ਪੰਜ ਮਹੀਨਿਆਂ ਤੋਂ ਸਪੋਰਟਸ ਯੂਨੀਵਰਸਿਟੀ ਵੀਸੀ ਤੋਂ ਸੱਖਣੀ
ਗੁਰਨਾਮ ਸਿੰਘ ਅਕੀਦਾ
ਪਟਿਆਲਾ, 12 ਜੂਨ
ਇਥੇ ਮਹਾਰਾਜਾ ਭੁਪਿੰਦਰਾ ਪੰਜਾਬ ਸਪੋਰਟਸ ਯੂਨੀਵਰਸਿਟੀ 5 ਮਹੀਨਿਆਂ ਤੋਂ ਵਾਈਸ ਚਾਂਸਲਰ ਤੋਂ ਬਗੈਰ ਹੀ ਚੱਲ ਰਹੀ ਹੈ। ਇਸ ਕਰਕੇ ਯੂਨੀਵਰਸਿਟੀ ਕਈ ਅਕਾਦਮਿਕ ਅਤੇ ਪ੍ਰਸ਼ਾਸਨਿਕ ਮੁਸ਼ਕਲਾਂ ਵਿਚ ਘਿਰੀ ਹੋਈ ਹੈ।
ਇੱਥੇ ਹੀ ਬੱਸ ਨਹੀਂ ਰਜਿਸਟਰਾਰ, ਡੀਨ ਅਕਾਦਮਿਕ, ਕੰਟਰੋਲਰ ਅਗਜ਼ਾਮੀਨੇਸ਼ਨ, ਡਾਇਰੈਕਟਰ ਸਪੋਰਟਸ ਦੀਆਂ ਸਾਰੀਆਂ ਦਫ਼ਤਰੀ ਕੰਮ ਡਾ. ਅਨੁਭਵ ਵਾਲੀਆ ਹੀ ਸੰਭਾਲ ਰਹੇ ਹਨ।
ਇਸ ਵੇਲੇ ਯੂਨੀਵਰਸਿਟੀ ਵਿਚ ਬੈਚੁਲਰ ਆਫ਼ ਫਿਜ਼ੀਕਲ, ਐਜੂਕੇਸ਼ਨ ਐਂਡ ਸਪੋਰਟਸ, ਆਨਰਜ਼ ਵਿਦ ਰਿਸਰਚ, ਬੈਚੁਲਰ ਆਫ਼ ਸਪੋਰਟਸ ਸਾਇੰਸ (3 ਸਾਲਾ), ਬੈਚੁਲਰ ਆਫ਼ ਆਰਟਸ (3 ਸਾਲਾ) ਆਦਿ ਕੁਝ ਹੋਰ ਕੋਰਸ ਚੱਲ ਰਹੇ ਹਨ। ਯੂਨੀਵਰਸਿਟੀ ਦਾ ਵਿਸਥਾਰ ਪੂਰੇ ਪੰਜਾਬ ਵਿਚ ਹੋ ਗਿਆ ਹੈ। ਤਿੰਨ ਸਰਕਾਰੀ ਕਾਲਜਾਂ ਵਿੱਚ ਪ੍ਰੋ. ਗੁਰਸੇਵਕ ਸਿੰਘ ਗੌਰਮਿੰਟ ਕਾਲਜ ਆਫ਼ ਫਿਜ਼ੀਕਲ ਐਜੂਕੇਸ਼ਨ ਪਟਿਆਲਾ, ਗੌਰਮਿੰਟ ਆਰਟ ਐਂਡ ਸਪੋਰਟਸ ਕਾਲਜ ਜਲੰਧਰ, ਗੌਰਮਿੰਟ ਕਾਲਜ ਕਾਲਾ ਅਫ਼ਗ਼ਾਨਾ ਗੁਰਦਾਸਪੁਰ ਅਤੇ ਪ੍ਰਾਈਵੇਟ ਕਾਲਜਾਂ ਵਿੱਚ ਸ਼ਹੀਦ ਕਾਂਸ਼ੀ ਰਾਮ ਕਾਲਜ ਆਫ਼ ਫਿਜ਼ੀਕਲ ਐਜੂਕੇਸ਼ਨ ਭਾਗੋਮਾਜਰਾ ਮੁਹਾਲੀ, ਖ਼ਾਲਸਾ ਕਾਲਜ ਆਫ਼ ਫਿਜ਼ੀਕਲ ਐਜੂਕੇਸ਼ਨ ਅੰਮ੍ਰਿਤਸਰ, ਸੇਂਟ ਸੋਲਜਰ ਕਾਲਜ ਆਫ਼ ਐਜੂਕੇਸ਼ਨ ਬਾਈਪਾਸ ਜਲੰਧਰ, ਮਾਤਾ ਗੁਰਦੇਵ ਕੌਰ ਮੈਮੋਰੀਅਲ ਸ਼ਾਹੀ ਸਪੋਰਟਸ ਕਾਲਜ ਸਮਰਾਲਾ ਲੁਧਿਆਣਾ ਅਤੇ ਦਿ ਰਾਇਲ ਕਾਲਜ ਆਫ਼ ਫਿਜ਼ੀਕਲ ਐਜੂਕੇਸ਼ਨ ਮਾਨਸਾ ਯੂਨੀਵਰਸਿਟੀ ਨਾਲ ਜੁੜੇ ਹਨ। ਯੂਨੀਵਰਸਿਟੀ ਦਾ ਆਪਣਾ ਕੈਂਪਸ ਹਾਲੇ ਨਾ ਬਣਨ ਕਰਕੇ ਇਹ ਫੁਆਰਾ ਚੌਕ ਕੋਲ ਮਹਿੰਦਰਾ ਕੋਠੀ ਦੀ ਇਮਾਰਤ ਦੇ ਇੱਕ ਹਿੱਸੇ ਵਿੱਚ ਚੱਲ ਰਹੀ ਹੈ। ਯੂਨੀਵਰਸਿਟੀ ਦੇ ਕੈਂਪਸ ਵਿੱਚ 300 ਦੇ ਕਰੀਬ ਅਤੇ ਪੰਜਾਬ ਦੇ ਕਾਲਜਾਂ ਵਿੱਚ 2500 ਤੋਂ ਵਧ ਵਿਦਿਆਰਥੀ ਪੜ੍ਹ ਰਹੇ ਹਨ।
ਵੀਸੀ ਅਤੇ ਹੋਰ ਅਹੁਦਿਆਂ ’ਤੇ ਨਿਯੁਕਤੀਆਂ ਜਲਦੀ ਹੋਣ ਦੀ ਆਸ: ਵਾਲੀਆ
ਯੂਨੀਵਰਸਿਟੀ ਦੇ ਕਈ ਅਹੁਦਿਆਂ ਦਾ ਕੰਮ ਸੰਭਾਲ ਰਹੇ ਡਾ. ਅਨੁਭਵ ਵਾਲੀਆ ਨੇ ਕਿਹਾ ਹੈ ਕਿ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਸਣੇ ਕਈ ਅਹੁਦੇ ਖਾਲੀ ਹਨ, ਜਿਨ੍ਹਾਂ ’ਤੇ ਉਹ ਕੰਮ ਕਰ ਰਹੇ ਹਨ। ਪਹਿਲਾਂ ਯੂਨੀਵਰਸਿਟੀ ਦੇ ਕਾਰਜਕਾਰੀ ਵੀਸੀ ਲਗਾਏ ਗਏ ਸਨ ਪਰ ਹੁਣ ਉਹ ਵੀ ਨਹੀਂ ਹਨ। ਆਸ ਹੈ ਜਲਦ ਵੀਸੀ ਤੇ ਹੋਰ ਅਹੁਦਿਆਂ ’ਤੇ ਨਿਯੁਕਤੀਆਂ ਹੋ ਜਾਣਗੀਆਂ।