Army Colonel assault ਕਰਨਲ ਦੇ ਬਿਆਨਾਂ ’ਤੇ ਨਵੀਂ ਐੱਫਆਈਆਰ ਦਰਜ; ਨਿਰਪੱਖ ਜਾਂਚ ਲਈ ਉੱਚ ਪੱਧਰੀ ‘ਸਿਟ’ ਕਾਇਮ
ਸਰਬਜੀਤ ਸਿੰਘ ਭੰਗੂ/ਆਤਿਸ਼ ਗੁਪਤਾ
ਪਟਿਆਲਾ/ਚੰਡੀਗੜ੍ਹ, 21 ਮਾਰਚ
Army Colonel assault ਕਰਨਲ ਕੁੱਟਮਾਰ ਮਾਮਲੇ ਵਿਚ ਪੀੜਤ ਪਰਿਵਾਰ ਵੱਲੋਂ ਇਨਸਾਫ਼ ਲਈ ਸੀਬੀਆਈ ਜਾਂਚ ਤੇ ਐੱਸਐੱਸਪੀ ਨਾਨਕ ਸਿੰਘ ਨੂੰ ਜ਼ਿਲ੍ਹੇ ਤੋਂ ਬਾਹਰ ਤਬਦੀਲ ਕੀਤੇ ਜਾਣ ਦੀ ਮੰਗ ਦਰਮਿਆਨ ਪਟਿਆਲਾ ਪੁਲੀਸ ਨੇ ਕਰਨਲ ਪੁਸ਼ਪਿੰਦਰ ਸਿੰਘ ਬਾਠ ਦੇ ਬਿਆਨਾਂ ’ਤੇ ਨਵੀਂ ਐੱਫਆਈਆਰ ਦਰਜ ਕੀਤੀ ਹੈ। ਇਹੀ ਨਹੀਂ ਨਿਰਪੱਖ ਜਾਂਚ ਯਕੀਨੀ ਬਣਾਉਣ ਲਈ ਉੱਚ ਪੱਧਰੀ ਵਿਸ਼ੇਸ਼ ਜਾਂਚ ਟੀਮ ਦੇ ਗਠਨ ਦਾ ਵੀ ਐਲਾਨ ਕੀਤਾ ਗਿਆ ਹੈ। ਪੀੜਤ ਪਰਿਵਾਰ ਦੀ ਮੰਗ ਮੁਤਾਬਕ ਮੁਅੱਤਲੀ ਅਧੀਨ ਰੱਖੇ ਗਏ ਪੁਲੀਸ ਅਧਿਕਾਰੀਆਂ ਦਾ ਜ਼ਿਲ੍ਹਾ ਤਬਦੀਲ ਕਰਕੇ ਉਨ੍ਹਾਂ ਖਿਲਾਫ਼ ਵਿਭਾਗੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਕਰਨਲ ਬਾਠ ਦੇ ਪਰਿਵਾਰ ਨੂੰ ਸੁਰੱਖਿਆ ਕਵਰ ਵੀ ਦਿੱਤਾ ਗਿਆ ਹੈ।
ਇਸ ਤੋਂ ਪਹਿਲਾਂ ਕਰਨਲ ਪੁਸ਼ਪਿੰਦਰ ਸਿੰਘ ਬਾਠ ਦੀ ਪਤਨੀ ਜਸਵਿੰਦਰ ਕੌਰ ਬਾਠ ਨੇ ਅੱਜ ਚੰਡੀਗੜ੍ਹ ਵਿਚ ਕੀਤੀ ਪ੍ਰੈੱਸ ਕਾਨਫਰੰਸ ਦੌਰਾਨ ਆਪਣੇ ਪਤੀ ਤੇ ਪੁੱਤਰ ਦੀ ਪੰਜਾਬ ਪੁਲੀਸ ਦੇ ਕੁਝ ਅਧਿਕਾਰੀਆਂ ਵੱਲੋਂ ਕੀਤੀ ਗਈ ਕੁੱਟਮਾਰ ਮਾਮਲੇ ਦੀ ਸੀਬੀਆਈ ਜਾਂਚ ਦੀ ਆਪਣੀ ਮੰਗ ਦੁਹਰਾਈ ਸੀ। ਬਾਠ ਨੇ ਪੰਜਾਬ ਪੁਲੀਸ ਦੇ 12 ਪੁਲੀਸ ਅਧਿਕਾਰੀਆਂ ’ਤੇ ਆਪਣੇ ਪਤੀ ਤੇ ਪੁੱਤਰ (ਅੰਗਦ ਬਾਠ) ਦੀ ਕੁੱਟਮਾਰ ਕਰਨ ਦਾ ਦੋਸ਼ ਲਾਇਆ ਸੀ। ਬਾਠ ਨੇ ਮੰਗ ਕੀਤੀ ਸੀ ਕਿ ਉਨ੍ਹਾਂ ਦੇ ਪਤੀ ਦੀ ਸ਼ਿਕਾਇਤ ਉੱਤੇ ਭਾਰਤੀ ਨਿਆਂਏ ਸੰਹਿਤਾ ਦੀਆਂ ਵੱਖ ਵੱਖ ਵਿਵਸਥਾਵਾਂ ਤਹਿਤ ਐੱਫਆਈਆਰ ਦਰਜ ਕਰਕੇ 12 ਪੁਲੀਸ ਅਧਿਕਾਰੀਆਂ ਨੂੰ ਨਾਮਜ਼ਦ ਤੇ ਸਾਰੇ ਮੁਲਜ਼ਮਾਂ ਨੂੰ ਫੌਰੀ ਪਟਿਆਲਾ ਤੋਂ ਬਾਹਰ ਤਬਦੀਲ ਕੀਤਾ ਜਾਵੇ।
ਬਾਠ ਨੇ ਦੋਸ਼ ਲਾਇਆ ਸੀ ਕਿ ਪਟਿਆਲਾ ਦੇ ਐੱਸਐੱਸਪੀ ਨਾਨਕ ਸਿੰਘ ਨੇ ਵੀ ਇਸ ਮਾਮਲੇ ’ਚ ਕੋਈ ਕਾਰਵਾਈ ਨਹੀਂ ਕੀਤੀ। ਉਨ੍ਹਾਂ ਕਿਹਾ, ‘‘ਐੱਸਐੱਸਪੀ ਨਾਨਕ ਸਿੰਘ ਨੂੰ ਸਹਿਯੋਗ ਨਾ ਦੇਣ ਬਦਲੇ ਪਟਿਆਲਾ ਤੋਂ ਬਾਹਰ ਤਬਦੀਲ ਕੀਤਾ ਜਾਵੇ। ਕਿਉਂਕਿ ਪਰਿਵਾਰ ਨੇ ਉਨ੍ਹਾਂ ਨੂੰ ਕਈ ਵਾਰ ਐੱਫਆਈਆਰ ਦਰਜ ਕਰਨ ਦੀ ਗੁਜ਼ਾਰਿਸ਼ ਕੀਤੀ, ਪਰ ਉਹ ਝੂਠੇ ਲਾਰੇ ਲਾਉਂਦੇ ਰਹੇ ਜਿਸ ਕਰਕੇ ਪਰਿਵਾਰ ਨੂੰ ਪ੍ਰੇਸ਼ਾਨੀ ਝੱਲਣੀ ਪਈ।’’ ਐੱਸਐੱਸਪੀ ਨਾਨਕ ਸਿੰਘ ਦਾ ਪੱਖ ਜਾਣਨ ਲਈ ਫੋਨ ਕਰਨ ਦੇ ਬਾਵਜੂਦ ਉਨ੍ਹਾਂ ਨਾਲ ਸੰਪਰਕ ਨਹੀਂ ਹੋ ਸਕਿਆ।
ਬਾਠ ਨੇ ਕਿਹਾ ਕਿ ਐੱਫਆਈਆਰ ਉਨ੍ਹਾਂ ਦੇ ਪਤੀ ਦੇ ਬਿਆਨਾਂ ਉੱਤੇ ਨਹੀਂ ਬਲਕਿ ਢਾਬਾ ਮਾਲਕ ਦੇ ਬਿਆਨਾਂ ’ਤੇ ਦਰਜ ਕੀਤੀ ਗਈ ਸੀ। ਉਨ੍ਹਾਂ ਕਿਹਾ, ‘‘ਪਿਛਲੇ ਸੱਤ ਦਿਨਾਂ ਤੋਂ ਅਸੀਂ ਇਨਸਾਫ਼ ਲਈ ਦਰ ਦਰ ਭਟਕ ਰਹੇ ਹਾਂ। ਮੇਰਾ ਪਤੀ ਵਰਦੀਧਾਰੀ ਵਿਅਕਤੀ ਹੈ। ਅਸੀਂ ਫੌਜ ਦੇ ਪਰਿਵਾਰ ਦਾ ਹਿੱਸਾ ਹਾਂ।’’ ਕਰਨਲ ਪੁਸ਼ਪਿੰਦਰ ਸਿੰਘ ਇਸ ਵੇਲੇ ਨਵੀਂ ਦਿੱਲੀ ਦੇ ਆਰਮੀ ਹੈੱਡਕੁਆਰਟਰ ਵਿੱਚ ਤਾਇਨਾਤ ਹਨ। ਬਾਠ ਨੇ ਕਥਿਤ ਹਮਲੇ ਵਾਲੇ ਦਿਨ ਦੀਆਂ ਤਸਵੀਰਾਂ ਵੀ ਦਿਖਾਈਆਂ, ਜਿਸ ਵਿੱਚ ਉਸ ਦੇ ਪਤੀ ਨੂੰ ਸੱਟਾਂ ਲੱਗੀਆਂ ਹੋਈਆਂ ਸਨ ਅਤੇ ਉਸ ਦੇ ਪੁੱਤਰ ਦੇ ਚਿਹਰੇ ਤੋਂ ਖੂਨ ਵਗ ਰਿਹਾ ਸੀ। ਬਾਠ ਨੇ ਇੱਕ ਵੀਡੀਓ ਕਾਲ ਰਿਕਾਰਡ ਕਰਨ ਦਾ ਵੀ ਦਾਅਵਾ ਕੀਤਾ ਜਿਸ ਵਿੱਚ ਇੱਕ ਪੁਲੀਸ ਅਧਿਕਾਰੀ ਨੇ ਹਮਲੇ ਦੀ ਗੱਲ ਕਬੂਲ ਕੀਤੀ ਹੈ।
ਇਸ ਤੋਂ ਪਹਿਲਾਂ ਲੰਘੇ ਦਿਨ ਕਰਨਲ ਦੇ ਪਰਿਵਾਰ ਨੇ ਪੰਜਾਬ ਦੇ ਰਾਜਪਾਲ ਨਾਲ ਮੁਲਾਕਾਤ ਕਰਕੇ ਸੀਬੀਆਈ ਜਾਂਚ ਦੀ ਮੰਗ ਕੀਤੀ ਸੀ। ਪਰਿਵਾਰ ਨੇ ਪੰਜਾਬ ਸਰਕਾਰ ਵੱਲੋਂ ਦਿੱਤੇ ਨਿਆਂਇਕ ਜਾਂਚ ਦੇ ਹੁਕਮਾਂ ਨੂੰ ਵੀ ਰੱਦ ਕਰ ਦਿੱਤਾ। ਉੁਧਰ ਪੰਜਾਬ ਪੁਲੀਸ ਨੇ ਸੋਮਵਾਰ ਨੂੰ 12 ਅਧਿਕਾਰੀਆਂ ਨੂੰ ਮੁਅੱਤਲ ਕਰਕੇ ਉਨ੍ਹਾਂ ਖਿਲਾਫ਼ ਵਿਭਾਗੀ ਜਾਂਚ ਸ਼ੁਰੂ ਕਰ ਦਿੱਤੀ ਸੀ।