ਜਲ ਸੈਨਾ ਦੀ ਸਮਰੱਥਾ ਵਧਣ ਦੇ ਬਾਵਜੂਦ ਕਈ ਚੁਣੌਤੀਆਂ
ਟੀਐੱਨ ਨੈਨਾਨ
ਪਿਛਲੇ ਕੁਝ ਹਫ਼ਤੇ ਜਲ ਸੈਨਾ ਲਈ ਰੁਝੇਵਿਆਂ ਭਰਪੂਰ ਰਹੇ ਹਨ। ਇਸ ਨੇ ਹਾਲ ਹੀ ਵਿਚ 7,400 ਟਨ ਦਾ ਮਿਜ਼ਾਈਲ ਤਬਾਹ ਕਰਨ ਵਾਲਾ ਜੰਗੀ ਬੇੜਾ ‘ਆਈਐੱਨਐੱਸ ਮੋਰਮੁਗਾਓ’ ਜਲ ਸੈਨਾ ਵਿਚ ਸ਼ਾਮਲ ਕੀਤਾ ਹੈ। ਤਿੰਨ ਮਹੀਨੇ ਪਹਿਲਾਂ ਪ੍ਰਧਾਨ ਮੰਤਰੀ ਨੇ ਦੇਸ਼ ਵਿਚ ਡਿਜ਼ਾਈਨ ਪਹਿਲਾ ਜੰਗੀ ਬੇੜਾ ਆਈਐੱਨਐੱਸ ਵਿਕਰਾਂਤ ਜੋ 45,000 ਟਨ ਦਾ ਹੈ, ਜਲ ਸੈਨਾ ਵਿਚ ਸ਼ਾਮਲ ਕੀਤਾ ਸੀ। ਜਲ ਸੈਨਾ ਆਪਣੀ ਦੂਜੀ ਪਰਮਾਣੂ ਬੈਲਿਸਟਿਕ ਮਿਜ਼ਾਈਲ ਪਣਡੁੱਬੀ, ਆਈਐੱਨਐੱਸ ਅਰੀਘਾਟ ਨੂੰ ਵੀ ਸ਼ਾਮਲ ਕਰਨ ਵਾਲੀ ਹੈ ਪਰ ਇਸ ਦੀ ਮਿਤੀ ਗੁਪਤ ਰੱਖੀ ਗਈ ਹੈ। ਇਸ ਦੌਰਾਨ, ਪੰਜਵੀਂ ਸਕੌਰਪੀਨ ਪਣਡੁੱਬੀ, ਆਈਐੱਨਐੱਸ ਵਾਗੀਰ ਜਲ ਸੈਨਾ ਨੂੰ ਸੌਂਪ ਦਿੱਤੀ ਗਈ ਹੈ ਅਤੇ ਅਗਲੇ ਸਾਲ ਦੇ ਸ਼ੁਰੂ ਵਿਚ ਇਹ ਬੇੜੇ ਵਿਚ ਸ਼ਾਮਲ ਕੀਤੀ ਜਾਵੇਗੀ।
ਪਿਛਲਾ ਅਜਿਹਾ ਕੋਈ ਦੌਰ ਨਹੀਂ ਹੈ ਜਦੋਂ ਜਲ ਸੈਨਾ ਨੇ ਇੰਨੇ ਘੱਟ ਸਮੇਂ ਵਿਚ ਇੰਨੇ ਵੱਡੇ ਮੋਹਰੀ ਕਤਾਰ ਦੇ ਜਹਾਜ਼ਾਂ ਅਤੇ ਪਣਡੁੱਬੀਆਂ ਨੂੰ ਜਲ ਸੈਨਾ ਵਿਚ ਸ਼ਾਮਲ ਕੀਤਾ ਹੋਵੇ। ਜਲ ਸੈਨਾ ਲਈ ਪਿਛਲਾ ਸਾਲ 2021 ਵੀ ਰੁਝੇਵਿਆਂ ਭਰਪੂਰ ਰਿਹਾ; ਇਸ ਨੇ ਦੋ ਸਕੌਰਪੀਨ ਪਣਡੁੱਬੀਆਂ ਅਤੇ ਮਿਜ਼ਾਈਲ ਤਬਾਹ ਕਰਨ ਵਾਲਾ ਜੰਗੀ ਬੇੜਾ ਸ਼ਾਮਲ ਕੀਤਾ ਸੀ। ਇਸ ਤੋਂ ਪਤਾ ਲੱਗਦਾ ਹੈ ਕਿ ਜਲ ਸੈਨਾ ਦਾ ਵਿਸਥਾਰ ਰਫ਼ਤਾਰ ਫੜ ਰਿਹਾ ਹੈ ਅਤੇ ਕੁਝ ਮਾਇਨਿਆਂ ਨਾਲ ਇਹ ਸੱਚ ਹੋਵੇਗਾ ਪਰ ਪਿਛਲੇ ਸਮੇਂ ਦੀ ਤਸਵੀਰ ਨੂੰ ਵੀ ਦੇਖਣਾ ਚਾਹੀਦਾ ਹੈ। 2021 ਅਤੇ 2022 ਦੀ ਤੁਲਨਾ ਵਿਚ ਪਿਛਲੇ ਦੋ ਸਾਲਾਂ (2019 ਤੇ 2020) ਵਿਚ ਸਿਰਫ਼ ਇੱਕ ਪਣਡੁੱਬੀ ਅਤੇ ਇੱਕ 3,300-ਟਨ ਜੰਗੀ ਜਹਾਜ਼ ਨੂੰ ਹੀ ਜਲ ਸੈਨਾ ਵਿਚ ਸ਼ਾਮਲ ਕੀਤਾ ਗਿਆ; 2018 ਵਿਚ ਬੇੜੇ ਵਿਚ ਕੋਈ ਵੱਡਾ ਵਾਧਾ ਨਹੀਂ ਹੋਇਆ। ਮੋਟੇ ਤੌਰ ‘ਤੇ ਕਿਹਾ ਜਾਵੇ ਤਾਂ 2011 ਤੋਂ ਬਾਅਦ ਇਹ ਰੁਝਾਨ ਜਾਰੀ ਹੈ ਅਤੇ ਹਰ ਸਾਲ ਔਸਤਨ ਦੋ ਵੱਡੇ ਜੰਗੀ ਜਹਾਜ਼ ਜਲ ਸੈਨਾ ਵਿਚ ਸ਼ਾਮਲ ਕੀਤੇ ਜਾ ਰਹੇ ਹਨ।
ਇਹ ਦਹਾਕਾ ਪਹਿਲਾਂ ਦੇ ਮੁਕਾਬਲੇ ਸੁਧਾਰ ਜ਼ਰੂਰ ਹੈ ਪਰ ਹਰ ਜਹਾਜ਼ ਬਣਾਉਣ ਵਿਚ ਅਜੇ ਵੀ ਬਹੁਤ ਸਮਾਂ ਲੱਗਦਾ ਹੈ। ਮਿਸਾਲ ਵਜੋਂ ਮਿਜ਼ਾਈਲ ਤਬਾਹ ਕਰਨ ਵਾਲਾ ਜੰਗੀ ਬੇੜਾ ਬਣਾਉਣ ਲਈ ਸੱਤ ਤੋਂ ਨੌ ਸਾਲ ਲੱਗਦੇ ਹਨ। ਚੀਨ ਦੇ ਦੁੱਗਣੇ ਤੋਂ ਵੀ ਵੱਧ। ਫਿਰ ਵੀ ਇਨ੍ਹਾਂ ਨੂੰ ਜਲ ਸੈਨਾ ਵਿਚ ਸ਼ਾਮਲ ਕਰਨ ਸਮੇਂ ਮੁੱਖ ਸਹਿਯੋਗੀ ਯੰਤਰ ਗਾਇਬ ਹੁੰਦੇ ਹਨ, ਜਿਵੇਂ ਸਹੀ ਲੰਮੀ ਦੂਰੀ, ਹਵਾਈ ਰੱਖਿਆ ਮਿਜ਼ਾਇਲਾਂ, ਭਾਰੀ ਵਜ਼ਨ ਵਾਲੇ ਟਾਰਪੀਡੋਜ਼, ਇੱਥੋਂ ਤੱਕ ਕਿ ਵਾਹਕ ਹਵਾਈ ਜਹਾਜ਼ ਵੀ। ਇੱਕ ਰਿਪੋਰਟ ਅਨੁਸਾਰ ਪਿਛਲੇ ਦੋ ਸਾਲਾਂ ਵਿਚ ਕੋਈ ਵੀ ਜਹਾਜ਼ ਭਾਰਤ ਦੇ ਕਿਸੇ ਵੀ ਬੇੜੇ ‘ਤੇ ਨਹੀਂ ਉਤਰਿਆ ਹੈ।
ਫਿਰ ਵੀ, ਤੁਸੀਂ ਕਹਿ ਸਕਦੇ ਹੋ ਕਿ ਭਾਰਤ ਆਪਣੀ ਜਲ ਸੈਨਾ ਦੀ ਸ਼ਕਤੀ ਦਾ ਲਗਾਤਾਰ ਨਿਰਮਾਣ ਕਰ ਰਿਹਾ ਹੈ। ਸੱਤ 6,600-ਟਨ ਬੇਡਿ਼ਆਂ ਦਾ ਅਗਲਾ ਬੈਚ ਨਿਰਮਾਣ ਸ਼ੁਰੂ ਕਰੇਗਾ ਜਿਸ ਨਾਲ ਜਹਾਜ਼ ਨਿਰਮਾਣ ਵਿਚ ਲਗਭਗ ਦੋ ਸਾਲਾਂ ਦੀ ਤੇਜ਼ੀ ਆਵੇਗੀ। ਮਜ਼ਾਗਨ ਡੌਕਸ, ਮਿਜ਼ਾਈਲ ਤਬਾਹ ਕਰਨ ਵਾਲੇ ਜੰਗੀ ਬੇਡਿ਼ਆਂ ਅਤੇ ਬੇਡਿ਼ਆਂ ਦਾ ਮੁੱਢਲਾ ਨਿਰਮਾਤਾ ਬਣਿਆ ਹੋਇਆ ਹੈ। ਇਸ ਦੇ ਨਾਲ ਹੀ ਗਾਰਡਨ ਰੀਚ ਸਿ਼ਪਬਿਲਡਰਜ਼ ਅਤੇ ਇੰਜਨੀਅਰਜ਼, ਕੋਚੀਨ ਸਿ਼ਪਯਾਰਡ ਅਤੇ ਗੋਆ ਸਿ਼ਪਯਾਰਡ ਸਾਰੇ ਹੁਣ ਵੱਡੇ ਤੇ ਵਧੇਰੇ ਗੁੰਝਲਦਾਰ ਜਹਾਜ਼ਾਂ ਦਾ ਨਿਰਮਾਣ ਕਰਨ ਦੇ ਸਮਰੱਥ ਹਨ, ਜਿਵੇਂ ਇਸ ਦਾ ਵਿਸ਼ਾਖਾਪਟਨਮ ਵਿਖੇ ਪਰਮਾਣੂ ਪਣਡੁੱਬੀ-ਨਿਰਮਾਣ ਕੰਪਲੈਕਸ ਹੈ। ਇਸ ਸੂਚੀ ਵਿਚ ਚੇਨਈ ਦੇ ਨੇੜੇ ਲਾਰਸਨ ਐਂਡ ਟਰਬੋ ਦੁਆਰਾ ਵਿਕਸਤ ਸਮੁੰਦਰੀ ਜਹਾਜ਼ ਦੇ ਡਿਜ਼ਾਈਨ ਅਤੇ ਯਾਰਡ ਦੀ ਸਹੂਲਤ ਨੂੰ ਸ਼ਾਮਲ ਕੀਤਾ ਜਾਣਾ ਚਾਹੀਦਾ ਹੈ।
ਇਨ੍ਹਾਂ ਵਿਚੋਂ ਕੋਈ ਵੀ ਚੀਨ ਦੁਆਰਾ ਜਲ ਸੈਨਾ ਦੇ ਨਿਰਮਾਣ ਦੀ ਗਤੀ ਨਾਲ ਮੁਕਾਬਲਾ ਨਹੀਂ ਕਰਦਾ ਜਿਸ ਨੇ ਪਿਛਲੀਆਂ ਗਰਮੀਆਂ ਵਿਚ ਆਪਣਾ ਤੀਜ਼ਾ ਹਵਾਈ ਜਹਾਜ਼ ਵਾਹਕ ਲਾਂਚ ਕੀਤਾ। ਇਹ ਸੰਯੁਕਤ ਤੌਰ ‘ਤੇ ਭਾਰਤ ਦੇ ਦੋ ਜਹਾਜ਼ ਵਾਹਕਾਂ ਦੀ ਤੁਲਨਾ ਵਿਚ ਵੱਡਾ, ਵਧੇਰੇ ਉੱਨਤ ਤਕਨਾਲੋਜੀ ਦੇ ਨਾਲ ਬਣਾਇਆ ਗਿਆ ਹੈ ਜੋ ਛੋਟੇ ਅੰਤਰਾਲਾਂ ‘ਤੇ ਵਧੇਰੇ ਈਂਧਨ ਅਤੇ ਭਾਰੀ ਹਥਿਆਰ ਲੋਡ ਕਰ ਕੇ ਜਹਾਜ਼ਾਂ ਨੂੰ ਲਾਂਚ ਕਰਨ ਦੇ ਯੋਗ ਹੋਵੇਗਾ। ਪਹਿਲਾਂ ਹੀ ਬਹੁਤ ਤੇਜ਼ ਗਤੀ ਨਾਲ ਬਹੁਤ ਸਮਰੱਥ ਮਿਜ਼ਾਈਲ ਤਬਾਹ ਕਰਨ ਵਾਲਾ ਜੰਗੀ ਬੇੜਾ ਬਣਾਉਣ ਤੋਂ ਬਾਅਦ ਚੀਨ ਹੁਣ ਵੱਡੀ ਮਾਰ ਕਰਨ ਵਾਲੇ ਡਰੋਨਾਂ ਅਤੇ ਮਾਨਵ ਰਹਿਤ ਜਹਾਜ਼ਾਂ ਨਾਲ ਸਮੁੰਦਰ ‘ਤੇ ਯੁੱਧ ਕਰਨ ਦੀ ਯੋਜਨਾ ਬਣਾ ਰਿਹਾ ਹੈ।
ਸੀਮਤ ਰੱਖਿਆ ਬਜਟ ਦੇ ਮੱਦੇਨਜ਼ਰ ਸਿ਼ਪਯਾਰਡਾਂ ਨੂੰ ਮਜ਼ਬੂਤ ਰੱਖਣ ਲਈ ਲੋੜੀਂਦੇ ਆਰਡਰ ਨਹੀਂ ਦਿੱਤੇ ਗਏ ਹਾਲਾਂਕਿ ਬਹੁਤ ਸਾਰੇ ਛੋਟੇ ਸਮੁੰਦਰੀ ਜਹਾਜ਼ ਜਿਵੇਂ ਪਣਡੁੱਬੀ-ਰੋਧੀ ਯੁੱਧ ਲਈ ‘ਸ਼ੈਲੋ ਵਾਟਰ’ ਜਹਾਜ਼ਾਂ ਦੇ ਆਰਡਰ ਹਨ। ਘੱਟ ਆਕਾਰ ਦੇ ਪਣਡੁੱਬੀ ਬੇੜੇ ਵਿਚ ਜਿ਼ਆਦਾਤਰ ਪੁਰਾਣੀਆਂ ਕਿਸ਼ਤੀਆਂ ਹਨ ਜੋ 1980 ਦੇ ਦਹਾਕੇ ਤੋਂ ਪਹਿਲਾਂ ਦੀਆਂ ਹਨ ਪਰ ਮਜ਼ਾਗਨ ਦਾ ਪਣਡੁੱਬੀ ਸ਼ੈੱਡ ਆਪਣੀ ਛੇਵੀਂ ਅਤੇ ਆਖਿ਼ਰੀ ਸਕੌਰਪੀਨ ਪਣਡੁੱਬੀ ਦੀ ਡਿਲਿਵਰੀ ਦੇਣ ਤੋਂ ਬਾਅਦ ਆਰਡਰ ਤੋਂ ਬਾਹਰ ਹੋ ਜਾਵੇਗਾ।
ਹੋਰ ਛੇ ਆਰਡਰਾਂ ਵਿਚ ਵਾਰ ਵਾਰ ਦੇਰੀ ਹੋਈ ਹੈ; ਸੰਭਾਵੀ ਬੋਲੀਕਾਰ ਅੱਗੇ ਨਹੀਂ ਆ ਰਹੇ ਕਿਉਂਕਿ ਉਹ ਇਸ ਨੂੰ ਅਸਵੀਕਾਰਨ ਯੋਗ ਸ਼ਰਤਾਂ ਵਜੋਂ ਦੇਖਦੇ ਹਨ। ਇਸ ਦੌਰਾਨ ਰੱਖਿਆ ਮੰਤਰੀ ਨੇ ਹਾਲ ਹੀ ਵਿਚ ਨਿਰੀਖਕਾਂ ਨੂੰ ਹੈਰਾਨ ਕਰ ਦਿੱਤਾ ਜਦੋਂ ਉਨ੍ਹਾਂ ਕਿਹਾ ਕਿ ਭਾਰਤ ਨੇ ਬੇੜੇ ਦਾ ਤੀਜਾ ਵਾਹਕ ਬਣਾਉਣਾ ਸ਼ੁਰੂ ਕਰ ਦਿੱਤਾ ਹੈ; ਇਸ ਆਰਡਰ ਬਾਰੇ ਪਹਿਲਾਂ ਜਾਂ ਬਾਅਦ ਵਿਚ ਬਹੁਤ ਘੱਟ ਸੁਣਿਆ ਗਿਆ ਹੈ। ਮਲੇਸ਼ੀਆ, ਬ੍ਰਾਜ਼ੀਲ ਅਤੇ ਫਿਲੀਪੀਨਜ਼ ਤੋਂ ਬਰਾਮਦ ਆਰਡਰ ਹਾਸਲ ਕਰਨ ਦੀ ਬੋਲੀ ਮੁਕਾਬਲੇ ਵਿਚ ਪਛੜ ਗਈ ਹੈ।
ਜਲ ਸੈਨਾ ਸਾਹਮਣੇ ਕਈ ਚੁਣੌਤੀਆਂ ਹਨ, ਜਿਵੇਂ ਨਾਕਾਫ਼ੀ ਬਜਟ, ਆਰਡਰ ਦੇਣ ਤੇ ਫਿਰ ਨਿਰਮਾਣ ਚ ਦੇਰੀ, ਖਰਾਬ ਤਾਲਮੇਲ ਵਾਲਾ ਡਿਲੀਵਰੀ ਸਮਾਂ ਪ੍ਰਬੰਧ ਅਤੇ ਚੀਨ ਤੋਂ ਚੁਣੌਤੀ। ਇਨ੍ਹਾਂ ਮੁੱਦਿਆਂ ‘ਤੇ ਬਹਿਸ ਦੀ ਲੋੜ ਹੈ, ਭਾਵੇਂ ਜਲ ਸੈਨਾ ਆਪਣੇ ਬੇੜੇ ਵਿਚ ਵੱਡੇ ਜੰਗੀ ਜਹਾਜ਼ਾਂ ਅਤੇ ਪਣਡੁੱਬੀਆਂ ਨੂੰ ਤੇਜ਼ੀ ਨਾਲ ਸ਼ਾਮਲ ਕਰਨ ਦਾ ਜਸ਼ਨ ਮਨਾ ਰਹੀ ਹੈ।
*ਲੇਖਕ ਆਰਥਿਕ ਮਾਮਲਿਆਂ ਦਾ ਮਾਹਿਰ ਹੈ।