ਤੇਜ਼ਧਾਰ ਹਥਿਆਰ ਨਾਲ ਪਸ਼ੂ ਵਪਾਰੀ ਦਾ ਕਤਲ
ਪੱਤਰ ਪ੍ਰੇਰਕ
ਰਤੀਆ, 16 ਜੂਨ
ਇੱਥੋਂ ਦੇ ਪਿੰਡ ਲਾਂਬਾ ਵਾਸੀ ਪਸ਼ੂ ਵਪਾਰੀ ਵਿਨੋਦ ਦੀ ਘਰ ਵਿੱਚ ਸੁੱਤੇ ਸਮੇਂ ਤੇਜ਼ਧਾਰ ਹਥਿਆਰ ਨਾਲ ਹੱਤਿਆ ਕਰ ਦਿੱਤੀ ਗਈ। ਹੱਤਿਆ ਕਰਨ ਦਾ ਕੀ ਕਾਰਨ ਰਿਹਾ, ਇਸ ਬਾਰੇ ਪੁਲੀਸ ਜਾਂਚ ਕਰ ਰਹੀ ਹੈ। ਮ੍ਰਿਤਕ ਦੇ ਭਤੀਜੇ ਰਵੀ ਨੇ ਦੱਸਿਆ ਕਿ ਬੀਤੇ ਦਿਨ ਰਾਤ ਨੂੰ ਜਦੋਂ ਉਹ ਸੁੱਤੇ ਪਏ ਸੀ ਤਾਂ ਉਨ੍ਹਾਂ ਦੇ ਘਰ ਵਿਚ ਤਿੰਨ ਨੌਜਵਾਨ ਵੜ ਗਏ ਅਤੇ ਉਨ੍ਹਾਂ ਸੁੱਤੇ ਪਏ ਵਿਨੋਦ ਅਤੇ ਉਸ ਦੀ ਪਤਨੀ ’ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਮ੍ਰਿਤਕ ਦੀ ਪਤਨੀ ਵੱਲੋਂ ਪਾਏ ਰੌਲੇ ਦੀ ਆਵਾਜ਼ ਸੁਣ ਕੇ ਮ੍ਰਿਤਕ ਦੇ ਪਰਿਵਾਰ ਦੇ ਹੋਰ ਲੋਕ ਜਦੋਂ ਮੌਕੇ ’ਤੇ ਪਹੁੰਚੇ ਤਾਂ ਹਮਲਾਵਰ ਭੱਜ ਗਏ। ਇਸ ਘਟਨਾ ਨਾਲ ਪਿੰਡ ਲਾਂਬਾ ਵਾਸੀ ਸਹਿਮੇ ਹੋਏ ਹਨ। ਘਟਨਾ ਦੀ ਸੂਚਨਾ ਮਿਲਦੇ ਹੀ ਸਦਰ ਥਾਣਾ ਰਤੀਆ ਦੀ ਪੁਲੀਸ ਮੌਕੇ ’ਤੇ ਪਹੁੰਚੀ। ਸਥਿਤੀ ਦਾ ਜਾਇਜ਼ਾ ਲੈਂਦੇ ਹੋਏ ਮ੍ਰਿਤਕ ਦੀ ਲਾਸ਼ ਨੂੰ ਪੋਸਟਮਾਰਟਮ ਲਈ ਰਤੀਆ ਦੇ ਸਿਵਲ ਹਸਪਤਾਲ ਵਿੱਚ ਭੇਜ ਦਿੱਤਾ ਗਿਆ ਅਤੇ ਪੁਲੀਸ ਕਪਤਾਨ ਸਿਧਾਂਤ ਜੈਨ ਦੇ ਦਿਸ਼ਾ ਨਿਰਦੇਸ਼ ਅਨੁਸਾਰ ਡੀਐੱਸਪੀ ਦੀ ਨਿਗਰਾਨੀ ਹੇਠ ਟੀਮ ਦਾ ਗਠਨ ਕਰਕੇ ਕਤਲ ਦੇ ਲਗਪਗ ਘੰਟੇ ਬਾਅਦ ਹੀ ਇਕ ਮਲਜ਼ਮ ਸੁਖਦੇਵ ਰਾਮ ਵਾਸੀ ਲਾਂਬਾ ਨੂੰ ਪਿੰਡ ਦੇ ਨੇੜੇ ਤੋਂ ਹੀ ਕਾਬੂ ਕਰ ਲਿਆ। ਮੁੱਢਲੀ ਜਾਂਚ ਵਿਚ ਸਾਹਮਣੇ ਆਇਆ ਕਿ ਸੁਖਦੇਵ ਨੇ ਆਪਣੇ ਹੋਰ ਪਰਿਵਾਰਕ ਮੈਂਬਰਾਂ ਨਾਲ ਮਿਲ ਕੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ। ਇਸ ਸਬੰਧ ਵਿਚ ਥਾਣਾ ਸਦਰ ਰਤੀਆ ਵਿੱਚ ਕੇਸ ਦਰਜ ਕੀਤਾ ਗਿਆ ਹੈ। ਪੁਲੀਸ ਵੱਲੋਂ ਮੁਲਜ਼ਮ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਪੁਲੀਸ ਹੋਰ ਮੁਲਜ਼ਮਾਂ ਦੀ ਭਾਲ ਲਈ ਛਾਪੇ ਮਾਰ ਰਹੀ ਹੈ।