ਹਿੰਦ-ਪਾਕਿ ਤਣਾਅ: ਕਿਸਾਨਾਂ ਵੱਲੋਂ ਵੱਖ-ਵੱਖ ਸ਼ਹਿਰਾਂ ’ਚ ਸ਼ਾਂਤੀ ਮਾਰਚ
ਸ਼ਗਨ ਕਟਾਰੀਆ/ਪਰਸ਼ੋਤਮ ਬੱਲੀ
ਬਠਿੰਡਾ/ਬਰਨਾਲਾ, 14 ਮਈ
ਸੰਯੁਕਤ ਕਿਸਾਨ ਮੋਰਚੇ ਨਾਲ ਸਬੰਧਤ ਸੰਗਠਨਾਂ ਵੱਲੋਂ ਭਾਰਤ-ਪਾਕਿ ਤਣਾਅ ਖ਼ਿਲਾਫ਼ ਅੱਜ ਇੱਥੇ ‘ਸ਼ਾਂਤੀ ਮਾਰਚ’ ਕੀਤਾ ਗਿਆ। ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਤੋਂ ਮਾਲ ਰੋਡ ਤੱਕ ਹੋਏ ਇਸ ਮਾਰਚ ਤੋਂ ਪਹਿਲਾਂ ਇਕੱਠ ਨੂੰ ਸੰਬੋਧਨ ਕਰਦਿਆਂ ਬੀਕੇਯੂ (ਉਗਰਾਹਾਂ) ਦੇ ਆਗੂ ਝੰਡਾ ਸਿੰਘ ਜੇਠੂਕੇ, ਕੁਲ ਹਿੰਦ ਕਿਸਾਨ ਸਭਾ ਦੇ ਬਲਕਰਨ ਸਿੰਘ ਬਰਾੜ, ਬੀਕੇਯੂ ਡਕੌਂਦਾ (ਬੁਰਜ ਗਿੱਲ) ਦੇ ਬਲਦੇਵ ਸਿੰਘ ਭਾਈ ਰੂਪਾ ਨੇ ਕਿਹਾ ਕਿ ਸਮੁੱਚਾ ਆਵਾਮ ਕਦੇ ਜੰਗ ਨਹੀਂ ਚਾਹੁੰਦਾ ਕਿਉਂਕਿ ਜੰਗ ਕਿਸੇ ਮਸਲੇ ਦਾ ਹੱਲ ਨਹੀਂ, ਸਗੋਂ ਇਹ ਤਾਂ ਖੁਦ ਇੱਕ ਮਸਲਾ ਹੈ। ਉਨ੍ਹਾਂ ਕਿਹਾ ਕਿ ਜੰਗ ਵਿੱਚ ਦੋਵਾਂ ਹੀ ਦੇਸ਼ਾਂ ਦਾ ਆਰਥਿਕ ਤੇ ਜਾਨੀ-ਮਾਲੀ ਨੁਕਸਾਨ ਹੋਣਾ ਹੈ। ਇਹ ਜੰਗ ਵੱਡੀਆਂ ਤਾਕਤਾਂ ਲਈ ਜ਼ਰੂਰ ਲਾਭਕਾਰੀ ਹੋ ਸਕਦੀ ਹੈ ਕਿਉਂ ਕਿ ਵੱਡੇ ਦੇਸ਼ਾਂ ਨਾਲ ਭਾਰਤ ਵੱਲੋਂ ਟੈਕਸ ਮੁਕਤ ਸਮਝੌਤੇ ਕੀਤੇ ਜਾ ਰਹੇ ਹਨ। ਇਸ ਦੌਰਾਨ ਬਰਨਾਲਾ ਵਿਚ ਕਿਸਾਨਾਂ ਵੱਲੋਂ ਜੰਗ ਵਿਰੋਧੀ ਇਕੱਤਰਤਾ ਉਪਰੰਤ ਸ਼ਹਿਰ ਦੇ ਵਿੱਚ ਰੋਸ ਮਾਰਚ ਕੀਤਾ ਗਿਆ। ਚਮਕੌਰ ਸਿੰਘ ਨੈਣੇਵਾਲ, ਪਵਿੱਤਰ ਸਿੰਘ ਲਾਲੀ , ਗੁਰਨਾਮ ਸਿੰਘ ਨੇ ਦੱਸਿਆ ਕਿ ਭਾਰਤ ਅਤੇ ਪਾਕਿਸਤਾਨ ਵਿੱਚਕਾਰ ਜੰਗਬੰਦੀ ਭਾਵੇਂ ਹੋ ਗਈ ਹੈ ਪਰੰਤੂ ਜੰਗ ਦੇ ਲਈ ਵਰਤੇ ਗਏ ਖਤਰਨਾਕ ਹਥਿਆਰ ਲੋਕ ਮਾਰੂ ਹਨ। ਉਨ੍ਹਾਂ ਲੋਕ ਪੱਖੀ ਧਿਰਾਂ ਨੂੰ ਇਸ ਦੇ ਖ਼ਿਲਾਫ਼ ਡਟਣ ਦਾ ਸੱਦਾ ਦਿੱਤਾ।
ਮਾਨਸਾ (ਜੋਗਿੰਦਰ ਸਿੰਘ ਮਾਨ): ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ’ਤੇ ਇਥੇ ‘ਜੰਗਬਾਜ਼ ਤਾਕਤਾਂ ਵਿਰੋਧੀ ਅਮਨ ਮਾਰਚ’ ਕੀਤਾ ਗਿਆ। ਮਾਨਸਾ ਵਿਖੇ ਕੀਤੇ ਗਏ ਮਾਰਚ ਦੌਰਾਨ ਸੰਬੋਧਨ ਕਰਦਿਆਂ ਸੰਯੁਕਤ ਕਿਸਾਨ ਮੋਰਚੇ ਦੇ ਪ੍ਰਮੁੱਖ ਆਗੂ ਅਤੇ ਪੰਜਾਬ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਰੁਲਦੂ ਸਿੰਘ ਨੇ ਕਿਹਾ ਕਿ ਪਹਿਲਗਾਮ ਘਟਨਾ ਦੇ ਅਸਲ ਕਸੂਰਵਾਰਾਂ ਦਾ ਪਤਾ ਲਾਉਣ ਲਈ ਨਿਰਪੱਖ ਜਾਂਚ ਕਰਵਾਈ ਜਾਵੇ ਅਤੇ 26 ਸੈਲਾਨੀਆਂ ਦੀ ਮੌਤ ਦਾ ਕਾਰਨ ਬਣੀ ਸੁਰੱਖਿਆ ਪ੍ਰਬੰਧਾਂ ਵਿੱਚ ਅਣਗਹਿਲੀ ਲਈ ਜ਼ਿੰਮੇਵਾਰੀ ਤੈਅ ਕੀਤੀ ਜਾਵੇ।
ਫਾਜ਼ਿਲਕਾ (ਪਰਮਜੀਤ ਸਿੰਘ): ਇਥੇ ਕਿਸਾਨ ਮੋਰਚੇ ਦੇ ਸੱਦੇ ਤਹਿਤ ਜੰਗਬਾਜ਼ ਤਾਕਤਾਂ ਖਿਲਾਫ਼ ਬਜ਼ਾਰਾਂ ’ਚ ਅਮਨ ਮਾਰਚ ਕੀਤਾ ਗਿਆ। ਇਸ ਮੌਕੇ ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਸੁਖਚੈਨ ਸਿੰਘ, ਔਰਤ ਵਿੰਗ ਦੇ ਆਗੂ ਰਾਜ ਕੌਰ, ਜ਼ਿਲ੍ਹਾ ਸਕੱਤਰ ਮਨਦੀਪ ਸਿੰਘ, ਬੀਕੇਯੂ ਡਕੌਂਦਾ ਧਨੇਰ ਅਮਰੀਕ ਸਿੰਘ ਤੇ ਹੋਰਨਾਂ ਨੇ ਸੰਬੋਧਨ ਕੀਤਾ।