Clash in Nuh after Eid prayers: ਨੂਹ ’ਚ ਈਦ ਦੀ ਨਮਾਜ਼ ਤੋਂ ਬਾਅਦ ਦੋ ਧੜਿਆਂ ’ਚ ਝੜਪ, 5 ਜ਼ਖਮੀ
ਗੁਰੂਗ੍ਰਾਮ, 31 ਮਾਰਚ
ਨੂਹ ਦੇ ਇੱਕ ਪਿੰਡ ਵਿੱਚ ਈਦ ਦੀ ਨਮਾਜ਼ ਤੋਂ ਬਾਅਦ ਸੋਮਵਾਰ ਨੂੰ ਇੱਕੋ ਫ਼ਿਰਕੇ ਦੇ ਦੋ ਧੜਿਆਂ ਵਿਚਕਾਰ ਝੜਪ ਵਿੱਚ ਪੰਜ ਤੋਂ ਵੱਧ ਵਿਅਕਤੀ ਜ਼ਖਮੀ ਹੋ ਗਏ। ਪੁਲੀਸ ਦੇ ਅਨੁਸਾਰ, ਸਵੇਰੇ 9 ਵਜੇ ਵਾਪਰੀ ਇਹ ਘਟਨਾ ਤਿਰਵਾੜਾ ਪਿੰਡ ਵਿੱਚ ਰਸ਼ੀਦ ਅਤੇ ਸਾਜਿਦ ਦੀ ਅਗਵਾਈ ਵਾਲੇ ਧੜਿਆਂ ਵਿਚਾਲੇ ਪੁਰਾਣੀ ਦੁਸ਼ਮਣੀ ਦਾ ਨਤੀਜਾ ਸੀ।
ਜਾਣਕਾਰੀ ਮਿਲਣ ਤੋਂ ਬਾਅਦ, ਕਈ ਪੁਲੀਸ ਥਾਣਿਆਂ ਦੀਆਂ ਟੀਮਾਂ ਪਿੰਡ ਪਹੁੰਚੀਆਂ ਅਤੇ ਅਮਨ-ਕਾਨੂੰਨ ਬਹਾਲ ਕੀਤਾ। ਅਧਿਕਾਰੀਆਂ ਨੇ ਦੱਸਿਆ ਕਿ ਸ਼ਾਂਤੀ ਯਕੀਨੀ ਬਣਾਉਣ ਲਈ ਪਿੰਡ ਵਿੱਚ ਇੱਕ ਪੁਲੀਸ ਟੀਮ ਤਾਇਨਾਤ ਕੀਤੀ ਗਈ ਹੈ।
ਹਿੰਸਾ ਉਦੋਂ ਸ਼ੁਰੂ ਹੋਈ ਜਦੋਂ ਇੱਕ ਧੜੇ ਦੇ ਮੈਂਬਰ, ਜੋ ਇੱਕ ਈਦਗਾਹ ਵਿੱਚ ਨਮਾਜ਼ ਅਦਾ ਕਰ ਕੇ ਘਰ ਪਰਤ ਰਹੇ ਸਨ ਤਾਂ ਉਨ੍ਹਾਂ ਦੀ ਦੂਜੇ ਧੜੇ ਦੇ ਕੁਝ ਲੋਕਾਂ ਨਾਲ ਤਕਰਾਰ ਹੋ ਗਈ। ਫਿਰ ਦੋਵਾਂ ਧੜਿਆਂ ਨੇ ਇੱਕ ਦੂਜੇ 'ਤੇ ਡਾਂਗਾਂ ਨਾਲ ਹਮਲਾ ਕਰ ਦਿੱਤਾ।
ਪੁਲੀਸ ਦੇ ਮੌਕੇ 'ਤੇ ਪਹੁੰਚਣ ਤੋਂ ਬਾਅਦ, ਹਿੰਸਾ ਰੁਕ ਗਈ ਅਤੇ ਜ਼ਖਮੀਆਂ ਨੂੰ ਹਸਪਤਾਲ ਲਿਜਾਇਆ ਗਿਆ। ਪੁਲੀਸ ਨੇ ਕਿਹਾ ਕਿ ਰਸ਼ੀਦ ਅਤੇ ਸਾਜਿਦ ਦੇ ਧੜਿਆਂ ਵਿਚਕਾਰ ਪੁਰਾਣਾ ਝਗੜਾ ਹੈ ਜਿਸ ਵਿੱਚ ਪਹਿਲਾਂ ਵੀ ਦੋਵਾਂ ਧਿਰਾਂ ਵਿਰੁੱਧ ਮਾਮਲੇ ਦਰਜ ਹਨ। -ਪੀਟੀਆਈ