ਹਰਿਆਣਾ ’ਚ ਕਾਨੂੰਨ ਵਿਵਸਥਾ ਡਾਵਾਂਡੋਲ: ਆਦਿੱਤਿਆ ਚੌਟਾਲਾ
ਪ੍ਰਭੂ ਦਿਆਲ
ਸਿਰਸਾ, 6 ਜੂਨ
ਡੱਬਵਾਲੀ ਤੋਂ ਇਨੈਲੋ ਵਿਧਾਇਕ ਅਤੇ ਸਿਰਸਾ ਇੰਚਾਰਜ ਆਦਿੱਤਿਆ ਦੇਵੀ ਲਾਲ ਚੌਟਾਲਾ ਕਿਹਾ ਕਿ ਅੱਜ ਪੂਰੇ ਹਰਿਆਣਾ ਵਿੱਚ ਕਾਨੂੰਨ ਵਿਵਸਥਾ ਦੀ ਸਥਿਤੀ ਪੂਰੀ ਤਰ੍ਹਾਂ ਠੱਪ ਹੋ ਗਈ ਹੈ। ਲੋਕ ਡਰ ਦੇ ਮਾਹੌਲ ’ਚ ਜਿਉਣ ਲਈ ਮਜਬੂਰ ਹਨ। ਉਹ ਅੱਜ ਇਨੈਲੋ ਦੇ ਜ਼ਿਲ੍ਹਾ ਦਫ਼ਤਰ ’ਚ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ।
ਆਦਿੱਤਿਆ ਚੌਟਾਲਾ ਨੇ ਕਿਹਾ ਕਿ ਹਰਿਆਣਾ ਵਿੱਚ ਭਾਜਪਾ ਦੀ ਕਮਜ਼ੋਰ ਸਰਕਾਰੀ ਪਕੜ ਕਾਰਨ ਨੌਕਰਸ਼ਾਹੀ ਭਾਰੂ ਹੈ ਅਤੇ ਭ੍ਰਿਸ਼ਟਾਚਾਰ ਆਪਣੇ ਸਿਖ਼ਰ ’ਤੇ ਹੈ। ਹਰਿਆਣਾ ਵਿੱਚ ਗੁੰਡਾਗਰਦੀ ਕਾਰਨ ਹਾਲਾਤ ਅਜਿਹੇ ਹਨ ਕਿ ਹਿਸਾਰ ਅਤੇ ਯਮੁਨਾਨਗਰ ਜ਼ੋਨਾਂ ਵਿੱਚ ਸ਼ਰਾਬ ਦੇ ਠੇਕਿਆਂ ਦੀ ਬੋਲੀ ਵੀ ਨਹੀਂ ਹੋ ਸਕੀ। ਇਨੈਲੋ ਦੇ ਵਿਧਾਇਕ ਆਦਿੱਤਿਆ ਦੇਵੀ ਲਾਲ ਨੇ ਕਿਹਾ ਕਿ ਇਸ ਗੁੰਡਾਗਰਦੀ ਕਾਰਨ ਹਰਿਆਣਾ ਵਿੱਚ ਕਾਰੋਬਾਰ ਪੂਰੀ ਤਰ੍ਹਾਂ ਠੱਪ ਹੋ ਗਿਆ ਹੈ ਅਤੇ ਕੋਈ ਵੀ ਉਦਯੋਗਪਤੀ ਹਰਿਆਣਾ ਵਿੱਚ ਨਵਾਂ ਉਦਯੋਗ ਲਾਉਣ ਦੀ ਹਿੰਮਤ ਵੀ ਨਹੀਂ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਸਾਬਕਾ ਉਪ ਪ੍ਰਧਾਨ ਮੰਤਰੀ ਚੌਧਰੀ ਦੇਵੀ ਲਾਲ ਅਤੇ ਸਾਬਕਾ ਮੁੱਖ ਮੰਤਰੀ ਓਮ ਪ੍ਰਕਾਸ਼ ਚੌਟਾਲਾ ਨੇ ਇਨੈਲੋ ਸੰਗਠਨ ਦੀ ਮਜ਼ਬੂਤ ਨੀਂਹ ਰੱਖੀ, ਉਨ੍ਹਾਂ ਦੇ ਨਕਸ਼ੇ ਕਦਮਾਂ ’ਤੇ ਚੱਲਦੇ ਹੋਏ ਇਨੈਲੋ ਦੇ ਰਾਸ਼ਟਰੀ ਪ੍ਰਧਾਨ ਅਭੈ ਸਿੰਘ ਚੌਟਾਲਾ ਵੀ ਇਨੈਲੋ ਸੰਗਠਨ ਨੂੰ ਪੂਰੀ ਤਾਕਤ ਦੇ ਰਹੇ ਹਨ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਸਾਨਾਂ ਨਾਲ ਵਾਅਦਾ ਕੀਤਾ ਸੀ ਕਿ ਉਹ ਉਨ੍ਹਾਂ ਦੀ ਆਮਦਨ ਦੁੱਗਣੀ ਕਰਨਗੇ ਪਰ ਅੱਜ ਤੱਕ ਉਨ੍ਹਾਂ ਨੇ ਇਸ ਦਿਸ਼ਾ ਵਿੱਚ ਕੋਈ ਕੰਮ ਨਹੀਂ ਕੀਤਾ ਅਤੇ ਨਾ ਹੀ ਕੋਈ ਨੀਤੀ ਬਣਾਈ ਹੈ। ਉਨ੍ਹਾਂ ਕਿਹਾ ਕਿ ਸੂਬਾ ਭਾਜਪਾ ਸਰਕਾਰ ਦੀ ਲਾਪਰਵਾਹੀ ਕਾਰਨ ਅੱਜ ਸਿਰਸਾ ਜ਼ਿਲ੍ਹੇ ਵਿੱਚ ਕਿਸਾਨਾਂ ਦੇ ਖੇਤਾਂ ਵਿੱਚ ਪਾਣੀ ਨਹੀਂ ਪਹੁੰਚ ਰਿਹਾ ਹੈ।