ਭਗਤ ਕਬੀਰ ਦੇ ਪ੍ਰਗਟ ਦਿਵਸ ਮੌਕੇ ਖੂਨ ਦਾਨ ਕੈਂਪ
ਪਵਨ ਕੁਮਾਰ ਵਰਮਾਧੂਰੀ, 11 ਜੂਨ
ਸੰਤ ਰਾਮਪਾਲ ਦੀ ਰਹਿਨੁਮਾਈ ਹੇਠ ਸਤਲੋਕ ਆਸ਼ਰਮ ਧੂਰੀ ਵਿੱਚ ਚੱਲ ਰਹੇ ਭਗਤ ਕਬੀਰ ਜੀ ਦੇ ਜਨਮ ਦਿਹਾੜੇ ਸਮਾਗਮ ਦੇ ਦੂਜੇ ਦਿਨ ਰੈੱਡ ਬਲੱਡ ਸੈਂਟਰ, ਖੰਨਾ ਨਰਸਿੰਗ ਹੋਮ ਖੰਨਾ ਦੇ ਸਹਿਯੋਗ ਨਾਲ ਵਿਸ਼ਾਲ ਖੂਨਦਾਨ ਕੈਂਪ ਲਾਇਆ ਗਿਆ ਜਿਸ ਵਿੱਚ 82 ਯੂਨਿਟ ਖੂਨ ਦਾਨ ਕੀਤਾ ਗਿਆ। ਸੰਤ ਰਾਮਪਾਲ ਨੇ ਵਰਚੁਅਲ ਤੌਰ ’ਤੇ ਪ੍ਰਾਜੈਕਟਰ ਰਾਹੀਂ ਸਤਿਸੰਗ ਕਰਦਿਆਂ ਮਨੁੱਖਤਾ ਦੀ ਨਿਸ਼ਕਾਮ ਸੇਵਾ ਲਈ ਪ੍ਰੇਰਿਤ ਕੀਤਾ। ਇਸ ਮੌਕੇ ਵਿਸ਼ੇਸ਼ ਅਧਿਆਤਮਕ ਪ੍ਰਦਰਸ਼ਨੀ ਨੇ ਵੀ ਸਭ ਦਾ ਧਿਆਨ ਖਿੱਚਿਆ ਜਿਸ ਵਿੱਚ ਕਬੀਰ ਸਾਹਿਬ ਦੇ ਜੀਵਨ ਦੇ ਨਾਲ -ਨਾਲ ਵੱਖ ਧਰਮਾਂ ਦੇ ਪਵਿੱਤਰ ਸਦਗ੍ਰੰਥਾਂ ਨੂੰ ਪ੍ਰਦਰਸ਼ਿਤ ਕੀਤਾ ਗਿਆ ਸੀ। ਅੱਜ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਲੱਖਾਂ ਦੀ ਗਿਣਤੀ ਵਿੱਚ ਸੰਗਤਾਂ ਨੇ ਹਾਜ਼ਰੀ ਭਰੀ। ਆਸ਼ਰਮ ਦੇ ਪ੍ਰਬੰਧਕ ਸੇਵਾਦਾਰਾਂ ਨੇ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੰਤ ਰਾਮਪਾਲ ਵੱਲੋਂ ਲੋੜਵੰਦ ਪਰਿਵਾਰਾਂ ਦੀ ਮਦਦ ਲਈ ਵਿਸ਼ੇਸ਼ ਅੰਨਪੂਰਨਾ ਮੁਹਿੰਮ ਸ਼ੁਰੂ ਕੀਤੀ ਗਈ ਹੈ, ਇਸ ਤੋਂ ਬਿਨਾਂ ਵਾਤਾਵਰਨ ਸੰਭਾਲ ਮੁਹਿੰਮ ਤਹਿਤ ਲੱਖਾਂ ਪੌਦੇ ਲਾਏ ਗਏ ਹਨ ਅਤੇ ਉਨ੍ਹਾਂ ਦੀ ਦੇਖਭਾਲ ਕੀਤੀ ਜਾ ਰਹੀ ਹੈ।