ਮਹਿਰਾਜ ਸਕੂਲ ਦੇ ਬੱਚਿਆਂ ਨੇ ਨਸ਼ਿਆਂ ਖ਼ਿਲਾਫ਼ ਕੀਤਾ ਜਗਰੂਕ
ਪੱਤਰ ਪ੍ਰੇਰਕ
ਭਗਤਾ ਭਾਈ, 13 ਦਸੰਬਰ
ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਮਹਿਰਾਜ ਦੇ ਐਨ.ਐਸ.ਐਸ. ਯੂਨਿਟ ਵੱਲੋਂ ਸੱਤ ਰੋਜ਼ਾ ਕੈਂਪ ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਬਠਿੰਡਾ ਰਘਵੀਰ ਸਿੰਘ ਮਾਨ ਤੇ ਪ੍ਰਿੰਸੀਪਲ ਗੀਤਾ ਅਰੋੜਾ ਤੇ ਪ੍ਰੋਗਰਾਮ ਅਫਸਰ ਮੋਹਿਤ ਭੰਡਾਰੀ ਦੀ ਨਿਗਰਾਨੀ ਹੇਠ ਚੱਲ ਰਿਹਾ ਹੈ। ਇਸ ਕੈਂਪ ਦੇ ਤੀਜੇ ਦਿਨ ਦਾ ਉਦਘਾਟਨ ਡੀਐਸਪੀ ਰਾਮਪੁਰਾ ਫੂਲ ਮੋਹਿਤ ਅਗਰਵਾਲ ਨੇ ਕੀਤਾ। ਉਨ੍ਹਾਂ ਨੇ ਬੱਚਿਆਂ ਨੂੰ ਨਸ਼ਿਆਂ, ਸਾਇਬਰ ਕਰਾਇਮ, ਸਕਿਉਰਿਟੀ ਅਤੇ ਫੇਕ ਕਾਲ ਤੋਂ ਸੁਚੇਤ ਰਹਿਣ ਤੇ ਸੋਸ਼ਲ ਮੀਡੀਆ ਦੀ ਵਰਤੋਂ ਘੱਟ ਤੋਂ ਘੱਟ ਕਰਨ ਦੀ ਅਪੀਲ ਕਰਦਿਆਂ ਮਨ ਲਗਾ ਕੇ ਪੜ੍ਹਾਈ ਕਰਨ ਦੀ ਅਪੀਲ ਕੀਤੀ। ਉਨ੍ਹਾਂ ਬੱਚਿਆਂ ਦੀ ਨਸ਼ਾ ਵਿਰੋਧੀ ਰੈਲੀ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਤੇ ਖੁਦ ਸਾਰੇ ਨਗਰ ਮਹਿਰਾਜ ਵਿੱਚ ਰੈਲੀ ਦੀ ਅਗਵਾਈ ਕੀਤੀ। ਸਕੂਲ ਦੇ ਪ੍ਰਿੰਸੀਪਲ ਗੀਤਾ ਅਰੋੜਾ ਨੇ ਆਏ ਮਹਿਮਾਨਾਂ ਨੂੰ ਜੀ ਆਇਆਂ ਕਿਹਾ। ਸੁਖਵੀਰ ਕੌਰ ਨੇ ਮਹਿਮਾਨਾਂ ਦਾ ਧੰਨਵਾਦ ਕੀਤਾ। ਕੈਂਪ ਪ੍ਰਬੰਧਕਾਂ ਵੱਲੋਂ ਡੀਐਸਪੀ ਮੋਹਿਤ ਅਗਰਵਾਲ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਐਸ.ਐਚ.ਓ. ਜੋਗਿੰਦਰ ਸਿੰਘ ਵਿਸ਼ੇਸ ਤੌਰ ’ਤੇ ਹਾਜ਼ਰ ਹੋਏ। ਨਸ਼ਾ ਵਿਰੋਧੀ ਰੈਲੀ ਸਾਰੇ ਪਿੰਡ ਵਿੱਚ ਦੀ ਹੋ ਕੇ ਸਕੂਲ ’ਚ ਖਤਮ ਹੋਈ। ਸਕੂਲ ਸਟਾਫ ਤੇ ਵਿਦਿਆਰਥੀਆਂ ਨੇ ਇਸ ਰੈਲੀ ਵਿਚ ਵੱਧ ਚੜ੍ਹਕੇ ਭਾਗ ਲਿਆ।