ਸੀਜੇਐਮ ਵੱਲੋਂ ਦਸੂਹਾ ਦੇ ਹੜ੍ਹ ਪ੍ਰਭਾਵਿਤ ਪਿੰਡਾਂ ਦਾ ਦੌਰਾ
ਪੱਤਰ ਪ੍ਰੇਰਕ
ਦਸੂਹਾ, 25 ਜੁਲਾਈ
ਇੱਥੇ ਸੈਸ਼ਨ ਜੱਜ-ਕਮ-ਚੇਅਰਮੈਨ ਕਾਨੂੰਨੀ ਸੇਵਾਵਾਂ ਅਥਾਰਟੀ ਦਿਲਬਾਗ ਸਿੰਘ ਜੌਹਲ ਦੀ ਅਗਵਾਈ ਹੇਠ ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ-ਕਮ-ਸੀਜੇਐਮ ਅਪਰਾਜਿਤਾ ਜੋਸ਼ੀ ਵੱਲੋਂ ਦਸੂਹਾ ਦੇ ਹੜ੍ਹ ਪ੍ਰਭਾਵਿਤ ਪਿੰਡ ਘੋਗਰਾ ਅਤੇ ਸੱਗਰਾਂ ਦਾ ਦੌਰਾ ਕੀਤਾ ਗਿਆ। ਇਸ ਮੌਕੇ ਵਧੀਕ ਸਿਵਲ ਜੱਜ-ਕਮ-ਚੇਅਰਮੈਨ ਪਰਮਿੰਦਰ ਕੌਰ ਬੈਂਸ ਵੀ ਮੌਜੂਦ ਸਨ।
ਸ੍ਰੀਮਤੀ ਜੋਸ਼ੀ ਨੇ ਹੜ੍ਹਾਂ ਤੋਂ ਪ੍ਰਭਾਵਿਤ ਪਿੰਡ ਵਾਸੀਆਂ ਦੀਆਂ ਮੁਸ਼ਕਲਾਂ ਸੁਣੀਆਂ ਅਤੇ ਨਾਲਸਾ ਸਕੀਮ 2010 ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਭਰੋਸਾ ਦਿੱਤਾ ਕਿ ਉਨਾਂ ਦੀਆਂ ਸਮੱਸਿਆਵਾਂ ਨੂੰ ਸਰਕਾਰ ਦੇ ਉੱਚ ਅਧਿਕਾਰੀਆਂ ਦੇ ਧਿਆਨ ਵਿੱਚ ਲਿਆਂਦਾ ਜਾਵੇਗਾ। ਇਸ ਤੋਂ ਇਲਾਵਾ ਐਡਵੋਕੇਟ ਐਚ.ਐਸ ਹੁੰਦਲ ਨੇ ਪਿੰਡ ਵਾਸੀਆਂ ਨੂੰ ਮੁਫਤ ਕਾਨੂੰਨੀ ਸਹਾਇਤਾ, ਨੈਸ਼ਨਲ ਲੋਕ ਅਦਾਲਤਾਂ, ਸਟੇਟ ਲੋਕ ਅਦਾਲਤਾਂ ਅਤੇ ਪਰਮਾਨੈੱਟ ਲੋਕ ਅਦਾਲਤਾਂ (ਜਨ ਉਪਯੋਗੀ ਸੇਵਾਵਾਂ) ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ।
ਇਸ ਦੌਰਾਨ ਪੈਰਾ ਲੀਗਲ ਵਾਲੰਟੀਅਰ ਮਿਸ ਜਸਪ੍ਰੀਤ ਤੇ ਪਵਨ ਕੁਮਾਰ ਵੱਲੋਂ ਪਿੰਡ ਵਾਸੀਆਂ ਨੂੰ ਮੁਫ਼ਤ ਕਾਨੂੰਨੀ ਸਹਾਇਤਾ ਸਬੰਧੀ ਸਮੱਗਰੀ ਅਤੇ ਨੈਸ਼ਨਲ ਲੋਕ ਅਦਾਲਤਾਂ ਦੇ ਇਸ਼ਤਿਹਾਰ ਵੰਡੇ ਗਏ। ਆਖਰ ਵਿੱਚ ਅਪਰਾਜਿਤਾ ਜੋਸ਼ੀ ਨੇ ਫਰੰਟ ਦਫਤਰ ਦਸੂਹਾ ਦਾ ਦੌਰਾ ਕਰਕੇ ਕਾਰਵਾਈ ਰਜਿਸਟਰ ਚੈੱਕ ਕੀਤੇ।