ਵਾਤਾਵਰਨ ਦਿਵਸ ਸਬੰਧੀ ਦਾਨਗੜ੍ਹ ’ਚ ਜ਼ਿਲ੍ਹਾ ਪੱਧਰੀ ਸਮਾਗਮ
ਨਿੱਜੀ ਪੱਤਰ ਪ੍ਰੇਰਕ
ਧਨੌਲਾ/ਬਰਨਾਲਾ, 6 ਜੂਨ
ਵਿਸ਼ਵ ਵਾਤਾਵਰਨ ਦਿਵਸ ਸਬੰਧੀ ਪਿੰਡ ਦਾਨਗੜ੍ਹ ਵਿੱਚ ਜ਼ਿਲ੍ਹਾ ਪੱਧਰੀ ਸਮਾਗਮ ਕਰਵਾਇਆ ਗਿਆ ਜਿੱਥੇ ਸਕੂਲੀ ਵਿਦਿਆਰਥੀਆਂ ਨੇ ਪੌਦੇ ਲਾਏ। ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸਤਵੰਤ ਸਿੰਘ ਨੇ ਵਿਸ਼ਵ ਵਾਤਾਵਰਣ ਦਿਵਸ ਦੀ ਮਹੱਤਤਾ ਬਾਰੇ ਬੋਲਦਿਆਂ ਕਿਹਾ ਕਿ ‘ਸਾਨੂੰ ਸਭ ਨੂੰ ਵਾਤਾਵਰਨ ਸੰਭਾਲ ਲਈ ਅੱਗੇ ਆਉਣਾ ਚਾਹੀਦਾ।’ ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਬਰਨਾਲਾ ਦੇ 20 ਪਿੰਡਾਂ ਦੇ ਕੁੱਲ 36.2 ਏਕੜ ਰਕਬੇ ’ਚ ਮਿੰਨੀ ਜੰਗਲ ਲਗਾਏ ਜਾਣਗੇ ਜਿਸ ਦੀ ਸ਼ੁਰੂਆਤ ਅੱਜ ਪਿੰਡ ਦਾਨਗੜ੍ਹ ਤੋਂ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਅੱਜ ਮਨਰੇਗਾ ਅਤੇ ਰਾਊਂਡ ਗਲਾਸ ਫਾਊਂਡੇਸ਼ਨ ਦੇ ਸਹਿਯੋਗ ਨਾਲ ਬੂਟੇ ਲਗਾਏ ਗਏ। ਉਨ੍ਹਾਂ ਕਿਸਾਨਾਂ ਨੂੰ ਵਿਸ਼ੇਸ਼ ਕਰਕੇ ਸੱਦਾ ਦਿੱਤਾ ਕਿ ਉਹ ਝੋਨੇ ਦੇ ਸੀਜਨ ਦੌਰਾਨ ਆਪਣੇ ਟਿਊਬਵੈਲਾਂ, ਬੰਬੀਆਂ ਉੱਪਰ ਇੱਕ ਇੱਕ ਪੌਦਾ ਜ਼ਰੂਰ ਲਗਾਉਣ। ਇਸ ਮੌਕੇ ਜ਼ਿਲ੍ਹਾ ਵਿਕਾਸ ਪੰਚਾਇਤ ਅਫ਼ਸਰ ਅਮਰਿੰਦਰ ਪਾਲ ਸਿੰਘ ਚੌਹਾਨ, ਬੀਡੀਪੀਓ ਸੁੱਖਵਿੰਦਰ ਸਿੰਘ, ਜ਼ਿਲ੍ਹਾ ਸਿੱਖਿਆ ਅਫ਼ਸਰ ਸੁਨੀਤ ਇੰਦਰ ਸਿੰਘ, ਸਰਪੰਚ ਦਾਨਗੜ੍ਹ ਇੰਦਰਜੀਤ ਸਿੰਘ, ਰਾਊਂਡ ਗਲਾਸ ਫਾਊਂਡੇਸ਼ਨ ਤੋਂ ਰਜਨੀਸ਼ ਵਰਮਾ ਅਤੇ ਸੁਖਵੀਰ ਸਿੰਘ, ਹਰਵਿੰਦਰ ਸਿੰਘ ਵੀ ਮੌਜੂਦ ਸਨ।