ਡੇਰਾਬੱਸੀ: ਰਿਹਾਇਸ਼ੀ ਸੁਸਾਇਟੀ ਗੁਲਮੋਹਰ ਸਿਟੀ ਪਾਣੀ ਵਿੱਚ ਡੁੱਬੀ
ਹਰਜੀਤ ਸਿੰਘ/ਅਤਰ ਸਿੰਘ
ਡੇਰਾਬੱਸੀ, 9 ਜੁਲਾਈ
ਇਸ ਖੇਤਰ ਵਿੱਚ ਦੋ ਦਨਿ ਤੋਂ ਲਗਾਤਾਰ ਪੈ ਰਹੇ ਭਰਵੇਂ ਮੀਂਹ ਕਾਰਨ ਹੜ੍ਹ ਵਰਗੇ ਹਾਲਾਤ ਬਣ ਗਏ ਹਨ। ਪਹਾੜਾਂ ਤੋਂ ਜ਼ਿਆਦਾ ਪਾਣੀ ਆਉਣ ਨਾਲ ਖੇਤਰ ਵਿੱਚੋਂ ਲੰਘ ਰਿਹਾ ਘੱਗਰ ਖਤਰੇ ਦੇ ਨਿਸ਼ਾਨ ਤੋਂ ਉੱਪਰ ਪੁੱਜ ਗਿਆ। ਮੁਬਾਰਕਪੁਰ ਨੇੜੇ ਘੱਗਰ ਵਿੱਚ ਪਾਣੀ ਭਰ ਗਿਆ ਜਿਸ ਕਾਰਨ ਕਾਜ਼ਵੇਅ ਪਾਣੀ ਵਿਚ ਡੁੱਬ ਗਿਆ। ਇਸੇ ਤਰਾਂ ਹੋਰਨਾਂ ਨਦੀ, ਨਾਲੇ ਅਤੇ ਬਰਸਾਤੀ ਚੋਅ ਵੀ ਪੂਰੇ ਉਫਾਨ ’ਤੇ ਪੁੱਜ ਗਏ ਹਨ। ਘੱਗਰ ਨਾਲ ਲੱਗਦੇ ਦਰਜਨਾਂ ਪਿੰਡਾਂ ਨੂੰ ਹਾਈ ਅਲਰਟ ’ਤੇ ਰੱਖਿਆ ਹੋਇਆ ਹੈ।
ਮੀਂਹ ਕਾਰਨ ਸਭ ਤੋਂ ਵੱਧ ਪ੍ਰੇਸ਼ਾਨੀ ਹੈਬਤਪੁਰ ਸੜਕ ’ਤੇ ਸਥਿਤ ਗੁਲਮੋਹਰ ਸਿਟੀ ਐਕਸਟੈਨਸ਼ਨ ਸੁਸਾਇਟੀ ਵਿੱਚ ਬਣੀ। ਸੁਸਾਇਟੀ ਦੀ ਪਿਛਲੀ ਕੰਧ ਟੁੱਟੀ ਹੋਣ ਕਾਰਨ ਖੇਤਾਂ ਅਤੇ ਬਰਸਾਤੀ ਚੋਅ ਦਾ ਪਾਣੀ ਸੁਸਾਇਟੀ ਅੰਦਰ ਆ ਗਿਆ। ਇਹ ਸੁਸਾਇਟੀ ਕਾਫੀ ਨੀਵੀਂ ਹੋਣ ਕਾਰਨ ਇਸ ਵਿੱਚ 7 ਤੋਂ 8 ਫੁੱਟ ਤੱਕ ਪਾਣੀ ਭਰ ਗਿਆ ਜਿਸ ਕਾਰਨ ਸੈਂਕੜੇ ਕਾਰਾਂ ਅਤੇ ਦੋ ਪਹੀਆ ਵਾਹਨ ਪਾਣੀ ਵਿੱਚ ਡੁੱਬ ਗਏ। ਪਾਣੀ ਵਿੱਚ ਡੁੱਬੇ ਮੋਟਰਸਾਈਕਲ ਨੂੰ ਕੱਢਦਿਆਂ ਇਕ ਨੌਜਵਾਨ ਪਾਣੀ ਵਿੱਚ ਫਸ ਗਿਆ ਜਿਸ ਨੂੰ ਲੋਕਾਂ ਨੇ ਬੜੀ ਮੁਸ਼ਕਲ ਨਾਲ ਬਾਹਰ ਕੱਢਿਆ। ਸੁਸਾਇਟੀ ਦੀ ਬੇਸਮੈਂਟ ਅਤੇ ਗਰਾਊਂਡ ਫਲੌਰ ’ਤੇ ਬਣਾਈ ਪਾਰਕਿੰਗ ਵਿੱਚ ਪਾਣੀ ਭਰ ਗਿਆ। ਇਸ ਕਾਰਨ ਲੋਕ ਆਪਣੇ ਫਲੈਟਾਂ ਵਿੱਚ ਫਸ ਕੇ ਰਹਿ ਗਏ। ਸੂਚਨਾ ਮਿਲਣ ਮਗਰੋਂ ਪ੍ਰਸ਼ਾਸਨ ਨੇ ਐੱਨਡੀਆਰਐਫ ਦੀ ਟੀਮ ਨੂੰ ਸੱਦਿਆ ਜਨਿ੍ਹਾਂ ਵੱਲੋਂ ਕਿਸ਼ਤੀ ਰਾਹੀਂ ਲੋਕਾਂ ਨੂੰ ਬਾਹਰ ਕੱਢਿਆ ਗਿਆ ਅਤੇ ਲੋੜੀਂਦਾ ਸਾਮਾਨ ਲੋਕਾਂ ਤੱਕ ਪਹੁੰਚਾਇਆ। ਇਸੇ ਤਰ੍ਹਾਂ ਮੁਬਾਰਕਪੁਰ ਘੱਗਰ ਨਦੀ ਵਿੱਚ ਪਾਣੀ ਆਉਣ ਕਾਰਨ ਨੇੜੇ ਸਥਿਤ ਦਰਜਨਾਂ ਝੁੱਗੀਆਂ ਪਾਣੀ ਵਿੱਚ ਡੁੱਬ ਗਈ ਜਿਸ ਦੇ ਵਸਨੀਕਾਂ ਨੂੰ ਪ੍ਰਸ਼ਾਸਨ ਵੱਲੋਂ ਪੀਡਬਲਿਊਡੀ ਦੇ ਗੈਸਟ ਹਾਊਸ ਦੇ ਰਾਹਤ ਕੈਂਪ ਵਿੱਚ ਠਹਿਰਾਇਆ ਗਿਆ। ਇਸ ਤੋਂ ਇਲਾਵਾ ਪਿੰਡ ਸੁੰਡਰਾ ਵਿੱਚ ਸੱਤ ਝੁੱਗੀਆਂ ਵਿੱਚ ਰਹਿ ਰਹੇ ਲੋਕ ਪਾਣੀ ਭਰਨ ਕਾਰਨ ਫਸ ਗਏ ਜਨਿ੍ਹਾਂ ਨੂੰ ਵੀ ਐੱਨਡੀਆਰਐਫ ਟੀਮ ਨੇ ਸੁਰੱਖਿਅਤ ਬਾਹਰ ਕੱਢਿਆ। ਉਂਝ ਸੁਸਾਇਟੀ ਦੀ ਕੰਧ ਤੋੜ ਕੇ ਪਾਣੀ ਨੂੰ ਕੱਢਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਪਰ ਖ਼ਬਰ ਲਿਖੇ ਜਾਣ ਤੱਕ ਪਾਣੀ ਭਰਿਆ ਹੋਇਆ ਸੀ। ਡੇਰਾਬੱਸੀ ਮੇਨ ਬਾਜ਼ਾਰ ਵਿੱਚ ਨਿਕਾਸੀ ਦਾ ਪ੍ਰਬੰਧ ਨਾ ਹੋਣ ਕਾਰਨ ਲੋਕਾਂ ਨੂੰ ਕਾਫੀ ਪ੍ਰੇਸ਼ਾਨੀ ਹੋਈ। ਇਸ ਤੋਂ ਇਲਾਵਾ ਮੁਬਾਰਿਕਪੁਰ ਰੇਲਵੇ ਅੰਡਰਪਾਸ ਵਿਚ ਵੀ ਪਾਣੀ ਭਰ ਗਿਆ।
ਸਥਿਤੀ ਵਿਗੜਦੀ ਦੇਖ ਡਿਪਟੀ ਕਮਿਸ਼ਨਰ ਮੁਹਾਲੀ ਆਸ਼ਿਕਾ ਜੈਨ, ਹਲਕਾ ਵਿਧਾਇਕ ਕੁਲਜੀਤ ਸਿੰਘ ਰੰਧਾਵਾ, ਐਸਡੀਐਮ ਡੇਰਾਬੱਸੀ ਹਿਮਾਂਸ਼ੂ ਗੁਪਤਾ, ਏ.ਐਸ.ਪੀ. ਡਾ. ਦਰਪਣਾ ਆਹਲੂਵਾਲੀਆ ਅਤੇ ਹੋਰਨਾਂ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਪ੍ਰਭਾਵਿਤ ਖੇਤਰ ਦਾ ਦੌਰਾ ਕੀਤਾ ਤੇ ਲੋਕਾਂ ਦੀਆਂ ਸਮੱਸਿਆਵਾਂ ਹੱਲ ਕਰਨ ਦੀਆਂ ਹਦਾਇਤਾਂ ਕੀਤੀਆਂ।