ਪੰਜਾਬੀ ਲੇਖਕ ਹਰਜੀਤ ਦੌਧਰੀਆ ਦੇ ਦੇਹਾਂਤ ’ਤੇ ਦੁੱਖ ਦਾ ਪ੍ਰਗਟਾਵਾ
ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 13 ਮਾਰਚ
ਉੱਘੇ ਮਾਰਕਸਵਾਦੀ ਚਿੰਤਕ ਤੇ ਪੰਜਾਬੀ ਲੇਖਕ ਹਰਜੀਤ ਦੌਧਰੀਆ (94) ਅੱਜ ਕੈਨੇਡਾ ਵਿੱਚ ਅਕਾਲ ਚਲਾਣਾ ਕਰ ਗਏ। ਪ੍ਰਗਤੀਸ਼ੀਲ ਲੇਖਕ ਸੰਘ ਨੇ ਉਨ੍ਹਾਂ ਦੇ ਅਕਾਲ ਚਲਾਣੇ ’ਤੇ ਦੁੱਖ ਪ੍ਰਗਟਾਇਆ ਹੈ। ਸੰਘ ਦੇ ਜਨਰਲ ਸਕੱਤਰ ਡਾ. ਸੁਖਦੇਵ ਸਿੰਘ ਸਿਰਸਾ ਨੇ ਕਿਹਾ ਕਿ ਦੌਧਰੀਆਂ ਦਾ ਜਨਮ ਪੰਜਾਬ ਦੇ ਜ਼ਿਲ੍ਹਾ ਮੋਗਾ ਦੇ ਪਿੰਡ ਦੌਧਰ ਵਿੱਚ ਹੋਇਆ। ਉਹ ਬੀਐੱਸਸੀ ਐਗਰੀਕਲਚਰ ਕਰਨ ਮਗਰੋਂ ਖੇਤੀਬਾੜੀ ਐਕਸਟੈਂਸਨ ਅਧਿਕਾਰੀ ਨਿਯੁਕਤ ਹੋਏ। ਉਹ 1967 ਵਿੱਚ ਇੰਗਲੈਂਡ ਚਲੇ ਗਏ ਅਤੇ ਉੱਥੋਂ ਦੀ ਫੋਰਡ ਕੰਪਨੀ ਵਿੱਚ ਕੰਮ ਕਰਨ ਲੱਗੇ। ਸਾਲ 2000 ਤੱਕ ਉੱਥੇ ਰਹਿੰਦਿਆਂ ਹਰਜੀਤ ਦੌਧਰੀਆ ਲੇਖਣੀ ਦੇ ਨਾਲ-ਨਾਲ ਪ੍ਰੋਗਰੈਸਿਵ ਰਾਈਟਰਜ਼ ਐਸੋਸੀਏਸ਼ਨ, ਗਰੇਟ ਬ੍ਰਿਟੇਨ ਅਤੇ ਭਾਰਤੀ ਮਜ਼ਦੂਰ ਸਭਾ, ਗਰੇਟ ਬ੍ਰਿਟੇਨ ਵਿੱਚ ਸਰਗਰਮ ਰਹੇ। ਮਗਰੋਂ ਉਹ ਕੈਨੇਡਾ ਆ ਕੇ ਵੱਸ ਗਏ। ਉਹ ਕੈਨੇਡਾ ਦੀ ਕਮਿਊਨਿਸਟ ਪਾਰਟੀ ਵਿੱਚ ਸ਼ਾਮਲ ਹੋਏ ਅਤੇ ਫੈਡਰਲ ਚੋਣਾਂ ਵੀ ਲੜੀਆਂ। ਉਨ੍ਹਾਂ ਕਈ ਕਿਤਾਬਾਂ ਲਿਖੀਆਂ। ਸੰਘ ਦੇ ਪ੍ਰਧਾਨ ਲਕਸ਼ਮੀ ਨਾਰਾਇਣ, ਕਾਰਜਕਾਰੀ ਪ੍ਰਧਾਨ ਵਿਭੂਤੀ ਨਰਾਇਣ ਰਾਏ, ਜਨਰਲ ਸਕੱਤਰ ਡਾ. ਸੁਖਦੇਵ ਸਿੰਘ ਸਿਰਸਾ, ਸਵਰਨ ਸਿੰਘ ਵਿਰਕ ਅਤੇ ਸਵਰਾਜਬੀਰ, ਕੌਮੀ ਸਕੱਤਰੇਤ ਮੈਂਬਰ ਅਤੇ ਵਿੱਤ ਸਕੱਤਰ ਡਾ. ਸਰਬਜੀਤ ਸਿੰਘ, ਸੰਘ ਦੇ ਪੰਜਾਬ ਪ੍ਰਧਾਨ ਸੁਰਜੀਤ ਜੱਜ, ਜਨਰਲ ਸਕੱਤਰ ਡਾ. ਕੁਲਦੀਪ ਸਿੰਘ ਦੀਪ ਆਦਿ ਨੇ ਹਰਜੀਤ ਦੌਧਰੀਆ ਦੇ ਦੇਹਾਂਤ ’ਤੇ ਦੁੱਖ ਪ੍ਰਗਟਾਇਆ।