ਅਮਿਤਾਭ ਬੱਚਨ ਵੱਲੋਂ ਐਕਸ ’ਤੇ ‘Operation Sindoor’ ਦੀ ਸ਼ਲਾਘਾ, ਕਿਹਾ ਪਹਿਲਗਾਮ ਹਮਲੇ ਨੂੰ ਨਹੀਂ ਭੁੱਲ ਸਕਦੇ
ਨਵੀਂ ਦਿੱਲੀ, 11 ਮਈ
ਬੌਲੀਵੁੱਡ ਦੇ ਮੈਗਾਸਟਾਰ ਅਮਿਤਾਭ ਬੱਚਨ ਨੇ ਐਤਵਾਰ ਸਵੇਰੇ ‘Operation Sindoor’ ਬਾਰੇ ਇਕ ਲੰਮੀ ਚੌੜੀ ਪੋਸਟ ਨਾਲ ਸੋਸ਼ਲ ਮੀਡੀਆ ਵਿਚ ਵਾਪਸੀ ਕੀਤੀ ਹੈ। ਇਸ ਤੋਂ ਪਹਿਲਾਂ ਬੱਚਨ ਨੇ ਆਪਣੇ ਐਕਸ ਪੇਜ ਤੇ ਨਿੱਜੀ ਬਲੌਗ ’ਤੇ ਕਈ ਹਫ਼ਤਿਆਂ ਤੱਕ ਲੜੀਵਾਰ ਕਈ ਬਲੈਂਕ ਪੋਸਟਾਂ ਸ਼ੇਅਰ ਕੀਤੀਆਂ ਸਨ। ਬਜ਼ੁਰਗ ਅਦਾਕਾਰ ਨੇ 22 ਅਪਰੈਲ ਨੂੰ ਜੰਮੂ ਕਸ਼ਮੀਰ ਦੇ ਪਹਿਲਗਾਮ ਵਿਚ ਦਹਿਸ਼ਤੀ ਹਮਲੇ, ਜਿਸ ਵਿਚ 26 ਲੋਕਾਂ ਦੀ ਜਾਨ ਜਾਂਦੀ ਰਹੀ ਸੀ, ਮਗਰੋਂ ਐਕਸ ’ਤੇ ਕੋਈ ਪੋਸਟ ਨਹੀਂ ਪਾਈ ਸੀ।
ਬੱਚਨ (82) ਨੇ ਐਕਸ ’ਤੇ ਸੱਜਰੀ ਪੋਸਟ ਵਿਚ ਪਹਿਲਗਾਮ ਵਿਚ ਮਾਸੂਮ ਲੋਕਾਂ ਦੇ ਕਤਲੇਆਮ ’ਤੇ ਦੁੱਖ ਜਤਾਇਆ ਹੈ। ਅਦਾਕਾਰ ਨੇ ਆਪਣੀ ਪੋਸਟ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਦੀ ‘Operation Sindoor’ ਸ਼ੁਰੂ ਕਰਨ ਲਈ ਵੀ ਪ੍ਰਸ਼ੰਸਾ ਕੀਤੀ। ਅਦਾਕਾਰ ਨੇ ਐਕਸ ’ਤੇ ਲਿਖਿਆ, ‘‘ਪਹਿਲਗਾਮ ਹਮਲਾ ਜਿੱਥੇ ਉਨ੍ਹਾਂ ਨੇ 26 ਮਾਸੂਮ ਸੈਲਾਨੀਆਂ ਨੂੰ ਬੇਰਹਿਮੀ ਨਾਲ ਮਾਰ ਦਿੱਤਾ.. ਸਾਰੇ ਆਪਣੇ ਪਰਿਵਾਰਾਂ ਨਾਲ ਇੱਕ ਜਗ੍ਹਾ ’ਤੇ ਛੁੱਟੀਆਂ ਮਨਾ ਰਹੇ ਸਨ - ਇੱਥੋਂ ਤੱਕ ਕਿ ਇੱਕ ਜੋੜੇ, ਜਿਨ੍ਹਾਂ ਦਾ ਵਿਆਹ ਤਿੰਨ ਦਿਨ ਪਹਿਲਾਂ ਹੋਇਆ ਸੀ, ਜੋ ਆਪਣੇ ਹਨੀਮੂਨ ਲਈ ਆਏ ਸਨ.. ਨੂੰ ਕਦੇ ਨਹੀਂ ਭੁੱਲਿਆ ਜਾਵੇਗਾ। ਸਾਡੀ ਸਰਕਾਰ ਨੇ ਗੁਆਂਢੀ ਮੁਲਕ ਨੂੰ ਸਾਡੇ ਦੇਸ਼ ਵਿੱਚ ਅਤਿਵਾਦੀ ਕੈਂਪਾਂ ਅਤੇ ਸਰਗਰਮੀਆਂ ਨੂੰ ਬੰਦ ਕਰਨ ਲਈ ਕਿਹਾ, ਪਰ ਉਨ੍ਹਾਂ ਇਸ ਪਾਸੇ ਕਦੇ ਵੀ ਧਿਆਨ ਨਹੀਂ ਦਿੱਤਾ। ਇਸ ਲਈ ਮੋਦੀ ਅਤੇ ਸਰਕਾਰ ਨੇ ਗੁਆਂਢੀ ਮੁਲਕ ਵਿਚਲੇ ਦਹਿਸ਼ਤੀ ਬੇਸ ਕੈਂਪਾਂ ਖਿਲਾਫ਼ ਫੌਜੀ ਪ੍ਰਕਿਰਿਆ ਸ਼ੁਰੂ ਕੀਤੀ.. ਜਿਸ ਦੇ ਨਤੀਜੇ ਸਭ ਜਾਣਦੇ ਹਨ.. ਉਨ੍ਹਾਂ ਦੇ 9 ਦਹਿਸ਼ਤੀ ਕੈਂਪ ਤਬਾਹ ਕਰ ਦਿੱਤੇ।’’
ਬੱਚਨ ਨੇ ਇਹ ਪੋਸਟ ਆਪਣੇ ਪਿਤਾ, ਹਿੰਦੀ ਕਵੀ ਹਰਿਵੰਸ਼ ਰਾਏ ਬੱਚਨ ਦੀ ਪ੍ਰਸਿੱਧ ਕਵਿਤਾ "ਅਗਨੀਪਥ" ਦੀਆਂ ਲਾਈਨਾਂ ਨਾਲ ਸਮਾਪਤ ਕੀਤੀ, ਜਿਸ ਵਿੱਚ ਹਥਿਆਰਬੰਦ ਬਲਾਂ ਨੂੰ ਉਤਸ਼ਾਹਿਤ ਕੀਤਾ ਗਿਆ ਸੀ। ਬੱਚਨ ਨੇ ਲਿਖਿਆ, ‘‘ਤੂੰ ਨਾ ਥਮੇਗਾ ਕਭੀ, ਤੂੰ ਨਾ ਮੁੜੇਗਾ ਕਭੀ, ਤੂੰ ਨਾ ਝੁਕੇਗਾ ਕਭੀ, ਕਰ ਸ਼ਪਥ ਕਰ ਸ਼ਪਥ ਕਰ ਸਪਥ, ਅਗਨੀਪਥ, ਅਗਨੀਪਥ ਅਗਨੀਪਥ।’’ -ਪੀਟੀਆਈ