ਕਸ਼ਮੀਰ ਮਸਲੇ ਦੇ ਹੱਲ ਲਈ ਭਾਰਤ ਤੇ ਪਾਕਿਸਤਾਨ ਨਾਲ ਮਿਲ ਕੇ ਕੰਮ ਕਰਾਂਗੇ: ਟਰੰਪ
ਨਿਊ ਯਾਰਕ, 11 ਮਈ
ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਐਤਵਾਰ ਨੂੰ ‘ਜੰਗਬੰਦੀ’ ਉੱਤੇ ਪਹੁੰਚਣ ਲਈ ਭਾਰਤ ਅਤੇ ਪਾਕਿਸਤਾਨ ਦੀ ‘ਮਜ਼ਬੂਤ ਅਤੇ ਅਟੱਲ’ ਲੀਡਰਸ਼ਿਪ ਦੀ ਤਾਰੀਫ਼ ਕੀਤੀ ਹੈ। ਟਰੰਪ ਨੇ ਕਿਹਾ ਕਿ ਦੋਵਾਂ ਮੁਲਕਾਂ ਦੀ ਇਸ ਦਲੇਰਾਨਾ ਪੇਸ਼ਕਦਮੀ ਨਾਲ ਉਨ੍ਹਾਂ ਦੀ ਵਿਰਾਸਤ ਬਹੁਤ ਵਧੀ ਹੈ। ਭਾਰਤ ਅਤੇ ਪਾਕਿਸਤਾਨ ਨੇ ਸ਼ਨਿੱਚਰਵਾਰ ਨੂੰ ਕੰਟਰੋਲ ਰੇਖਾ ਅਤੇ ਕੌਮਾਂਤਰੀ ਸਰਹੱਦ ’ਤੇ ਜੰਗਬੰਦੀ ਨੂੰ ਲੈ ਕੇ ਸਹਿਮਤੀ ਦਿੱਤੀ ਸੀ। ਇਸ ਦੇ ਨਾਲ ਹੀ ਟਰੰਪ ਨੇ ਕਿਹਾ ਕਿ ਉਹ ਕਸ਼ਮੀਰ ਮਸਲੇ ਦੇ ਹੱਲ ਲਈ ਦੋਵਾਂ ਮੁਲਕਾਂ ਨਾਲ ਮਿਲ ਕੇ ਕੰਮ ਕਰਨਗੇ।
ਟਰੰਪ ਨੇ ਟਰੂਥ ਸੋਸ਼ਲ ’ਤੇ ਇਕ ਪੋਸਟ ਵਿਚ ਕਿਹਾ, ‘‘ਮੈਨੂੰ ਭਾਰਤ ਅਤੇ ਪਾਕਿਸਤਾਨ ਦੀ ਮਜ਼ਬੂਤ ਅਤੇ ਅਟੱਲ ਲੀਡਰਸ਼ਿਪ ’ਤੇ ਬਹੁਤ ਮਾਣ ਹੈ ਕਿ ਉਨ੍ਹਾਂ ਕੋਲ ਇਹ ਜਾਣਨ ਅਤੇ ਸਮਝਣ ਦੀ ਤਾਕਤ, ਸਿਆਣਪ ਅਤੇ ਦ੍ਰਿੜਤਾ ਹੈ ਕਿ ਇਹ ਮੌਜੂਦਾ ਹਮਲੇ ਨੂੰ ਰੋਕਣ ਦਾ ਸਮਾਂ ਹੈ ਜੋ ਇੰਨੇ ਸਾਰੇ ਲੋਕਾਂ ਨੂੰ ਮੌਤ ਅਤੇ ਵਿਨਾਸ਼ ਵੱਲ ਲਿਜਾ ਸਕਦਾ ਸੀ।’’
ਅਮਰੀਕੀ ਸਦਰ ਨੇ ਕਿਹਾ, ‘‘ਲੱਖਾਂ ਚੰਗੇ ਅਤੇ ਨਿਰਦੋਸ਼ ਲੋਕ ਮਰ ਸਕਦੇ ਸਨ! ਤੁਹਾਡੀ ਦਲੇਰਾਨਾ ਪੇਸ਼ਕਦਮੀ ਨਾਲ ਤੁਹਾਡੀ ਵਿਰਾਸਤ ਬਹੁਤ ਵਧੀ ਹੈ।’’
ਟਰੰਪ ਨੇ ਕਿਹਾ, ‘‘ਮੈਨੂੰ ਮਾਣ ਹੈ ਕਿ ਅਮਰੀਕਾ ਇਸ ਇਤਿਹਾਸਕ ਅਤੇ ਦਲੇਰਾਨਾ ਫੈਸਲੇ ’ਤੇ ਪਹੁੰਚਣ ਵਿੱਚ ਤੁਹਾਡੀ ਮਦਦ ਕਰਨ ਦੇ ਯੋਗ ਸੀ। ਭਾਵੇਂ ਇਸ ਬਾਰੇ ਚਰਚਾ ਨਹੀਂ ਕੀਤੀ ਗਈ, ਮੈਂ ਇਨ੍ਹਾਂ ਦੋਵਾਂ ਮਹਾਨ ਦੇਸ਼ਾਂ ਨਾਲ ਵਪਾਰ ਨੂੰ ਕਾਫ਼ੀ ਹੱਦ ਤੱਕ ਵਧਾਉਣ ਜਾ ਰਿਹਾ ਹਾਂ। ਇਸ ਤੋਂ ਇਲਾਵਾ, ਮੈਂ ਤੁਹਾਡੇ ਦੋਵਾਂ ਨਾਲ ਮਿਲ ਕੇ ਇਹ ਦੇਖਣ ਲਈ ਕੰਮ ਕਰਾਂਗਾ ਕਿ ਕੀ ‘ਹਜ਼ਾਰ ਸਾਲਾਂ ਬਾਅਦ’ ਕਸ਼ਮੀਰ ਦੇ ਸਬੰਧ ਵਿੱਚ ਕੋਈ ਹੱਲ ਕੱਢਿਆ ਜਾ ਸਕਦਾ ਹੈ। ਪ੍ਰਮਾਤਮਾ ਭਾਰਤ ਅਤੇ ਪਾਕਿਸਤਾਨ ਦੀ ਲੀਡਰਸ਼ਿਪ ਨੂੰ ਚੰਗੇ ਕੰਮ ਲਈ ਅਸੀਸ ਦੇਵੇ!!!’’ ਪਹਿਲਗਾਮ ਦਹਿਸ਼ਤੀ ਹਮਲੇ ਦੇ ਜਵਾਬ ਵਿੱਚ ਪਿਛਲੇ ਹਫ਼ਤੇ ਭਾਰਤੀ ਹਥਿਆਰਬੰਦ ਬਲਾਂ ਵੱਲੋਂ ਪਾਕਿਸਤਾਨ ਅਤੇ ਮਕਬੂਜ਼ਾ ਕਸ਼ਮੀਰ (ਪੀਓਕੇ) ਵਿੱਚ ਦਹਿਸ਼ਤੀ ਟਿਕਾਣਿਆਂ ਨੂੰ ਨਿਸ਼ਾਨਾ ਬਣਾਉਣ ਤੋਂ ਬਾਅਦ ਭਾਰਤ ਅਤੇ ਪਾਕਿਸਤਾਨ ਵਿਚਕਾਰ ਤਣਾਅ ਵਧ ਗਿਆ ਸੀ।
ਚੇਤੇ ਰਹੇ ਕਿ ਵਿਦੇਸ਼ ਸਕੱਤਰ ਵਿਕਰਮ ਮਿਸਰੀ ਨੇ ਸ਼ਨਿੱਚਰਵਾਰ ਨੂੰ ਐਲਾਨ ਕੀਤਾ ਸੀ ਕਿ ਭਾਰਤ ਅਤੇ ਪਾਕਿਸਤਾਨ ਦੇ ਡੀਜੀਐਮਓ’ਜ਼ ਨੇ ਸ਼ਨਿੱਚਰਵਾਰ ਸ਼ਾਮ 5 ਵਜੇ ਤੋਂ ਜ਼ਮੀਨ, ਹਵਾ ਅਤੇ ਸਮੁੰਦਰ ’ਤੇ ਸਾਰੀਆਂ ਗੋਲੀਬਾਰੀ ਅਤੇ ਫੌਜੀ ਕਾਰਵਾਈਆਂ ਨੂੰ ਰੋਕਣ ਲਈ ਸਹਿਮਤ ਦਿੱਤੀ ਹੈ। ਵਿਦੇਸ਼ ਸਕੱਤਰ ਦਾ ਇਹ ਸੰਖੇਪ ਐਲਾਨ ਅਮਰੀਕੀ ਰਾਸ਼ਟਰਪਤੀ ਟਰੰਪ ਦੇ ਕਹਿਣ ਤੋਂ ਥੋੜ੍ਹੀ ਦੇਰ ਬਾਅਦ ਆਇਆ ਕਿ ਭਾਰਤ ਅਤੇ ਪਾਕਿਸਤਾਨ ‘ਜੰਗਬੰਦੀ’ ’ਤੇ ਸਹਿਮਤ ਹੋਏ ਹਨ। -ਪੀਟੀਆਈ