ਥਰਮਲ ਪਲਾਂਟ ਐਂਪਲਾਈਜ਼ ਯੂਨੀਅਨ ਵੱਲੋਂ ਮੁਜ਼ਾਹਰਾ
ਮਨੋਜ ਸ਼ਰਮਾ
ਬਠਿੰਡਾ, 18 ਅਗਸਤ
ਨਾਨਕ ਦੇਵ ਥਰਮਲ ਪਲਾਂਟ ਐਂਪਲਾਈਜ਼ ਫੈਡਰੇਸ਼ਨ ਬਠਿੰਡਾ ਵੱਲੋਂ ਨੈਸ਼ਨਲ ਕੋਆਰਡੀਨੇਸ਼ਨ ਕਮੇਟੀ ਆਫ ਇਲੈਕਟਰਸਿਟੀ ਐਂਪਲਾਈਜ਼ ਐਂਡ ਇੰਜਨੀਅਰਜ਼, ਪੀ. ਐਸ. ਈ.ਬੀ. ਐਂਪਲਾਈਜ਼ ਜੁਆਇੰਟ ਫੋਰਮ ਤੇ ਪੰਜਾਬ, ਯੂਟੀ ਐਂਪਲਾਈਜ਼ ਤੇ ਪੈਨਸ਼ਨਰ ਫਰੰਟ ਦੇ ਸਾਂਝੇ ਸੱਦੇ ’ਤੇ ਥਰਮਲ ਪਲਾਂਟ ਬਠਿੰਡਾ ਦੇ ਮੇਨ ਗੇਟ ’ਤੇ ਪੰਜਾਬ ਸਰਕਾਰ ਵਿਰੁੱਧ ਰੋਸ ਰੈਲੀ ਕੀਤੀ ਗਈ। ਰੈਲੀ ਨੂੰ ਸੰਬੋਧਨ ਕਰਦਿਆਂ ਥਰਮਲ ਫੈਡਰੇਸ਼ਨ ਦੇ ਪ੍ਰਧਾਨ ਗੁਰਸੇਵਕ ਸਿੰਘ ਸੰਧੂ ਨੇ ਦੱਸਿਆ ਕਿ ਪੰਜਾਬ ਸਰਕਾਰ ਨੇ ਮੌਨਟੇਕ ਸਿੰਘ ਆਹਲੂਵਾਲੀਆ ਕਮੇਟੀ ਦਾ ਗਠਨ ਕਰਕੇ ਪੰਜਾਬ ਦੀ ਹੋ ਰਹੀ ਡਾਵਾਂਡੋਲ ਆਰਥਿਕਤਾ ਨੂੰ ਲੀਹ ’ਤੇ ਲਿਆਉਣ ਲਈ ਸੁਝਾਅ ਮੰਗੇ ਸਨ। ਆਹਲੂਵਾਲੀਆ ਕਮੇਟੀ ਨੇ ਜੋ ਪੰਜਾਬ ਸਰਕਾਰ ਨੂੰ ਸੁਝਾਅ ਦਿੱਤੇ ਹਨ ਉਹ ਸਾਰੇ ਸੁਝਾਅ ਪੰਜਾਬ ਦੇ ਆਮ ਲੋਕਾਂ ਮੁਲਾਜ਼ਮਾਂ, ਮਜ਼ਦੂਰਾਂ ਕਿਸਾਨਾਂ ਦੇ ਹਿਤਾਂ ਦੇ ਉਲਟ ਹਨ। ਕਮੇਟੀ ਵੱਲੋਂ ਪੰਜਾਬ ਦੇ ਕਰਮਚਾਰੀਆਂ ਦੀਆਂ ਤਨਖਾਹਾਂ ਨੂੰ ਸੈਂਟਰ ਸਰਕਾਰ ਦੇ ਮੁਲਾਜ਼ਮਾਂ ਬਰਾਬਰ ਕਰਨ ਲਈ ਖੋਰਾ ਲਾਉਣ ਕਿ ਮੁਲਾਜ਼ਮਾਂ ਦਾ ਮਹਿੰਗਾਈ ਭੱਤਾ ਉਸ ਸਮੇਂ ਤਕ ਜਾਮ ਰੱਖਿਆ ਜਾਵੇ ਜਦੋਂ ਤੱਕ ਇਨ੍ਹਾਂ ਦੀਆਂ ਤਨਖਾਹਾਂ ਸੈਂਟਰ ਸਰਕਾਰ ਦੇ ਮੁਲਾਜ਼ਮਾਂ ਬਰਾਬਰ ਨਹੀਂ ਹੋ ਜਾਂਦੀਆਂ। ਦੂਸਰਾ ਸਰਕਾਰੀ ਥਰਮਲ ਗੁਰੂ ਗੋਬਿੰਦ ਸਿੰਘ ਸੁਪਰ ਥਰਮਲ ਪਲਾਂਟ ਰੂਪ ਨਗਰ ਤੇ ਗੁਰੂ ਹਰਿ ਗੋਬਿੰਦ ਥਰਮਲ ਪਲਾਂਟ ਲਹਿਰਾ ਮੁਹੱਬਤ ਨੂੰ ਪੱਕੇ ਤੌਰ ’ਤੇ ਬੰਦ ਕਰਕੇ ਪ੍ਰਾਈਵੇਟ ਬਿਜਲੀ ਕੰਪਨੀਆਂ ਨੂੰ ਪੰਜਾਬ ਦੇ ਲੋਕਾਂ ਦੀ ਲੁੱਟ ਕਰਨ ਦਾ ਰਾਹ ਪੱਧਰਾ ਕੀਤਾ ਜਾ ਰਿਹਾ ਹੈ। ਜੇ ਸਰਕਾਰੀ ਥਰਮਲ ਬੰਦ ਹੁੰਦੇ ਹਨ ਤਾਂ ਕਿਸਾਨਾਂ ਮਜ਼ਦੂਰਾਂ ਨੂੰ ਮਿਲਦੀ ਬਿਜਲੀ ਸਬਸਿਡੀ ਬੰਦ ਹੋਵੇਗੀ।
ਪ੍ਰਾਈਵੇਟ ਥਰਮਲ ਤਿੰਨ ਮਹੀਨੇ ਵੀ ਨਹੀਂ ਚੱਲਣਗੇ ਪਰ ਪੈਸੇ ਵਸੂਲਣਗੇ। ਇਹ ਸਾਰਾ ਬੋਝ ਪਾਵਰਕੌਮ ਤੇ ਪਵੇਗਾ। ਪਾਵਰਕੌਮ ਇਸ ਬੋਝ ਦੀ ਭਰਪਾਈ ਲਈ ਬਿਜਲੀ ਦੇ ਰੇਟਾਂ ’ਚ ਵਾਧਾ ਕਰੇਗਾ ਬਿਜਲੀ ਹੋਰ ਮਹਿੰਗੀ ਹੋਵੇਗੀ ਤੇ ਇਹ ਬੋਝ ਪੰਜਾਬ ਦੇ ਲੋਕਾਂ ਸਿਰ ਪਵੇਗਾ। ਪ੍ਰਾਈਵੇਟ ਥਰਮਲ ਕੰਪਨੀਆਂ ਨੇ ਤਾਂ ਆਪਣੀਂ ਕਪੈਸਟੀ ਦੇ ਹਿਸਾਬ ਨਾਲ 80% ਲੋਡ ਫੈਕਟਰ ਮੁਤਾਬਿਕ ਪੈਸੇ ਵਸੂਲ ਲੈਣਗੇ।
ਜਥੇਬੰਦੀ ਦੇ ਪ੍ਰਧਾਨ ਨੇ ਆਮ ਲੋਕਾਂ ਨੂੰ ਇਸ ਅੰਨੀ ਲੁੱਟ ਦੇ ਵਿਰੁੱਧ ਲਾਮਬੰਦ ਹੋਣ ਦਾ ਹੋਕਾ ਦਿੱਤਾ। ਪੰਜਾਬ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਕਰਮਚਾਰੀਆਂ ਦਾ ਡੀ.ਏ. ਦਾ ਬਕਾਇਆ ਤੇ ਜਾਮ ਕੀਤਾ ਡੀ.ਏ. ਤੁਰੰਤ ਰਿਲੀਜ਼ ਕੀਤਾ ਜਾਵੇ। ਛੇਵੇਂ ਤਨਖਾਹ ਕਮਿਸ਼ਨ ਦੀ ਰਿਪੋਰਟ ਲਾਗੂ ਕੀਤੀ ਜਾਵੇ। ਪੁਰਾਣੀ ਪੈਨਸ਼ਨ ਸਕੀਮ ਲਾਗੂ ਕੀਤੀ ਜਾਵੇ ਹਰ ਤਰ੍ਹਾਂ ਦੇ ਕੱਚੇ ਕਾਮੇਂ ਪੱਕੇ ਕੀਤੇ ਜਾਣ। ਨਵੀਂ ਭਰਤੀ ਸੈਂਟਰ ਦੇ ਸਕੇਲਾਂ ਤੇ ਕਰਨ ਦਾ ਫੈਸਲਾ ਵਾਪਸ ਲਿਆ ਜਾਵੇ। ਤਿੰਨ ਸਾਲਾਂ ਤੱਕ ਉੱਕੀ ਪੁੱਕੀ ਤਨਖਾਹ ਦਾ ਫਾਰਮੂਲਾ ਵਾਪਸ ਲਿਆ ਜਾਵੇ, ਪੂਰੀ ਤਨਖਾਹ ਤੇ ਭਰਤੀ ਕੀਤੀ ਜਾਵੇ, ਬਰਾਬਰ ਕੰਮ ਬਰਾਬਰ ਤਨਖਾਹ ਦਿੱਤੀ ਜਾਵੇ। ਬਠਿੰਡਾ ਥਰਮਲ ਨੂੰ ਪਰਾਲੀ ਤੇ ਚਲਾਉਣ ਲਈ ਬੋਰਡ ਆਫ ਡਾਇਰੈਕਟਰਜ ਦੇ ਫੈਸਲੇ ਨੂੰ ਲਾਗੂ ਕੀਤਾ ਜਾਵੇ।
ਬਿਜਲੀ ਮੁਲਾਜ਼ਮਾਂ ਨੇ ਕਾਲੇ ਚੋਗੇ ਪਾ ਕੇ ਕੀਤਾ ਮੁਜ਼ਾਹਰਾ
ਭੁੱਚੋ ਮੰਡੀ (ਪਵਨ ਗੋਇਲ) ਗੁਰੂ ਹਰਿਗੋਬਿੰਦ ਥਰਮਲ ਪਲਾਂਟ ਲਹਿਰਾ ਮੁਹੱਬਤ ਦੀਆਂ ਪ੍ਰਮੁੱਖ ਜਥੇਬੰਦੀਆਂ ਵੱਲੋਂ ਸਾਂਝਾ ਮੋਰਚਾ ਪੰਜਾਬ ਦੇ ਮੁਲਾਜ਼ਮਾਂ, ਪੈਨਸ਼ਨਰ ਐਸੋਸੀਏਸ਼ਨ, ਪੀਐਸਈਬੀ ਐਂਪਲਾਈਜ ਜੁਆਇੰਟ ਫੋਰਮ ਪੰਜਾਬ ਦੇ ਸੱਦੇ ਤਹਿਤ ਥਰਮਲ ਦੇ ਮੁੱਖ ਗੇਟ ਅੱਗੇ ਸਰਕਾਰਾਂ ਤੇ ਪਾਵਰਕੌਮ ਪ੍ਰਬੰਧਕਾਂ ਖ਼ਿਲਾਫ਼ ਕਾਲੇ ਚੋਗੇ ਪਾ ਕੇ ਕਾਲੀਆਂ ਝੰਡੀਆਂ ਨਾਲ ਰੋਸ ਪ੍ਰਦਰਸ਼ਨ ਕੀਤਾ। ਜੀਐਚਟੀਪੀ ਐਂਪਲਾਈਜ਼ ਯੂਨੀਅਨ ਦੇ ਪ੍ਰਧਾਨ ਸੁਖਵਿੰਦਰ ਸਿੰਘ ਕਿਲੀ, ਜਗਜੀਤ ਸਿੰਘ ਕੋਟਲੀ, ਐਂਪਲਾਈਜ ਫੈਡਰੇਸ਼ਨ ਪਹਿਲਵਾਨ ਦੇ ਪ੍ਰਧਾਨ ਬਲਜੀਤ ਸਿੰਘ ਬਰਾੜ ਤੇ ਤਰਸੇਮ ਸਿੰਘ, ਟੀਐਸਯੂ ਦੇ ਸਕੱਤਰ ਵਿਜੇ ਵਰਮਾ ਨੇ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਦੀਆਂ ਮੁਲਾਜ਼ਮ ਤੇ ਲੋਕ ਵਿਰੋਧੀ ਨੀਤੀਆਂ ਦਾ ਵਿਰੋਧ ਕੀਤਾ।