ਲੁੱਟਾਂ-ਖੋਹਾਂ ਕਰਨ ਵਾਲੇ ਗਰੋਹ ਦਾ ਪਰਦਾਫਾਸ਼
ਪੱਤਰ ਪ੍ਰੇਰਕ
ਭੋਗਪੁਰ, 24 ਅਗਸਤ
ਥਾਣਾ ਭੋਗਪੁਰ ਦੀ ਪੁਲੀਸ ਨੇ ਪਿਛਲੇ ਕਈ ਦਿਨਾਂ ਤੋਂ ਇਲਾਕੇ ਵਿੱਚ ਨਸ਼ੇ ਦੀ ਪੂਰਤੀ ਕਰਨ ਲਈ ਲੁੱਟਾਂ ਖੋਹਾਂ ਕਰਨ ਵਾਲੇ ਗਰੋਹ ਦੇ ਮੈਂਬਰਾਂ ਨੂੰ ਗਿ੍ਫਤਾਰ ਕੀਤਾ ਹੈ। ਥਾਣਾ ਮੁਖੀ ਇੰਸਪੈਕਟਰ ਸੁਖਜੀਤ ਸਿੰਘ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਇਸ ਲੁੱਟਾਂ ਖੋਹਾਂ ਕਰਨ ਵਾਲੇ ਗਰੋਹ ਨੇ 50 ਦੇ ਕਰੀਬ ਇਲਾਕੇ ਵਿੱਚ ਵਾਰਦਾਤਾਂ ਕੀਤੀਆਂ ਹਨ ਇਹਨਾਂ ਕੋਲੋਂ 16 ਮੋਬਾਈਲ, ਦੋ ਸਕੂਟਰੀਆਂ, ਇਕ ਹੌਂਡਾ ਐਕਟਿਵਾ, ਇਕ ਸਜੂ਼ਕੀ ਏਸਸ-125, 1 ਦਾਤਰ ਅਤੇ 1 ਤਲਵਾਰ ਬਰਾਮਦ ਕੀਤੀ। ਗਰੋਹ ਦੇ ਮੈਂਬਰਾਂ ਦੀ ਪਹਿਚਾਣ ਗੁਰਦੀਪ ਸਿੰਘ ਉਰਫ ਸੋਨੂੰ ਵਾਸੀ ਪਿੰਡ ਡੱਲੀ ਥਾਣਾ ਭੋਗਪੁਰ ਜ਼ਿਲ੍ਹਾ ਜਲੰਧਰ, ਕਰਨ ਉਰਫ ਰਾਜੂ ਵਾਸੀ ਮਹੱਲਾ ਗੁਰੂ ਰਵਿਦਾਸ ਨਗਰ ਭੋਗਪੁਰ ਜ਼ਿਲ੍ਹਾ ਜਲੰਧਰ, ਜਸ਼ਨ ਕੁਮਾਰ ਉਰਫ ਸੰਨੀ ਵਾਸੀ ਹਰਸੀਪਿੰਡ ਥਾਣਾ ਟਾਂਡਾ ਜ਼ਿਲ੍ਹਾ ਹੁਸ਼ਿਆਰਪੁਰ ਤੇ ਨਵਜੋਤ ਸੁਮਨ ਉਰਫ ਜੋਤੀ ਵਾਸੀ ਪਿੰਡ ਘੋੜਾਬਾਹੀ ਥਾਣਾ ਭੋਗਪੁਰ ਜ਼ਿਲ੍ਹਾ ਜਲੰਧਰ ਵਜੋਂ ਹੋਈ। ਇਹਨਾਂ ਦਾ ਇੱਕ ਸਾਥੀ ਪਵਨ ਕੁਮਾਰ ਵਾਸੀ ਰਵਿਦਾਸ ਨਗਰ ਭੋਗਪੁਰ ਜ਼ਿਲ੍ਹਾ ਜਲੰਧਰ ਨੂੰ ਵਾਰਦਾਤ ਕਰਦੇ ਸਮੇਂ ਬਚਣ ਲਈ ਦੌੜਦੇ ਸਮੇਂ ਸੱਟਾਂ ਲੱਗਣ ਕਰਕੇ ਸਿਵਲ ਹਸਪਤਾਲ ਇਲਾਜ ਲਈ ਦਾਖਲ ਕਰਾਇਆ ਗਿਆ ਜਿਸ ਦਾ ਪੁਲੀਸ ਰਿਮਾਂਡ ਲੈਣ ਲਈ ਬਾਅਦ ਵਿੱਚ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।
ਚੋਰੀ ਦੇ 8 ਮੋਟਰਸਾਈਕਲਾਂ ਸਣੇ ਤਿੰਨ ਗ੍ਰਿਫ਼ਤਾਰ
ਪਠਾਨਕੋਟ (ਪੱਤਰ ਪ੍ਰੇਰਕ): ਪਠਾਨਕੋਟ ਪੁਲੀਸ ਨੇ ਇਸ ਖੇਤਰ ਵਿੱਚ ਚੋਰੀਆਂ ਕਰਨ ਵਾਲੇ ਇੱਕ ਬਦਨਾਮ ਕਬਾੜੀਏ ਸਮੇਤ ਤਿੰਨ ਵਿਅਕਤੀਆਂ ਨੂੰ ਕਾਬੂ ਕੀਤਾ ਗਿਆ ਹੈ ਅਤੇ ਉਨ੍ਹਾਂ ਦੀ ਸ਼ਨਾਖਤ ਤੇ 8 ਚੋਰੀ ਦੇ ਮੋਟਰਸਾਈਕਲ ਬਰਾਮਦ ਕੀਤੇ ਹਨ। ਫੜੇ ਗਏ ਮੁਲਜ਼ਮਾਂ ਦੀ ਪਛਾਣ ਗੌਰਵ ਉਰਫ ਖਾਂਡੂ ਵਾਸੀ ਲਹਿਰੀ ਮਹੰਤਾਂ, ਹਰਜੀਤ ਸਿੰਘ (ਸਕਰੈਪ ਡੀਲਰ) ਵਾਸੀ ਨਵੀਂ ਆਬਾਦੀ ਸੁਜਾਨਪੁਰ ਅਤੇ ਮੁਕੇਸ਼ ਉਰਫ ਸਾਲੂ ਵਾਸੀ ਸੁੰਦਰ ਚੱਕ ਵਜੋਂ ਹੋਈ ਹੈ। ਗੌਰਵ ਉਰਫ ਖਾਂਡੂ ਪਿਛਲੇ ਕਾਫੀ ਸਮੇਂ ਤੋਂ ਚੋਰੀਆਂ ਅਤੇ ਗਬਨ ਕਰਦਾ ਆ ਰਿਹਾ ਸੀ, ਜਿਸ ਦਾ ਪਤਾ ਜਾਂਚ ਦੌਰਾਨ ਸਾਹਮਣੇ ਆਇਆ ਹੈ। ਜ਼ਿਲ੍ਹਾ ਪੁਲੀਸ ਮੁਖੀ ਹਰਕਮਲਪ੍ਰੀਤ ਸਿੰਘ ਖੱਖ ਨੇ ਦੱਸਿਆ ਕਿ ਇਸ ਆਪ੍ਰੇਸ਼ਨ ਦੀ ਅਗਵਾਈ ਐਸਐਚਓ ਥਾਣਾ ਸਦਰ ਹਰਪ੍ਰੀਤ ਕੌਰ ਬਾਜਵਾ ਨੇ ਡੀਐਸਪੀ ਦਿਹਾਤੀ ਸੁਖਜਿੰਦਰ ਸਿੰਘ ਦੀ ਦੇਖ-ਰੇਖ ਹੇਠ ਕੀਤੀ।