ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਬਠਿੰਡਾ ਨਿਗਮ: ਅੱਠ ਕਾਂਗਰਸੀ ਕੌਂਸਲਰਾਂ ਖ਼ਿਲਾਫ਼ ਅਨੁਸਾਸ਼ਨੀ ਕਾਰਵਾਈ

05:33 AM May 16, 2025 IST
featuredImage featuredImage

ਸ਼ਗਨ ਕਟਾਰੀਆ
ਬਠਿੰਡਾ, 15 ਮਈ
ਪੰਜਾਬ ਕਾਂਗਰਸ ਦੀ ਅਨੁਸਾਸ਼ਨੀ ਕਮੇਟੀ ਦੇ ਚੇਅਰਮੈਨ ਅਵਤਾਰ ਹੈਨਰੀ ਨੇ ਬਠਿੰਡਾ ਦੇ 8 ਕੌਂਸਲਰਾਂ ਨੂੰ 5 ਸਾਲਾਂ ਲਈ ਪਾਰਟੀ ’ਚੋਂ ਬਾਹਰ ਕੱਢ ਦਿੱਤਾ ਹੈ। ਉਨ੍ਹਾਂ ’ਤੇ ਕਥਿਤ ਇਲਜ਼ਾਮ ਹੈ ਕਿ ਉਨ੍ਹਾਂ ਨੇ ਲੰਘੀ 6 ਮਈ ਨੂੰ ਨਗਰ ਨਿਗਮ ਦੇ ਸਾਬਕਾ ਸੀਨੀਅਰ ਡਿਪਟੀ ਮੇਅਰ ਅਸ਼ੋਕ ਪ੍ਰਧਾਨ ਖ਼ਿਲਾਫ਼ ਹਾਊਸ ਵਿੱਚ ਆਏ ਬੇਭਰੋਸਗੀ ਮਤੇ ਮੌਕੇ ਮਤੇ ਦੇ ਹੱਕ ’ਚ ਆਪਣੀ ਵੋਟ ਪਾਈ।
ਕੱਢੇ ਗਏ 8 ਕੌਂਸਲਰਾਂ ਸਣੇ ਕੁੱਲ 12 ਕੌਂਸਲਰਾਂ ਅਤੇ ਇਕ ਸੂਬਾਈ ਡੈਲੀਗੇਟ ਨੂੰ ਅਨੁਸਾਸ਼ਨੀ ਕਮੇਟੀ ਤਰਫ਼ੋਂ ਬੀਤੇ ਦਿਨੀਂ ‘ਕਾਰਨ ਦੱਸੋ’ ਨੋਟਿਸ ਜਾਰੀ ਹੋਏ ਸਨ। ਇਨ੍ਹਾਂ ਨੋਟਿਸਾਂ ਦਾ ਜਵਾਬ ਦੇਣ ਲਈ 3 ਦਿਨਾਂ ਦੀ ਮੋਹਲਤ ਦਿੱਤੀ ਗਈ ਸੀ। ਇਨ੍ਹਾਂ ਕੁੱਲ 13 ਵਿਅਕਤੀਆਂ ’ਚੋਂ 8 ਨੂੰ ਪਾਰਟੀ ’ਚੋਂ ਕੱਢੇ ਜਾਣ ਮਗਰੋਂ ਬਾਕੀ ਦੇ 5 ’ਤੇ ਵੀ ਫਿਲਹਾਲ ਖ਼ਤਰੇ ਦੀ ਤਲਵਾਰ ਲਟਕੀ ਹੋਈ ਹੈ। ਪਾਰਟੀ ’ਚੋਂ ਬਾਹਰ ਕੀਤੇ ਕੌਂਸਲਰਾਂ ’ਚ ਕਮਲਜੀਤ ਕੌਰ, ਮਮਤਾ ਸੈਣੀ, ਸੁਰੇਸ਼ ਕੁਮਾਰ, ਪੁਸ਼ਪਾ ਰਾਣੀ, ਕੁਲਵਿੰਦਰ ਕੌਰ, ਰਾਜ ਰਾਣੀ, ਕਮਲੇਸ਼ ਮਹਿਰਾ ਅਤੇ ਨੇਹਾ ਦੇ ਨਾਂਅ ਵਰਨਣਯੋਗ ਹਨ। ਕਾਂਗਰਸੀ ਡੈਲੀਗੇਟ ਪਵਨ ਮਾਨੀ ਤੇ ਉਨ੍ਹਾਂ ਦੀ ਪਤਨੀ ਪ੍ਰਵੀਨ ਗਰਗ ਤੋਂ ਇਲਾਵਾ ਕੌਂਸਲਰ ਬਲਰਾਜ ਸਿੰਘ ਪੱਕਾ, ਜਸਵੀਰ ਸਿੰਘ ਜੱਸਾ ਤੇ ਸ਼ਾਮ ਲਾਲ ਗਰਗ ਖ਼ਿਲਾਫ਼ ਕੋਈ ਕਾਰਵਾਈ ਕਰਨ ਤੋਂ ਅਨੁਸਾਸ਼ਨੀ ਕਮੇਟੀ ਨੇ ਫਿਲਹਾਲ ਕੰਨੀ ਖਿਸਕਾ ਲਈ ਹੈ।
ਦੱਸਣਯੋਗ ਹੈ ਕਿ 2021 ’ਚ 50 ਕੌਂਸਲਰਾਂ ਵਾਲੇ ਨਿਗਮ ਦੀਆਂ ਹੋਈਆਂ ਚੋਣਾਂ ’ਚ ਕਾਂਗਰਸ ਦੇ 43 ਕੌਂਸਲਰ ਜੇਤੂ ਰਹੇ ਸਨ। ਨਿਗਮ ਦੇ ਮੇਅਰ ਮੈਡਮ ਰਮਨ ਗੋਇਲ ਵੀ ਮਨਪ੍ਰੀਤ ਬਾਦਲ ਦੇ ‘ਕਰੀਬੀ’ ਹੋਣ ਦੀ ਚਰਚਾ ਵੀ ਉਨ੍ਹਾਂ ਸਮਿਆਂ ’ਚ ਬੱਚੇ-ਬੱਚੇ ਦੀ ਜ਼ੁਬਾਨ ’ਤੇ ਸੀ। ਉਦੋਂ ਬਠਿੰਡਾ ਸ਼ਹਿਰ ਦੀ ਕਾਂਗਰਸ ਦੀ ਡੋਰ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਹੱਥ ਵਿੱਚ ਸੀ। ਮਗਰੋਂ 2022 ’ਚ ਉਹ ਬਠਿੰਡਾ (ਸ਼ਹਿਰੀ) ਹਲਕੇ ਤੋਂ ਵਿਧਾਨ ਸਭਾ ਚੋਣ ਹਾਰ ਗਏ ਅਤੇ ਕੁੱਝ ਅਰਸਾ ਮਗਰੋਂ ਭਾਜਪਾ ਵਿੱਚ ਚਲੇ ਗਏ। ਵਕਤ ਫਿਰਿਆ ਤਾਂ ਕਾਂਗਰਸ ਨੇ ਆਪਣੇ ਕੌਂਸਲਰਾਂ ਦੇ ਸਹਾਰੇ ਬੀਬੀ ਗੋਇਲ ਨੂੰ ਅਹੁਦੇ ਤੋਂ ਫਾਰਗ ਕਰ ਦਿੱਤਾ। ਫਿਰ ਕਾਂਗਰਸ ਦਾ ਗ੍ਰਾਫ਼ ਇੱਕਦਮ ਹੇਠਾਂ ਉਦੋਂ ਆਇਆ, ਜਦੋਂ ਕਾਫੀ ਕੌਂਸਲਰਾਂ ਨੇ ਸੱਤਾਧਾਰੀ ਧਿਰ ਆਮ ਆਦਮੀ ਪਾਰਟੀ ’ਚ ਐਂਟਰੀ ਮਾਰ ਲਈ। ਇਸੇ ਬਲਬੂਤੇ ਹਾਕਮ ਧਿਰ ਆਪਣਾ ਮੇਅਰ ਬਣਾਉਣ ਵਿੱਚ ਕਾਮਯਾਬ ਹੋ ਗਈ। ਇਸ ਦੇ ਨਾਲ ਹੀ ਕਾਂਗਰਸ ਕੋਲੋਂ ਡਿਪਟੀ ਮੇਅਰ ਦਾ ਅਹੁਦਾ ਵੀ ਚਲਾ ਗਿਆ ਅਤੇ ਬਾਅਦ ’ਚ ਸੀਨੀਅਰ ਡਿਪਟੀ ਮੇਅਰ ਦਾ ਹਸ਼ਰ ਵੀ ਇਹੋ ਹੋਇਆ। ਇਸੇ ਕਵਾਇਦ ਦੌਰਾਨ ਕਾਂਗਰਸ ਦੋ ਵਾਰ ਕਾਰਵਾਈ ਕਰਕੇ ਇੱਕ ਦਰਜਨ ਦੇ ਕਰੀਬ ਆਪਣੇ ਕੌਂਸਲਰਾਂ ਨੂੰ ਪਾਰਟੀ ਤੋਂ ਬਾਹਰ ਕਰ ਚੁੱਕੀ ਹੈ ਅਤੇ ਅੱਠ ਕੌਂਸਲਰਾਂ ’ਤੇ ਹੁਣ ਕਾਰਵਾਈ ਕੀਤੀ ਹੈ। ਕਾਂਗਰਸ ਦੀ ਇਹ ਅੰਦਰੂਨੀ ਜੰਗ ਹਾਕਮ ਖੇਮੇ ਨੂੰ ‘ਦੇਸੀ ਘਿਓ’ ਬਣ ਕੇ ਲੱਗ ਰਹੀ ਹੈ।

Advertisement

Advertisement
Advertisement