨੂੰ ਢਾਬੀ ਗੁਜਰਾਂ ਬਾਰਡਰ ਤੋਂ ਗ੍ਰਿਫਤਾਰ ਕੀਤਾ ਗਿਆ ਸੀ।