ਮੰਦੀ ਵਿੱਤੀ ਹਾਲਤ ਤੋਂ ਪ੍ਰੇਸ਼ਾਨ ਕਿਸਾਨ ਵੱਲੋਂ ਖ਼ੁਦਕੁਸ਼ੀ
ਅਸ਼ਵਨੀ ਗਰਗ
ਸਮਾਣਾ, 18 ਨਵੰਬਰ
ਇੱਥੋਂ ਦੇ ਨੇੜਲੇ ਪਿੰਡ ਨਨਹੇੜਾ ਦੇ ਕਿਸਾਨ ਨੇ ਮਾਨਸਿਕ ਪ੍ਰੇਸ਼ਾਨੀ ਕਾਰਨ ਆਪਣੀ ਲਾਇਸੈਂਸੀ ਰਿਵਾਲਵਰ ਨਾਲ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ। ਪੁਲੀਸ ਨੇ ਮ੍ਰਿਤਕ ਦੀ ਪਤਨੀ ਦੇ ਬਿਆਨਾਂ ਦੇ ਆਧਾਰ ’ਤੇ ਮਾਮਲੇ ’ਚ ਧਾਰਾ 174 ਦੀ ਕਾਰਵਾਈ ਕੀਤੀ ਅਤੇ ਮ੍ਰਿਤਕ ਦਾ ਸਥਾਨਕ ਸਿਵਲ ਹਸਪਤਾਲ ’ਚ ਪੋਸਟ ਮਾਰਟਮ ਕਰਵਾ ਕੇ ਲਾਸ਼ ਪਰਿਵਾਰ ਹਵਾਲੇ ਕਰ ਦਿੱਤੀ।
ਮ੍ਰਿਤਕ ਕਿਸਾਨ ਹਰਪਾਲ ਸਿੰਘ (45) ਪੁੱਤਰ ਭਗਵਾਨ ਸਿੰਘ ਵਾਸੀ ਪਿੰਡ ਨਨਹੇੜਾ ਦੀ ਪਤਨੀ ਕਿਰਨਜੀਤ ਕੌਰ ਨੇ ਦੱਸਿਆ ਕਿ ਬੀਤੇ ਸ਼ੁੱਕਰਵਾਰ ਰਾਤ ਹਰਪਾਲ ਸਿੰਘ ਖੇਤਾਂ ਵਿੱਚ ਪਾਣੀ ਲਗਾਉਣ ਗਿਆ ਸੀ ਪ੍ਰੰਤੂ ਜਦੋਂ ਉਹ ਸਵੇਰੇ ਵੀ ਘਰ ਵਾਪਸ ਨਹੀਂ ਪਰਤੇ ਤਾਂ ਉਨ੍ਹਾਂ ਖੇਤਾਂ ਵਿੱਚ ਜਾ ਕੇ ਦੇਖਿਆ ਤਾਂ ਹਰਪਾਲ ਸਿੰਘ ਖੇਤਾਂ ਵਿੱਚ ਖੂਨ ਨਾਲ ਲੱਥਪੱਥ ਪਿਆ ਸੀ ਅਤੇ ੳਸ ਦੇ ਹੱਥ ਵਿੱਚ ਉਸ ਦਾ 32 ਬੋਰ ਰਿਵਾਲਵਰ ਸੀ। ਉਨ੍ਹਾਂ ਇਸ ਦੀ ਸੂਚਨਾ ਪੁਲੀਸ ਨੂੰ ਦਿੱਤੀ।
ਕਿਰਨਦੀਪ ਕੌਰ ਨੇ ਦੱਸਿਆ ਕਿ ਉਨ੍ਹਾਂ 7 ਏਕੜ ਦੀ ਪੂਰੀ ਫਸਲ ਪਹਿਲਾਂ ਹੜ੍ਹ ਕਾਰਨ ਖ਼ਰਾਬ ਹੋ ਗਈ ਸੀ। ਬਾਅਦ ਵਿੱਚ ਮੁੜ ਤੋਂ ਬਿਜਾਈ ਕੀਤੀ ਗਈ ਸੀ ਪ੍ਰੰਤੂ ਉਹ ਵੀ ਹਾਲੇ ਤੱਕ ਪੱਕੀ ਨਹੀਂ ਜਿਸ ਕਾਰਨ ਹਰਪਾਲ ਸਿੰਘ ਮਾਨਸਿਕ ਤੌਰ ’ਤੇ ਕਾਫ਼ੀ ਪ੍ਰੇਸ਼ਾਨ ਸੀ। ਉਸ ਨੇ ਇਹ ਵੀ ਦੱਸਿਆ ਕਿ ਉਨ੍ਹਾਂ ਇੱਕ ਲੜਕੀ ਨੂੰ ਪਹਿਲਾਂ ਆਸਟਰੇਲਿਆ ਭੇਜਿਆ ਸੀ ਅਤੇ ਹੁਣ ਦੂਜੀ ਲੜਕੀ ਨੂੰ ਵੀ ਭੇਜਣ ਦੀ ਤਿਆਰੀ ਸੀ ਜਿਸ ਕਾਰਨ ਬੈਂਕ ਪਾਸੋਂ ਵੀ 8 ਲੱਖ ਰੁਪਏ ਦੀ ਲਿਮਟ ਬਣਵਾਈ ਸੀ ਪ੍ਰੰਤੂ ਇਸ ਵਾਰ ਫਸਲ ਸਮੇਂ ਸਿਰ ਤਿਆਰ ਨਾ ਹੋਣ ’ਤੇ ਮਾਰਕੀਟ ਵਿੱਚ ਸਮਾਂ ਰਹਿੰਦੇ ਨਾ ਵਿਕ ਸਕੀ। ਇਸੇ ਪ੍ਰੇਸ਼ਾਨੀ ਕਾਰਨ ਉਸ ਨੇ ਖ਼ੁਦਕੁਸ਼ੀ ਕਰ ਲਈ। ਬਾਦਸ਼ਾਹਪੁਰ ਚੌਕੀ ਦੇ ਏਐੱਸਆਈ ਪਵਿੱਤਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੀ ਪਤਨੀ ਦੇ ਬਿਆਨਾਂ ਦੇ ਆਧਾਰ ’ਤੇ ਮਾਮਲੇ ’ਚ ਧਾਰਾ 174 ਦੀ ਕਾਰਵਾਈ ਕੀਤੀ ਗਈ ਅਤੇ ਲਾਸ਼ ਦਾ ਪੋਸਟ ਮਾਰਟਮ ਕਰਵਾ ਕੇ ਲਾਸ਼ ਪਰਿਵਾਰ ਹਵਾਲੇ ਕਰ ਦਿੱਤੀ ਗਈ ਹੈ।
ਦਿੜ੍ਹਬਾ ’ਚ ਨੌਜਵਾਨ ਵੱਲੋਂ ਖੁਦਕੁਸ਼ੀ
ਦਿੜ੍ਹਬਾ ਮੰਡੀ (ਰਣਜੀਤ ਸਿੰਘ ਸ਼ੀਤਲ): ਪਾਰਸ ਕਲੋਨੀ ਦਿੜ੍ਹਬਾ ਦੇ ਵਾਸੀ ਅਤੇ ਸਮਾਜ ਸੇਵੀ ਅਧਿਆਪਕ ਦੇ ਇਕਲੌਤੇ ਪੁੱਤਰ ਵੱਲੋਂ ਬੀਤੇ ਕੱਲ੍ਹ ਆਪਣੇ ਘਰ ਵਿੱਚ ਹੀ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਮ੍ਰਿਤਕ ਦੀ ਪਛਾਣ ਜੋਬਨਵੀਰ ਸਿੰਘ (18) ਵਜੋਂ ਹੋਈ ਹੈ ਜੋ ਦਸਵੀਂ ਜਮਾਤ ਦਾ ਵਿਦਿਆਰਥੀ ਸੀ। ਖੁਦਕੁਸ਼ੀ ਦਾ ਕਾਰਨ ਕੁਝ ਵਿਅਕਤੀਆਂ ਵੱਲੋਂ ਉਸ ਦੀ ਕੁੱਟਮਾਰ ਕਰਨਾ ਦੱਸਿਆ ਜਾ ਰਿਹਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਜੋਬਨਵੀਰ ਸਿੰਘ ਕੱਲ੍ਹ 17 ਨਵੰਬਰ ਨੂੰ ਸਕੂਟਰੀ ’ਤੇ ਸ਼ੇਰੇ ਮਾਰਕੀਟ ਦਿੜ੍ਹਬਾ ਵਿੱਚ ਗਿਆ ਸੀ ਤਾਂ ਅਚਾਨਕ ਹੀ ਕੋਈ ਬੱਚਾ ਭੱਜ ਕੇ ਸਕੂਟਰੀ ਅੱਗੇ ਆ ਗਿਆ ਤਾਂ ਬੱਚੇ ਦੇ ਪਿਤਾ ਅਤੇ ਕੁਝ ਹੋਰ ਵਿਅਕਤੀਆਂ ਵੱਲੋਂ ਉਸ ਦੀ ਕੁੱਟਮਾਰ ਕੀਤੀ ਗਈ ਅਤੇ ਉਸ ਖ਼ਿਲਾਫ ਕਾਰਵਾਈ ਕਰਨ ਦੀ ਧਮਕੀ ਦਿੱਤੀ ਗਈ ਜਿਸ ਤੋਂ ਪ੍ਰੇਸ਼ਾਨ ਹੋ ਕੇ ਨੌਜਵਾਨ ਨੇ ਖੁਦਕੁਸ਼ੀ ਕਰ ਲਈ। ਖੁਦਕੁਸ਼ੀ ਨੋਟ ਵਿੱਚ ਕੁੱਟਮਾਰ ਕਰਨ ਵਾਲੇ ਵਿਅਕਤੀਆਂ ਬਾਰੇ ਦੱਸਿਆ ਗਿਆ ਹੈ। ਮ੍ਰਿਤਕ ਵਿਅਕਤੀ ਦੇ ਪਿਤਾ ਜਗਸੀਰ ਸਿੰਘ ਨੇ ਇਸ ਮਾਮਲੇ ਵਿੱਚ ਦੋਸ਼ੀਆਂ ਖ਼ਿਲਾਫ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਇਸ ਸਬੰਧੀ ਥਾਣਾ ਦਿੜ੍ਹਬਾ ਵਿੱਚ ਮਾਮਲਾ ਦਰਜ ਕਰਨ ਉਪਰੰਤ ਪੁਲੀਸ ਨੇ ਲਾਸ਼ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਕਰਵਾਉਣ ਮਗਰੋਂ ਵਾਰਸਾਂ ਦੇ ਹਵਾਲੇ ਕਰ ਦਿੱਤੀ ਹੈ ਜਿਸ ਦਾ ਅੱਜ ਸ਼ਾਮੀ ਸਸਕਾਰ ਕਰ ਦਿੱਤਾ। ਥਾਣਾ ਦਿੜ੍ਹਬਾ ਦੇ ਐੱਸਐੱਚਓ ਸੰਦੀਪ ਸਿੰਘ ਨੇ ਦੱਸਿਆ ਕਿ ਇਸ ਸਬੰਧੀ ਮ੍ਰਿਤਕ ਵਿਅਕਤੀ ਦੇ ਪਿਤਾ ਦੇ ਬਿਆਨਾ ਦੇ ਅਧਾਰ ’ਤੇ ਇੱਕ ਵਿਅਕਤੀ ਖ਼ਿਲਾਫ ਕੇਸ ਦਰਜ ਕਰ ਲਿਆ ਹੈ।