DISASTER MANAGEMENT BILL ਸੰਸਦ ਵੱਲੋਂ ਆਫ਼ਤ ਪ੍ਰਬੰਧਨ (ਸੋਧ) ਬਿੱਲ 2024 ਜ਼ੁਬਾਨੀ ਵੋਟ ਨਾਲ ਪਾਸ
RS-DISASTER-MANAGEMENT-BILL ਸੰਸਦ ਨੇ ਕੌਮੀ ਤੇ ਸੂਬਾਈ ਆਫ਼ਤ ਪ੍ਰਬੰਧਨ ਅਥਾਰਿਟੀਜ਼ ਦੇ ਕੁਸ਼ਲ ਕੰਮਕਾਜ ਦੀ ਮਜ਼ਬੂਤੀ ਲਈ ਆਫ਼ਤ ਪ੍ਰਬੰਧਨ (ਸੋਧ) ਬਿੱਲ 2024 ਪਾਸ ਕਰ ਦਿੱਤਾ ਹੈ। ਸਰਕਾਰ ਨੇ ਕਿਹਾ ਕਿ ਰਾਜਾਂ ਨੂੰ ਇਸ ਕਾਨੂੰਨ ਦੀ ਮਦਦ ਨਾਲ ਸਾਰੀਆਂ ਆਫ਼ਤਾਂ ਨਾਲ ਬਿਹਤਰ ਢੰਗ ਤਰੀਕੇ ਨਾਲ ਸਿੱਝਣ ਵਿਚ ਮਦਦ ਮਿਲੇਗੀ। ਰਾਜ ਸਭਾ ਨੇ 2005 ਦੇ ਆਫ਼ਤ ਪ੍ਰਬੰਧਨ ਐਕਟ ਵਿਚ ਸੋਧ ਲਈ ਡਿਜ਼ਾਸਟਰ ਮੈਨੇਜਮੈਂਟ ਸੋਧ ਬਿੱਲ 2024 ਜ਼ੁਬਾਨੀ ਵੋਟ ਨਾਲ ਪਾਸ ਕਰ ਦਿੱਤਾ। ਸਦਨ ਨੇ ਵਿਰੋਧੀ ਧਿਰ ਦੇ ਮੈਂਬਰਾਂ ਵੱਲੋਂ ਰੱਖੀਆਂ ਸੋਧਾਂ ਖਾਰਜ ਕਰ ਦਿੱਤੀਆਂ।
ਬਿੱਲ ’ਤੇ ਹੋਈ ਬਹਿਸ ਦਾ ਜਵਾਬ ਦਿੰਦਿਆਂ ਸਰਕਾਰ ਨੇ ਕਿਹਾ ਕਿ ਰਾਜਾਂ ਨੂੰ ਡਿਜ਼ਾਸਟਰ ਮੈਨੇਜਮੈਂਟ ਐਕਟ 2005 ਨੂੰ ਲਾਗੂ ਕਰਨ ਵਿਚ ਮੁਸ਼ਕਲਾਂ ਆ ਰਹੀਆਂ ਸਨ। ਤਜਵੀਜ਼ਤ ਸੋਧਾਂ ਰਾਜਾਂ ਵਿਚ ਉਭਾਰੀਆਂ ਮੁਸ਼ਕਲਾਂ ਤੇ ਉਨ੍ਹਾਂ ਵੱਲੋਂ ਦਿੱਤੇ ਸੁਝਾਵਾਂ ’ਤੇ ਅਧਾਰਿਤ ਸੀ। ਬਿੱਲ ਦਾ ਮੁੱਖ ਮੰਤਵ ਆਫ਼ਤ ਪ੍ਰਬੰਧਨ ਵਿਚ ਸ਼ਾਮਲ ਵੱਖ ਵੱਖ ਜਥੇਬੰਦੀਆਂ ਦੀਆਂ ਭੂਮਿਕਾਵਾਂ ਤੇ ਜ਼ਿੰਮੇਵਾਰੀਆਂ ਨੂੰ ਨਿਰਧਾਰਿਤ ਕਰਨਾ ਤੇ ਪ੍ਰਤੀਕਿਰਿਆ ਵਿੱਚ ਤਾਲਮੇਲ ਅਤੇ ਇਕਸਾਰਤਾ ਯਕੀਨੀ ਬਣਾਉਣਾ ਹੈ। ਬਿੱਲ ’ਤੇ ਵਿਚਾਰ ਚਰਚਾ ਦੌਰਾਨ ਵਿਰੋਧੀ ਧਿਰ ਦੇ ਮੈਂਬਰਾਂ ਨੇ ਵਾਇਨਾਡ ਵਿੱਚ ਕੁਦਰਤੀ ਆਫ਼ਤ ਦੌਰਾਨ ਕੇਂਦਰ ਸਰਕਾਰ ’ਤੇ ਅਸੰਵੇਦਨਸ਼ੀਲ ਰਵੱਈਆ ਅਖ਼ਤਿਆਰ ਕਰਨ ਦਾ ਦੋਸ਼ ਲਾਇਆ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਹਾਲਾਂਕਿ ਬਿੱਲ ’ਤੇ ਚਰਚਾ ਦਾ ਜਵਾਬ ਦਿੰਦਿਆਂ ਇਨ੍ਹਾਂ ਦੋੋਸ਼ਾਂ ਨੂੰ ਸਿਰੇ ਤੋਂ ਖਾਰਜ ਕਰ ਦਿੱਤਾ। -ਪੀਟੀਆਈ