DGP Murder Case: ਕਰਨਾਟਕ ਦੇ ਸਾਬਕਾ ਡੀਜੀਪੀ ਦੀ ਕਾਤਲ ਪਤਨੀ ਗ੍ਰਿਫ਼ਤਾਰ
ਬੰਗਲੁਰੂ, 22 ਅਪਰੈਲ
DGP Murder Case: ਕਰਨਾਟਕ ਦੇ ਸਾਬਕਾ ਡੀਜੀਪੀ ਓਮ ਪ੍ਰਕਾਸ਼ ਦੇ ਕਤਲ ਮਾਮਲੇ ਦੀ ਜਾਂਚ ਕਰ ਰਹੀ ਪੁਲੀਸ ਨੇ ਉਨ੍ਹਾਂ ਦੇ ਪੁੱਤਰ ਕਾਰਤੀਕੇਸ਼ ਦੀ ਸ਼ਿਕਾਇਤ ’ਤੇ ਉਸਦੀ ਮਾਂ ਪੱਲਵੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਉਸਨੂੰ ਸ਼ੱਕ ਹੈ ਕਿ ਉਸਦੀ ਮਾਂ ਅਤੇ ਭੈਣ ਇਸ ਕਤਲ ਵਿਚ ਸ਼ਾਮਲ ਸਨ।
ਇਕ ਅਧਿਕਾਰੀ ਨੇ ਸੋਮਵਾਰ ਨੂੰ ਦੱਸਿਆ ਕਿ ਜਾਂਚ ਅਧਿਕਾਰੀ ਨੇ ਪੱਲਵੀ ਓਮ ਪ੍ਰਕਾਸ਼ (64) ਨੂੰ ਗ੍ਰਿਫ਼ਤਾਰ ਕੀਤਾ ਹੈ ਅਤੇ ਉਸ ਨੂੰ ਮੈਜਿਸਟਰੇਟ ਦੇ ਸਾਹਮਣੇ ਪੇਸ਼ ਕੀਤਾ ਜਾਵੇਗਾ। ਉਨ੍ਹਾਂ ਅੱਗੇ ਕਿਹਾ ਕਿ ਕੇਸ ਨੂੰ ਹੋਰ ਜਾਂਚ ਲਈ ਬੰਗਲੁਰੂ ਦੀ ਕੇਂਦਰੀ ਅਪਰਾਧ ਸ਼ਾਖਾ (ਸੀਸੀਬੀ) ਨੂੰ ਤਬਦੀਲ ਕਰ ਦਿੱਤਾ ਗਿਆ ਹੈ। ਇਸ ਦੌਰਾਨ ਜਦੋਂ ਪੁਲੀਸ ਪੱਲਵੀ ਨੂੰ ਅਪਰਾਧ ਵਾਲੀ ਥਾਂ ’ਤੇ ਲੈ ਕੇ ਗਈ ਤਾਂ ਉਸ ਨੇ ਉੱਥੇ ਮੌਜੂਦ ਪੱਤਰਕਾਰਾਂ ਨੂੰ ਦੱਸਿਆ ਕਿ ਇਹ ਕਦਮ ਘਰੇਲੂ ਹਿੰਸਾ ਕਾਰਨ ਚੁੱਕਿਆ।
ਬਿਹਾਰ ਦਾ ਰਹਿਣ ਵਾਲਾ 1981 ਬੈਚ ਦਾ ਆਈਪੀਐੱਸ ਅਧਿਕਾਰੀ ਪ੍ਰਕਾਸ਼ ਐਤਵਾਰ ਨੂੰ ਸ਼ਹਿਰ ਦੇ ਐੱਚਐੱਸਆਰ ਲੇਆਉਟ ਵਿੱਚ ਆਪਣੇ ਵਿਚ ਖੂਨ ਨਾਲ ਲੱਥਪੱਥ ਮ੍ਰਿਤਕ ਪਾਇਆ ਗਿਆ। ਪੁਲੀਸ ਸੂਤਰਾਂ ਨੇ ਦੱਸਿਆ ਕਿ ਪਤਾ ਲੱਗਾ ਹੈ ਕਿ ਤਿੱਖੀ ਬਹਿਸ ਤੋਂ ਬਾਅਦ ਪੱਲਵੀ ਨੇ ਕਥਿਤ ਤੌਰ ’ਤੇ ਪ੍ਰਕਾਸ਼ ਦੇ ਚਿਹਰੇ ’ਤੇ ਮਿਰਚ ਪਾਊਡਰ ਸੁੱਟ ਦਿੱਤਾ ਅਤੇ ਫਿਰ ਉਸਨੂੰ ਚਾਕੂ ਮਾਰ ਕੇ ਮਾਰ ਦਿੱਤਾ।
ਸੁਤਰਾਂ ਨੇ ਦਾਅਵਾ ਕੀਤਾ ਕਿ ਫਿਰ ਉਸ ਨੇ ਇਕ ਦੋਸਤ ਨੂੰ ਵੀਡੀਓ ਕਾਲ ਕੀਤੀ ਅਤੇ ਕਿਹਾ, "ਮੈਂ ਉਸ ਰਾਖਸ਼ਸ ਨੂੰ ਮਾਰ ਦਿੱਤਾ ਹੈ।’’ ਆਪਣੀ ਸ਼ਿਕਾਇਤ ਵਿਚ ਕਾਰਤੀਕੇਸ਼ ਨੇ ਦੋਸ਼ ਲਗਾਇਆ ਕਿ ਉਸਦੀ ਮਾਂ ਪੱਲਵੀ ਪਿਛਲੇ ਇੱਕ ਹਫ਼ਤੇ ਤੋਂ ਉਸਦੇ ਪਿਤਾ ਨੂੰ ਮਾਰਨ ਦੀਆਂ ਧਮਕੀਆਂ ਦੇ ਰਹੀ ਸੀ। ਪੀਟੀਆਈ