ਏਲਨਾਬਾਦ: ਕਿਸਾਨਾਂ ਦੇ ਸੰਘਰਸ਼ ਅੱਗੇ ਝੁਕਿਆ ਪ੍ਰਸ਼ਾਸਨ
ਜਗਤਾਰ ਸਮਾਲਸਰ
ਏਲਨਾਬਾਦ, 4 ਜੁਲਾਈ
ਭਾਰਤੀ ਕਿਸਾਨ ਯੂਨੀਅਨ ਦੀ ਅਗਵਾਈ ਹੇਠ ਮੰਗਾਂ ਮੰਨਵਾਉਣ ਲਈ ਦੋ ਮਹੀਨੇ ਤੋਂ ਤਹਿਸੀਲ ਕੰਪਲੈਕਸ ਨਾਥੂਸਰੀ ਚੌਪਟਾ ਵਿੱਚ ਚੱਲ ਰਹੇ ਕਿਸਾਨਾਂ ਦੇ ਧਰਨੇ ਵਿੱਚ ਅੱਜ ਐਸਡੀਐਮ ਰਾਜਿੰਦਰ ਕੁਮਾਰ ਅਤੇ ਡੀਡੀਏ ਰਾਜੇਸ਼ ਕੁਮਾਰ ਨੇ ਪਹੁੰਚ ਕੇ 31 ਜੁਲਾਈ ਤੱਕ ਕਿਸਾਨਾਂ ਦੇ ਖਾਤਿਆਂ ਵਿੱਚ ਬੀਮਾ ਕਲੇਮ ਅਤੇ ਖਰਾਬ ਫ਼ਸਲਾਂ ਦੇ ਮੁਆਵਜ਼ੇ ਦੀ ਰਾਸ਼ੀ ਪਾਉਣ ਦਾ ਲਿਖਤੀ ਭਰੋਸਾ ਦਿੱਤਾ। ਇਸ ਤੋਂ ਬਾਅਦ ਕਿਸਾਨਾਂ ਵਲੋਂ ਤਹਿਸੀਲ ਕੰਪਲੈਕਸ ਦੀ ਤਾਲਾਬੰਦੀ ਕੀਤੇ ਜਾਣ ਦੇ ਐਲਾਨ ਨੂੰ ਅੱਗੇ ਪਾ ਦਿੱਤਾ ਗਿਆ। ਭਾਰਤੀ ਕਿਸਾਨ ਯੂਨੀਅਨ ਦੇ ਸੂਬਾਈ ਸਕੱਤਰ ਅਮਨ ਬੈਨੀਵਾਲ, ਜ਼ਿਲ੍ਹਾ ਪ੍ਰਧਾਨ ਭਰਤ ਸਿੰਘ, ਨਰਿੰਦਰ ਸਹਾਰਨ ਤੇ ਨੰਦ ਲਾਲ ਢਿੱਲੋਂ ਆਦਿ ਕਿਸਾਨ ਆਗੂਆਂ ਨੇ ਆਖਿਆ ਕਿ ਜਦੋਂ ਤੱਕ ਮੁਆਵਜ਼ੇ ਅਤੇ ਬੀਮਾ ਕਲੇਮ ਦੀ ਰਾਸ਼ੀ ਕਿਸਾਨਾਂ ਦੇ ਖਾਤਿਆਂ ਵਿੱਚ ਨਹੀ ਆ ਜਾਂਦੀ ਉਸ ਸਮੇਂ ਤੱਕ ਤਹਿਸੀਲ ਕੰਪਲੈਕਸ ਵਿੱਚ ਧਰਨਾ ਜਾਰੀ ਰੱਖਿਆ ਜਾਵੇਗਾ। ਜ਼ਿਕਰਯੋਗ ਹੈ ਕਿ ਕੱਲ੍ਹ ਇੱਥੇ ਧਰਨੇ ਵਾਲੀ ਥਾਂ ’ਤੇ ਭਾਰਤੀ ਕਿਸਾਨ ਯੂਨੀਅਨ ਦੇ ਕੌਮੀ ਬੁਲਾਰੇ ਰਾਕੇਸ਼ ਟਿਕੈਤ ਵੀ ਪਹੁੰਚੇ ਸਨ ਪਰ ਉਸ ਸਮੇਂ ਪ੍ਰਸ਼ਾਸਨਿਕ ਅਧਿਕਾਰੀਆਂ ਅਤੇ ਕਿਸਾਨ ਸੰਘਰਸ਼ ਕਮੇਟੀ ਵਿਚਕਾਰ ਹੋਈ ਗੱਲਬਾਤ ਦੌਰਾਨ ਕੋਈ ਵੀ ਹੱਲ ਨਹੀਂ ਹੋ ਸਕਿਆ ਸੀ। ਜਿਸ ਤੋਂ ਬਾਅਦ ਕਿਸਾਨਾਂ ਨੇ ਅੱਜ ਤਹਿਸੀਲ ਕੰਪਲੈਕਸ ਦੀ ਤਾਲਾਬੰਦੀ ਕੀਤੇ ਜਾਣ ਦਾ ਐਲਾਨ ਕੀਤਾ ਸੀ। ਕਿਸਾਨ ਇੱਥੇ ਪਿਛਲੇ ਦੋ ਮਹੀਨੇ ਤੋਂ ਸੀਐੱਸੀ ਸੈਂਟਰ ਵਲੋਂ ਰੱਦ ਕੀਤੇ ਬੀਮੇ ਨੂੰ ਬਹਾਲ ਕਰਨ, ਸਾਲ 2022 ਦੀ ਬੀਮਾ ਕਲੇਮ ਰਾਸ਼ੀ ਦਿੱਤੇ ਜਾਣ ਅਤੇ ਅਤੇ ਹਰ ਸਾਲ ਬੀਮਾ ਕਲੇਮ ਦਿੱਤੇ ਜਾਣ ਦੀ ਤਰੀਕ ਨਿਰਧਾਰਤ ਕੀਤੇ ਜਾਣ ਆਦਿ ਮੰਗਾਂ ਨੂੰ ਲੈ ਕੇ ਧਰਨਾ ਦੇ ਰਹੇ ਹਨ।