ਡਿਪਟੀ ਕਮਿਸ਼ਨਰ ਵੱਲੋਂ ਪਟਵਾਰਖ਼ਾਨੇ ਦਾ ਦੌਰਾ
ਪੱਤਰ ਪ੍ਰੇਰਕ
ਫਰੀਦਾਬਾਦ, 18 ਸਤੰਬਰ
ਡਿਪਟੀ ਕਮਿਸ਼ਨਰ ਵਿਕਰਮ ਸਿੰਘ ਨੇ ਸੋਮਵਾਰ ਨੂੰ ਪਿੰਡ ਅਜਰੌਂਦਾ ਸਥਿਤ ਪਟਵਾਰਖ਼ਾਨੇ ਦਾ ਅਚਾਨਕ ਦੌਰਾ ਕਰ ਕੇ ਗੈਰ-ਹਾਜ਼ਰ ਪਟਵਾਰੀਆਂ ਦੀ ਕਲਾਸ ਲਈ। ਇਸ ਦੌਰਾਨ ਇੱਕ ਪਟਵਾਰੀ ਮੌਕੇ ’ਤੇ ਪਾਇਆ ਗਿਆ ਜਦੋਂਕਿ ਦੋ ਖੇਤਰਾਂ ਦੇ ਪਟਵਾਰੀ ਸੀਟ ’ਤੇ ਨਹੀਂ ਮਿਲੇ। ਇਸ ’ਤੇ ਡਿਪਟੀ ਕਮਿਸ਼ਨਰ ਨੇ ਤਹਿਸੀਲਦਾਰ ਫਰੀਦਾਬਾਦ ਨੂੰ ਮੌਕੇ ’ਤੇ ਬੁਲਾ ਕੇ ਹਦਾਇਤ ਕੀਤੀ ਕਿ ਉਹ ਹਰ ਕਿਸੇ ਦੀ ਹਰਕਤ ’ਤੇ ਨਜ਼ਰ ਰੱਖਣ ਅਤੇ ਜੇਕਰ ਉਹ ਬਿਨਾਂ ਕਿਸੇ ਕੰਮ ਦੇ ਦਫ਼ਤਰ ਤੋਂ ਗਾਇਬ ਹੁੰਦੇ ਹਨ ਤਾਂ ਉਨ੍ਹਾਂ ਖ਼ਿਲਾਫ਼ ਤੁਰੰਤ ਸਖ਼ਤ ਕਾਰਵਾਈ ਕੀਤੀ ਜਾਵੇ। ਅੱਜ ਦੁਪਹਿਰ ਕਰੀਬ 12 ਵਜੇ ਪਿੰਡ ਪੁੱਜੇ ਡਿਪਟੀ ਕਮਿਸ਼ਨਰ ਨੇ ਨਿਰੀਖਣ ਦੌਰਾਨ ਪਟਵਾਰ ਘਰ ਵਿੱਚ ਵੱਖ-ਵੱਖ ਕੰਮਾਂ ਲਈ ਆਉਣ ਵਾਲੇ ਲੋਕਾਂ ਤੋਂ ਜਾਣਕਾਰੀ ਲਈ ਗਈ। ਉਸ ਨੂੰ ਪੁੱਛਿਆ ਕਿ ਉਹ ਕਿਸ ਕੰਮ ਲਈ ਆਇਆ ਹੈ ਅਤੇ ਉਸ ਨੂੰ ਕਿਹੜੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜਾਂਚ ਦੌਰਾਨ ਪਤਾ ਲੱਗਾ ਕਿ ਇੱਕ ਪਟਵਾਰੀ ਮੌਕੇ ’ਤੇ ਮੌਜੂਦ ਸੀ ਜਦਕਿ ਦੋ ਪਟਵਾਰੀ ਆਪਣੀ ਸੀਟ ’ਤੇ ਨਹੀਂ ਸਨ ਅਤੇ ਕਿਸੇ ਕੰਮ ਲਈ ਤਹਿਸੀਲ ਜਾਂ ਹੋਰ ਥਾਵਾਂ ’ਤੇ ਗਏ ਹੋਏ ਸਨ। ਇਸ ’ਤੇ ਡਿਪਟੀ ਕਮਿਸ਼ਨਰ ਨੇ ਤੁਰੰਤ ਤਹਿਸੀਲਦਾਰ ਫਰੀਦਾਬਾਦ ਸੁਰੇਸ਼ ਕੁਮਾਰ ਨੂੰ ਬੁਲਾ ਕੇ ਜਾਂਚ ਕਰਨ ਦੇ ਨਿਰਦੇਸ਼ ਦਿੱਤੇ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਸਬੰਧਤ ਪਟਵਾਰੀ ਦਫ਼ਤਰੀ ਸਮੇਂ ਦੌਰਾਨ ਆਪਣੇ ਸਬੰਧਤ ਪਟਵਾਰ ਘਰ ਵਿੱਚ ਹਾਜ਼ਰ ਰਹਿਣ। ਡਿਪਟੀ ਕਮਿਸ਼ਨਰ ਨੇ ਉੱਥੇ ਪਹੁੰਚੇ ਸਾਰੇ ਲੋਕਾਂ ਦੇ ਨਾ ਅਤੇ ਮੋਬਾਈਲ ਨੰਬਰ ਵੀ ਨੋਟ ਕੀਤੇ ਤਾਂ ਜੋ ਬਾਅਦ ਵਿੱਚ ਉਨ੍ਹਾਂ ਦੇ ਕੰਮਾਂ ਸਬੰਧੀ ਜਾਣਕਾਰੀ ਮਿਲ ਸਕੇ।