ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਡਾ. ਹਰਸਰਨ ਸਿੰਘ: ਪੀੜਾਂ ਦੀ ਸਾਂਝ ਡੂੰਘੀ

12:31 PM Jan 04, 2023 IST

ਡਾ. ਹਰਸਰਨ ਸਿੰਘ 1940-50ਵਿਆਂ ਵਿਚ ਪੰਜਾਬ ਦੀ ਵਿਦਿਆਰਥੀ ਲਹਿਰ ਦਾ ਵੱਡਾ ਆਗੂ ਸੀ। ਉਹ ਖ਼ਾਲਸਾ ਕਾਲਜ ਅੰਮ੍ਰਿਤਸਰ ਅਤੇ ਮੈਡੀਕਲ ਕਾਲਜ ਅੰਮ੍ਰਿਤਸਰ ਵਿਚ ਪੜ੍ਹਿਆ ਤੇ ਆਲ ਇੰਡੀਆ ਸਟੂਡੈਂਟਸ ਫੈਡਰੇਸ਼ਨ (ਏਆਈਐੱਸਐੱਫ) ਦਾ ਮੁੱਖ ਆਗੂ ਤੇ ਸੂਬਾ ਪ੍ਰਧਾਨ ਰਿਹਾ। ਉਸ ਨੇ ਸਰਕਾਰੀ ਨੌਕਰੀ ਵੀ ਕੀਤੀ ਪਰ ਜਲਦੀ ਹੀ ਉਸ ਦਾ ਮਨ ਨੌਕਰੀ ਤੋਂ ਉਚਾਟ ਹੋ ਗਿਆ ਤੇ ਉਸ ਨੇ ਸਾਰੀ ਉਮਰ ਆਪਣੇ ਪਿੰਡ ਏਕਲਗੱਡੇ ਵਿਚ ਰਹਿ ਕੇ ਲੋਕਾਂ ਦਾ ਇਲਾਜ ਕੀਤਾ। ਉਸ ਦਾ ਵਿਆਹ ਇਸਤਰੀ ਸਭਾ ਦੀ ਕਾਰਕੁਨ ਰਮੇਸ਼ ਕੁਮਾਰੀ ਨਾਲ ਹੋਇਆ। ਘਰ ਦੀ ਜ਼ਿੰਮੇਵਾਰੀ ਜ਼ਿਆਦਾਤਰ ਰਮੇਸ਼ ਨੇ ਚੁੱਕੀ। ਉਨ੍ਹਾਂ ਦੀਆਂ ਦੋ ਧੀਆਂ ਅਰਾਧਨਾ ਤੇ ਰੋਹਿਣੀ ਅਤੇ ਪੁੱਤਰ ਅਰਵਿੰਦ (ਵਾਈਸ ਚਾਂਸਲਰ ਪੰਜਾਬੀ ਯੂਨੀਵਰਸਿਟੀ) ਹਨ।

Advertisement

ਉੱਘੇ ਚਿੰਤਕ ਤੇ ਇਤਿਹਾਸਕਾਰ ਹਰੀਸ਼ ਪੁਰੀ ਨੇ ਪੰਜਾਬੀ ਟ੍ਰਿਬਿਊਨ ਨਾਲ ਗੱਲਬਾਤ ਕਰਦਿਆਂ ਦੱਸਿਆ, “ਮੇਰੀ ਡਾ. ਹਰਸਰਨ ਸਿੰਘ ਏਕਲਗੱਡਾ ਨਾਲ ਮੁਲਾਕਾਤ 1961 ਦੇ ਸਿਆਲ ਵਿਚ ਹੋਈ। ਉਦੋਂ ਮੈਂ ਬੇਰਿੰਗ ਕ੍ਰਿਸ਼ਚੀਅਨ ਕਾਲਜ ਬਟਾਲੇ ਵਿਚ ਪੜ੍ਹਾਉਂਦਾ ਸੀ। ਸ਼ਾਇਰ ਸ਼ਿਵ ਕੁਮਾਰ ਬਟਾਲਵੀ ਨੂੰ ਪੀਲੀਆ ਹੋ ਗਿਆ ਸੀ। ਹਰਸਰਨ, ਨਵਤੇਜ ਸਿੰਘ ਪ੍ਰੀਤਲੜੀ ਅਤੇ ਡਾ. ਪ੍ਰਿਤਪਾਲ ਸਿੰਘ ਮੈਣੀ ਨੂੰ ਲੈ ਕੇ ਉਸ ਦੀ ਖ਼ਬਰ ਸਾਰ ਲੈਣ ਆਏ ਸਨ। ਹਰਸਰਨ ਦੀ ਸਾਡੇ ਕਾਲਜ ਦੇ ਇਕ ਹੋਰ ਅਧਿਆਪਕ ਗੁਰਨਾਮ ਸਿੰਘ ਰਾਹੀ ਨਾਲ ਪੁਰਾਣੀ ਮਿੱਤਰਤਾ ਸੀ। ਮੈਂ ਡਾ. ਹਰਸਰਨ ਸਿੰਘ ਦੇ ਵਿਚਾਰਾਂ ਤੇ ਜੀਵਨ-ਜਾਚ ਤੋਂ ਬਹੁਤ ਪ੍ਰਭਾਵਿਤ ਹੋਇਆ। ਉਸ ਦੇ ਮਿਜ਼ਾਜ ਵਿਚ ਇਕ ਖ਼ਾਸ ਤਰ੍ਹਾਂ ਦਾ ਫ਼ਕੀਰਾਨਾ ਅੰਦਾਜ਼ ਸੀ। ਉਸ ਅਕਸਰ ਬਟਾਲੇ ਆ ਜਾਂਦਾ। ਅਸੀਂ ਇਕੱਠੇ ਗਾਲਬਿ, ਮਜਾਜ਼, ਮੋਮਿਨ, ਵਾਰਿਸ ਸ਼ਾਹ, ਸਾਹਿਰ ਲੁਧਿਆਣਵੀ ਅਤੇ ਹੋਰ ਸ਼ਾਇਰਾਂ ਦਾ ਕਲਾਮ ਗਾਉਂਦੇ। ਹਰਸਰਨ ਸਿੰਘ ਹੀਰ ਕਮਾਲ ਦੀ ਗਾਉਂਦਾ ਸੀ। ਮੈਂ ਤੇ ਹਰਸਰਨ, ਗ਼ਾਲਬਿ ਦੀ ਗ਼ਜ਼ਲ, ‘ਬਾਜ਼ੀਚਾ-ਏ-ਅਤਫ਼ਾਲ ਹੈ ਦੁਨੀਆ ਮੇਰੇ ਆਗੇ/ਹੋਤਾ ਹੈ ਸ਼ਬ-ਏ-ਰੋਜ਼ ਤਮਾਸ਼ਾ ਮੇਰੇ ਆਗੇ।’ ਇਕੱਠੇ ਗਾਉਂਦੇ ਸਾਂ। ਉਹ ਦੁਨੀਆ ਨੂੰ ਬਦਲ ਦੇਣ ਦੇ ਇਰਾਦਿਆਂ, ਇਨਕਲਾਬ ਕਰਨ ਦੀਆਂ ਖਾਹਿਸ਼ਾਂ ਅਤੇ ਸਾਰੀ ਦੁਨੀਆ ਨੂੰ ਮੁਹੱਬਤ ਤੇ ਅਮਨ ਦੀਆਂ ਕੜੀਆਂ ਵਿਚ ਪਰੌਣ ਵਾਲੇ ਸੁਪਨਿਆਂ ਦੇ ਦਿਨ ਸਨ।”

ਡਾ. ਹਰਸਰਨ ਸਿੰਘ ਦੇ ਮਿੱਤਰਾਂ, ਸਾਥੀਆਂ ਤੇ ਮੁਰੀਦਾਂ ਦਾ ਸੰਸਾਰ ਬਹੁਤ ਵੱਡਾ ਸੀ। ਉਸ ਵਿਚ ਗੁਰਬਖ਼ਸ਼ ਸਿੰਘ ਪ੍ਰੀਤਲੜੀ, ਨਵਤੇਜ ਸਿੰਘ ਪ੍ਰੀਤਲੜੀ, ਸੱਤਪਾਲ ਡਾਂਗ, ਦਲੀਪ ਸਿੰਘ ਟਪਿਆਲਾ, ਮਦਨ ਲਾਲ ਦੀਦੀ, ਸ਼ੀਲਾ ਦੀਦੀ, ਅਵਤਾਰ ਸਿੰਘ ਮਲਹੋਤਰਾ, ਡਾ. ਪ੍ਰੇਮ ਸਿੰਘ, ਸ਼ਿਵ ਕੁਮਾਰ ਬਟਾਲਵੀ, ਮੋਹਨ ਕਾਹਲੋਂ, ਜਗਜੀਤ ਸਿੰਘ ਆਨੰਦ, ਅਮਰਜੀਤ ਗੁਰਦਾਸਪੁਰੀ, ਸੁਰਜਨ ਜ਼ੀਰਵੀ, ਸੋਹਣ ਸਿੰਘ ਮੀਸ਼ਾ, ਅਮਰਜੀਤ ਚੰਦਨ, ਡਾ. ਬਲਵੰਤ ਸਿੰਘ ਤੁੰਗ, ਡਾ. ਹਰਦਾਸ ਸਿੰਘ, ਡਾ. ਰਛਪਾਲ ਸਿੰਘ, ਨਾਟਕਕਾਰ ਗੁਰਸ਼ਰਨ ਸਿੰਘ, ਪ੍ਰੋ. ਰਣਧੀਰ ਸਿੰਘ, ਡਾ. ਸੁਰਿੰਦਰ ਸਿੰਘ ਕੈਂਥ, ਅਰਥਸ਼ਾਸਤਰੀ ਗੁਰਦਰਸ਼ਨ ਸਿੰਘ ਭੱਲਾ ਅਤੇ ਹੋਰ ਅਨੇਕ ਦੋਸਤ ਸ਼ਾਮਿਲ ਸਨ।

Advertisement

ਡਾ. ਪੁਰੀ ਨੇ ਦੱਸਿਆ ਕਿ ਮੁਹੱਬਤ/ਪਿਆਰ/ਪ੍ਰੇਮ/ਇਸ਼ਕ ਡਾ. ਹਰਸਰਨ ਦੀ ਸੋਚ ਦਾ ਕੇਂਦਰੀ ਧੁਰਾ ਸੀ। ਉਸ ਦਾ ਖ਼ਿਆਲ ਸੀ ਕਿ ਮਨੁੱਖ ਦੇ ਸਭ ਹਾਂ-ਪੱਖੀ ਜਜ਼ਬੇ ਜਿਵੇਂ ਸਾਂਝੀਵਾਲਤਾ, ਦੋਸਤੀ, ਅਨਿਆਂ ਵਿਰੁੱਧ ਲੜਨ ਦਾ ਜਜ਼ਬਾ, ਇਨਕਲਾਬ ਦੀ ਤਾਂਘ ਸਭ ਇਨਸਾਨੀ ਮੁਹੱਬਤ ਤੋਂ ਪੈਦਾ ਹੁੰਦੇ ਹਨ। ਇਸ ਲਈ ਉਹ ਜਿੱਥੇ ਕਿਤੇ ਵੀ ਕਿਸੇ ਤਰ੍ਹਾਂ ਦੀ ਪ੍ਰੇਮ-ਮੁਹੱਬਤ ‘ਤੇ ਪਾਬੰਦੀਆਂ ਲੱਗਦੀਆਂ ਵੇਖਦਾ ਤਾਂ ਬਹੁਤ ਪ੍ਰੇਸ਼ਾਨ ਹੁੰਦਾ, ਭਾਵੇਂ ਉਹ ਪਾਬੰਦੀਆਂ ਨਿੱਜੀ ਪਿਆਰ ‘ਤੇ ਹੋਣ ਜਾਂ ਲੋਕਾਂ ਨਾਲ ਪਿਆਰ ‘ਤੇ ਜਾਂ ਇਨਕਲਾਬ ਕਰਨ ਦੀ ਲਲਕ ‘ਤੇ। ਉਹ ਗੱਲ ਪ੍ਰੋ. ਪੂਰਨ ਸਿੰਘ ਤੋਂ ਸ਼ੁਰੂ ਕਰਦਾ ਤੇ ਭਗਤ ਸਿੰਘ ਤੇ ਈਸਾ ਮਸੀਹ ਦੀਆਂ ਕੁਰਬਾਨੀਆਂ ਦੀਆਂ ਕਹਾਣੀਆਂ ਸੁਣਾਉਂਦਾ, ਮਦਰ ਟੈਰੇਸਾ ਤਕ ਜਾ ਪਹੁੰਚਦਾ।

ਡਾ. ਹਰੀਸ਼ ਪੁਰੀ ਅਨੁਸਾਰ ਹਰਸਰਨ ਸਿੰਘ ਨੂੰ ਕਿਤਾਬਾਂ ਨਾਲ ਬਹੁਤ ਇਸ਼ਕ ਸੀ। ਡਾ. ਪੁਰੀ ਨੇ ਚਾਰ ਕਿਤਾਬਾਂ ਦਾ ਖ਼ਾਸ ਕਰ ਕੇ ਜ਼ਿਕਰ ਕੀਤਾ। ਉਨ੍ਹਾਂ ਦਿਨਾਂ ‘ਚ ਇਟਲੀ ਦੇ ਕਮਿਊਨਿਸਟ ਆਗੂ ਅੰਤੋਨੀਓ ਗ੍ਰਾਮਸ਼ੀ ਜਿਸ ਨੂੰ ਮੁਸੋਲੋਨੀ ਦੀ ਫਾਸ਼ੀਵਾਦੀ ਹਕੂਮਤ ਨੇ ਲੰਮੇ ਵਰ੍ਹੇ ਜੇਲ੍ਹ ਵਿਚ ਰੱਖਿਆ, ਦੀ ਜ਼ਿੰਦਗੀ ‘ਤੇ ਕਿਤਾਬ ਛਪੀ ਸੀ। ਉਹ ਕਿਤਾਬ ਡਾ. ਪੁਰੀ ਨੇ ਖ਼ਰੀਦੀ ਤੇ ਬਾਅਦ ਵਿਚ ਹਰਸਰਨ ਨੇ ਪੜ੍ਹੀ। ਉਸ ਨੇ ਉਹ ਸਾਰੀ ਕਿਤਾਬ ਹਾਸ਼ੀਏ ‘ਤੇ ਨੋਟਿਸ ਲਿਖ ਲਿਖ ਕੇ ਭਰ ਦਿੱਤੀ। ਉਸ ਨੇ ਜੇਲ੍ਹ ਵਿਚ ਗ੍ਰਾਮਸ਼ੀ ‘ਤੇ ਹੋਏ ਸਰੀਰਕ ਤੇ ਮਾਨਸਿਕ ਤਸ਼ੱਦਦ ਬਾਰੇ ਟਿੱਪਣੀਆਂ ਕੀਤੀਆਂ। ਲੇਖਕ ਕਿਤਾਬ ਵਿਚ ਗ੍ਰਾਮਸ਼ੀ ਦੇ ਰੂਸੀ ਸੰਗੀਤਕਾਰ ਜੂਲੀਆ ਸ਼ੂਖਤ (Julia Schucht) ਨਾਲ ਇਸ਼ਕ ਦੀ ਕਹਾਣੀ ਦੱਸਦਾ ਹੈ। ਗ੍ਰਾਮਸ਼ੀ ਕੁੱਬਾ ਸੀ; ਉਹਨੂੰ ਫ਼ਿਕਰ ਸੀ ਕਿ ਕਿਤੇ ਉਸ ਦਾ ਪਿਆਰ ਠੁਕਰਾ ਨਾ ਦਿੱਤਾ ਜਾਵੇ। ਹਰਸਰਨ ਸਿੰਘ ਦੀਆਂ ਉਨ੍ਹਾਂ ਪੰਨਿਆਂ ‘ਤੇ ਲਿਖੀਆਂ ਟਿੱਪਣੀਆਂ ਬਹੁਤ ਮਾਰਮਿਕ ਸਨ।

ਚੈੱਕ ਪੱਤਰਕਾਰ ਤੇ ਕਮਿਊਨਿਸਟ ਆਗੂ ਜੂਲੀਅਸ ਫਿਊਚਕ ਦੀ ਕਿਤਾਬ ‘ਫਾਂਸੀ ਦੇ ਫੰਦੇ ਤੋਂ ਬੋਲ’ (Notes from the Gallows) ਵੀ ਉਨ੍ਹਾਂ ਦਿਨਾਂ ਵਿਚ ਛਪੀ ਸੀ। ਨਾਜ਼ੀਆਂ ਨੇ ਸਤੰਬਰ 1943 ਵਿਚ ਫਿਊਚਕ ਨੂੰ ਫਾਂਸੀ ਦੇ ਦਿੱਤੀ ਸੀ। ਜੇਲ੍ਹ ਜੀਵਨ ਬਾਰੇ ਆਪਣੇ ਤਜਰਬਿਆਂ ਤੇ ਉਨ੍ਹਾਂ ਔਖੇ ਦਿਨਾਂ ਵਿਚ ਇਨਕਲਾਬ ਲਈ ਲਏ ਸੁਪਨਿਆਂ ਨੂੰ ਫਿਊਚਕ ਨੇ ਸਿਗਰਟਾਂ ਬਣਾਉਣ ਵਾਲੇ ਕਾਗਜ਼ਾਂ ‘ਤੇ ਲਿਖਿਆ। ਕਾਗਜ਼ ਦੇ 167 ਪੁਰਜਿ਼ਆਂ ‘ਤੇ ਲਿਖੀਆਂ ਇਨ੍ਹਾਂ ਯਾਦਾਂ ਤੇ ਸੁਨੇਹਿਆਂ ਦੀ ਕਿਤਾਬ ਉਸ ਦੀ ਪਤਨੀ ਨੇ ਫਿਊਚਕ ਦੀ ਮੌਤ ਤੋਂ ਬਾਅਦ ਛਪਾਈ। ਡਾ. ਪੁਰੀ ਅਨੁਸਾਰ ਇਹ ਕਿਤਾਬ ਉਨ੍ਹਾਂ ਨੇ ਵਾਰ ਵਾਰ ਪੜ੍ਹੀ। ਹਰਸਰਨ ਦਾ ਕਹਿਣਾ ਸੀ ਕਿ ਫਿਊਚਕ ਨੂੰ ਨਾਜ਼ੀਆਂ ਵਿਰੁੱਧ ਲੜਨ ਦਾ ਇਸ਼ਕ ਸੀ। ਇਸੇ ਤਰ੍ਹਾਂ ਹਾਮੀਦ ਕਸ਼ਮੀਰੀ ਦੀ ਲਿਖੀ ਉਰਦੂ ਸ਼ਾਇਰ ਮੀਰ ਤਕੀ ਮੀਰ ਦੀ ਜੀਵਨੀ ਅਤੇ ਫ਼ੈਜ਼ ਅਹਿਮਦ ਫ਼ੈਜ਼ ਦੀ ਜੇਲ੍ਹ ‘ਚੋਂ ਲਿਖੀਆਂ ਕਵਿਤਾਵਾਂ ਦੀ ਕਿਤਾਬ ‘ਜ਼ਿੰਦਨਨਾਮਾ’ ਹਰਸਰਨ ਦੇ ਦਿਲ ਦੇ ਕੋਲ ਸਨ। ਉਸ ਨੂੰ ਇਨ੍ਹਾਂ ਵਿਅਕਤੀਆਂ ਦੇ ਜੀਵਨ ਦੀਆਂ ਬਹੁਤ ਘਟਨਾਵਾਂ ਯਾਦ ਸਨ। ਇਨ੍ਹਾਂ ਘਟਨਾਵਾਂ ਨੂੰ ਉਨ੍ਹਾਂ ਦੀ ਲਿਖਤ ਦੇ ਨਾਲ ਜੋੜ ਕੇ ਸੁਣਾਉਂਦਿਆਂ ਉਹ ਬਹੁਤ ਭਾਵੁਕ ਹੋ ਜਾਂਦਾ। ਉਸ ਨੂੰ ਸਾਹਿਰ ਲੁਧਿਆਣਵੀ ਦੀ ਲੰਮੀ ਨਜ਼ਮ ‘ਪਰਛਾਈਆਂ’ ਜ਼ਬਾਨੀ ਯਾਦ ਸੀ।

ਡਾ. ਪੁਰੀ ਨੇ ਦੱਸਿਆ ਕਿ ਡਾ. ਹਰਸਰਨ ਨੂੰ ਗੁਰਬਾਣੀ ਦੀ ਬਹੁਤ ਸਮਝ ਸੀ। ਉਹ ਇਕ ਖ਼ਾਸ ਤਰ੍ਹਾਂ ਨਾਲ ਅਧਿਆਤਮਕ ਵੀ ਸੀ ਪਰ ਧਾਰਮਿਕ ਨਹੀਂ। ਉਹ ਕਰਮਕਾਂਡ ਦੇ ਬਹੁਤ ਵਿਰੁੱਧ ਸੀ। ਉਹ ਬੱਚਿਆਂ ਵਿਚ ਰਹਿ ਕੇ, ਉਨ੍ਹਾਂ ਨਾਲ ਲਾਡ ਪਿਆਰ ਕਰ ਕੇ, ਖੇਡ ਕੇ, ਬਹੁਤ ਖੁਸ਼ ਹੁੰਦਾ। ਵਿਦਿਆਰਥੀ ਜੀਵਨ ਵਿਚ ਉਹ ਹਾਕੀ ਦਾ ਚੰਗਾ ਖਿਡਾਰੀ ਰਿਹਾ ਸੀ। ਉਹ ਸੱਚ, ਸਬਰ ਤੇ ਸੰਤੋਖ ਨਾਲ ਭਰਿਆ ਇਨਸਾਨ ਸੀ। ਉਹ ਚੰਗਾ ਸ਼ਾਇਰ ਸੀ। ਉਸ ਦੀਆਂ ਕਵਿਤਾਵਾਂ ਪ੍ਰੀਤਲੜੀ ਤੇ ਹੋਰ ਰਸਾਲਿਆਂ ਵਿਚ ਛਪੀਆਂ ਪਰ ਉਸ ਨੇ ਕਵਿਤਾਵਾਂ ਦੀ ਕਿਤਾਬ ਕਦੇ ਨਾ ਛਪਾਈ। ਉਸ ਦੀ ਇਕ ਗ਼ਜ਼ਲ ਹੈ:

ਸੂਰਤ ਤੇਰੀ ਹੀ ਵੇਖਾਂ ਚਿਹਰੇ ਤੇ ਹਰ ਬਸ਼ਰ ਦੇ

ਭਾਵੇਂ ਨੇ ਇਹ ਕ੍ਰਿਸ਼ਮੇ ਆਪਣੀ ਮੇਰੀ ਨਜ਼ਰ ਦੇ।

ਕੁੱਝ ਇਸ ਤਰ੍ਹਾਂ ਹੈ ਹੋਈ ਪੀੜਾਂ ਦੀ ਸਾਂਝ ਡੂੰਘੀ

ਹੰਝੂ ਕਿਸੇ ਦੇ ਨੈਣੀ- ਟੁਕੜੇ ਮੇਰੇ ਜਿਗਰ ਦੇ।

ਚਿਹਰੇ ਕਿਸੇ ਦੇ ਉਤੇ- ਪੈਂਦੇ ਨੇ ਗ਼ਮ ਦੇ ਸਾਏ

ਛਾਏ ਆਕਾਸ਼ ਤੇ ਨੇ- ਧੂੰਏਂ ਮੇਰੇ ਫਿਕਰ ਦੇ।

ਜੀਣਾ ਕਿਸੇ ਲਈ ਮੁਸ਼ਕਿਲ, ਮਰਨਾ ਕਿਸੇ ਲਈ ਔਖਾ

ਮਜਬੂਰ ਸਾਰੇ ਰਾਹੀ ਜੀਵਨ ਦੀ ਇਸ ਡਗਰ ਦੇ।

ਆਉਣਾ ਕਿਸੇ ਦੀ ਰਹਿਮਤ, ਜਾਣਾ ਕਿਸੇ ਦੀ ਮਰਜ਼ੀ

ਪਹਿਰੇ ਵਸਲ ‘ਤੇ ਲੱਖਾਂ, ਖੁੱਲ੍ਹੇ ਨੇ ਦਿਨ ਹਿਜਰ ਦੇ।

ਹਰ ਸ਼ਹਿਰ ਹੈ ਬੇਗਾਨਾ, ਸਾਡੀ ਪਛਾਣ ਕਿਸਨੂੰ?

ਕੁੱਝ ਇਸ ਤਰ੍ਹਾਂ ਗੁਵਾਚੇ ਰਸਤੇ ਤੇਰੇ ਸ਼ਹਿਰ ਦੇ।

ਸੈ ਕਾਰਵਾਂ ਅਜ਼ਲ ਤੋਂ, ਇਸ ਥਾਂ ਤੇ ਆ ਕੇ ਭਟਕੇ

ਮੰਜ਼ਿਲ ਕਰੀਬ ਆਈ ਜਾਂ ਦਿਨ ਮੇਰੇ ਹਸ਼ਰ ਦੇ।

27 ਦਸੰਬਰ ਨੂੰ ਡਾ. ਹਰਸਰਨ ਇਸ ਦੁਨੀਆ ਨੂੰ ਅਲਵਿਦਾ ਕਹਿ ਗਿਆ।

-ਪੰਜਾਬੀ ਟ੍ਰਿਬਿਊਨ ਫੀਚਰ

Advertisement