ਪੁਲੀਸ ਵੱਲੋਂ ਨਸ਼ਾ ਤਸਕਰ ਕਾਬੂ; ਤਿੰਨ ਫਰਾਰ
ਪੱਤਰ ਪ੍ਰੇਰਕ
ਤਰਨ ਤਾਰਨ, 11 ਜੂਨ
ਥਾਣਾ ਖੇਮਕਰਨ ਦੇ ਅਧਿਕਾਰੀ ਏਐਸਆਈ ਸਾਹਿਬ ਸਿੰਘ ਦੀ ਅਗਵਾਈ ਵਿੱਚ ਪੁਲੀਸ ਪਾਰਟੀ ਨੇ ਨਸ਼ਿਆਂ ਦਾ ਕਾਰੋਬਾਰ ਕਰਦੇ ਚਾਰ ਜਣਿਆਂ ਵਿੱਚੋਂ ਇਕ ਨੂੰ ਹੈਰੋਇਨ ਤੇ ਇਤਰਾਜ਼ਯੋਗ ਸਮੱਗਰੀ ਸਮੇਤ ਕਾਬੂ ਕਰ ਲਿਆ ਜਦਕਿ ਉਸ ਦੇ ਤਿੰਨ ਸਾਥੀ ਮੌਕੇ ਤੋਂ ਫਰਾਰ ਹੋ ਗਏ| ਸੂਤਰਾਂ ਨੇ ਅੱਜ ਇਥੇ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ ਤਸਕਰ ਦੀ ਸ਼ਨਾਖਤ ਅੰਮ੍ਰਿਤਪਾਲ ਸਿੰਘ ਵਾਸੀ ਭੂਰਾ ਕੋਹਨਾ ਅਤੇ ਉਸ ਦੇ ਫਰਾਰ ਹੋਏ ਸਾਥੀਆਂ ਦੀ ਦਿਲਜੀਤ ਸਿੰਘ ਵਾਸੀ ਭੂਰਾ ਕੋਹਨਾ, ਜਗਦੀਪ ਸਿੰਘ ਵਾਸੀ ਜੱਗੂ ਵਾਸੀ ਮਹਿੰਦੀਪੁਰ ਅਤੇ ਸਿਕੰਦਰ ਸਿੰਘ ਵਾਸੀ ਰੱਤੋਕੇ ਵਜੋਂ ਹੋਈ ਹੈ। ਪੁਲੀਸ ਨੇ ਦੱਸਿਆ ਕਿ ਮਹਿੰਦਰਾ ਬਲੈਰੋ ਗੱਡੀ ਨੰਬਰ ਪੀਬੀ-10, ਐਫ਼-8616 ਦੀ ਤਲਾਸ਼ੀ ਲੈਣ ‘ਤੇ ਇਟਲੀ ਦਾ ਬਣਿਆ ਇਕ ਬਰੇਟਾ ਪਿਸਤੌਲ ਸਮੇਤ ਮੈਗਜ਼ੀਨ, 200 ਗਰਾਮ ਹੈਰੋਇਨ ਅਤੇ 1.75 ਲੱਖ ਰੁਪਏ ਦੀ ਡਰੱਗ ਮਨੀ ਬਰਾਮਦ ਕੀਤੀ ਗਈ| ਪੁਲੀਸ ਨੇ ਮਹਿੰਦਰਾ ਬੋਲੈਰੋ ਗੱਡੀ ਵੀ ਆਪਣੇ ਕਬਜ਼ੇ ਵਿਚ ਲੈ ਲਈ ਹੈ। ਇਸ ਸਬੰਧੀ ਪੁਲੀਸ ਨੇ ਐਨ ਡੀ ਪੀ ਐਸ ਐਕਟ ਦੀ ਧਾਰਾ 21- ਬੀ, 61, 85 ਅਤੇ ਅਸਲਾ ਐਕਟ ਦੀ ਧਾਰਾ 25, 27, 61 ਅਤੇ 85 ਐਕਟ ਅਧੀਨ ਇਕ ਕੇਸ ਦਰਜ ਕੀਤਾ ਹੈ| ਪੁਲੀਸ ਨੇ ਫਰਾਰ ਹੋਏ ਮੁਲਜ਼ਮਾਂ ਨੂੰ ਕਾਬੂ ਕਰਨ ਲਈ ਛਾਪਾਮਾਰੀ ਸ਼ੁਰੂ ਕਰ ਦਿੱਤੀ ਹੈ।
ਨਸ਼ੀਲੀਆਂ ਗੋਲੀਆਂ ਸਣੇ ਕਾਬੂ
ਫਗਵਾੜਾ (ਪੱਤਰ ਪ੍ਰੇਰਕ): ਸਤਨਾਮਪੁਰਾ ਪੁਲੀਸ ਨੇ ਇੱਕ ਵਿਅਕਤੀ ਨੂੰ ਨਸ਼ੀਲੀਆਂ ਗੋਲੀਆਂ ਸਣੇ ਕਾਬੂ ਕਰਕੇ ਉਸ ਖਿਲਾਫ਼ ਐਨ.ਡੀ.ਪੀ.ਐਸ ਐਕਟ ਤਹਿਤ ਕੇਸ ਦਰਜ ਕੀਤਾ ਹੈ। ਐਸ.ਆਈ ਗੁਰਮੀਤ ਸਿੰਘ ਨੇ ਦੱਸਿਆ ਕਿ ਪੁਲੀਸ ਪਾਰਟੀ ਨੇ ਇੱਕ ਵਿਅਕਤੀ ਨੂੰ ਮਾਨਾਵਾਲੀ ਲਾਗਿਉਂ ਕਾਬੂ ਕਰਕੇ ਉਸ ਪਾਸੋਂ 120 ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਹਨ। ਕਾਬੂ ਕੀਤੇ ਵਿਅਕਤੀ ਦੀ ਪਛਾਣ ਜਤਿੰਦਰ ਉਰਫ਼ ਭਿੰਦੀ ਪੁੱਤਰ ਕੁਲਵਿੰਦਰ ਵਾਸੀ ਪਿੰਡ ਧੀਣਾ ਵਜੋਂ ਹੋਈ ਹੈ।