ਮੁੱਖ ਮੰਤਰੀ ਨੇ ਸਿਆਸਤ ਦਾ ਮਜ਼ਾਕ ਬਣਾਇਆ: ਢੀਂਡਸਾ
ਗੁਰਦੀਪ ਸਿੰਘ ਲਾਲੀ
ਸੰਗਰੂਰ, 1 ਅਗਸਤ
ਸ਼੍ਰੌਮਣੀ ਅਕਾਲੀ ਦਲ ਸੰਯੁਕਤ ਦੇ ਸੀਨੀਅਰ ਆਗੂ ਤੇ ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਨੇ ਕਿਹਾ ਕਿ ਜਦੋਂ ਤੋਂ ‘ਆਪ’ ਨੇ ਸੱਤਾ ਸੰਭਾਲੀ ਹੈ, ਉਦੋਂ ਤੋਂ ਲੋਕ ਗੱਲਾਂ ਹੀ ਸੁਣਦੇ ਆ ਰਹੇ ਹਨ। ਮੁੱਖ ਮੰਤਰੀ ਭਗਵੰਤ ਮਾਨ ਨੇ ਸਿਆਸਤ ਦਾ ਵੀ ਮਜ਼ਾਕ ਬਣਾ ਕੇ ਰੱਖ ਦਿੱਤਾ ਹੈ। ਸ੍ਰੀ ਢੀਂਡਸਾ ਕੱਲ੍ਹ ਪੰਜਾਬ ਦੇ ਮੁੱਖ ਮੰਤਰੀ ਵਲੋਂ ਹੜ੍ਹਾਂ ਨਾਲ ਮੁਰਗੀ ਮਰੀ ਤਕ ਦਾ ਮੁਆਵਜ਼ਾ ਦੇਣ ਦੇ ਐਲਾਨ ਉੱਪਰ ਟਿੱਪਣੀ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ 17 ਮਹੀਨਿਆਂ ਤੋਂ ਗੱਲਾਂ ਨਾਲ ਹੀ ਬੜ੍ਹੇ (ਹਲਵਾ) ਬਣਾਉਣ ਦੇ ਲਾਰੇ ਸੁਣਦੇ ਆ ਰਹੇ ਹਨ। ਸ੍ਰੀ ਢੀਂਡਸਾ ਨੇ ਕਿਹਾ ਕਿ ਹੜ੍ਹਾਂ ਨਾਲ ਬਹੁਤ ਵੱਡਾ ਨੁਕਸਾਨ ਹੋਇਆ ਹੈ ਪਰ ਅਜੇ ਤਕ ਇੱਕ ਕੌਡੀ ਸਹਾਇਤਾ ਕਿਸੇ ਹੜ੍ਹ ਪੀੜ੍ਹਤ ਨੂੰ ਨਹੀਂ ਮਿਲੀ।
ਸ੍ਰੀ ਢੀਂਡਸਾ ਨੇ ਕਿਹਾ ਕਿ ਉਹ ਹੜ੍ਹਾਂ ਦਾ ਪਾਣੀ ਆਉਣ ਤੋਂ ਬਾਅਦ ਘੱਗਰ ਨਾਲ ਪੈਂਦੇ ਕਸਬਿਆਂ ਤੇ ਪਿੰਡਾਂ ਨਾਲ ਲਗਾਤਾਰ ਜੁੜੇ ਹੋਏ ਹਨ। ਮੁਆਵਜ਼ੇ ਤੇ ਮਦਦ ਦੇ ਦਾਅਵੇ ਕਰਨ ਵਾਲੀ ਸਰਕਾਰ ਦਾ ਇੱਕ ਵੀ ਅਧਿਕਾਰੀ ਜਾਂ ਅਹੁਦੇਦਾਰ ਉੱਥੇ ਨਹੀਂ ਦੇਖਿਆ। ਉਨ੍ਹਾਂ ਕਿਹਾ ਕਿ ਲੋਕਾਂ ਨੇ ਮੁੜ ਝੋਨਾ ਲਾਉਣਾ ਸ਼ੁਰੂ ਕਰ ਦਿੱਤਾ ਹੈ, ਘਰਾਂ ਦੀ ਮੁਰੰਮਤ ਸ਼ੁਰੂ ਕਰ ਦਿੱਤੀ ਹੈ। ਪਹਿਲਾਂ ਹੀ ਆਰਥਿਕ ਨੁਕਸਾਨ ਦਾ ਬੋਝ ਝੱਲ ਰਹੇ ਕਿਸਾਨਾਂ ਨੂੰ ਹੜ੍ਹਾਂ ਨੇ ਤੋੜ ਕੇ ਰੱਖ ਦਿੱਤਾ। ਮੁਆਵਜ਼ੇ ਵਿੱਚ ਦੇਰੀ ਹੜ੍ਹ ਪੀੜਤਾਂ ਨੂੰ ਮਾਨਸਿਕ ਤੌਰ ’ਤੇ ਹੋਰ ਪ੍ਰੇਸ਼ਾਨ ਕਰ ਰਹੀ ਹੈ। ਢੀਂਡਸਾ ਨੇ ਮੰਗ ਕੀਤੀ ਕਿ ਹੜ੍ਹਾਂ ਤੋਂ ਹੋਏ ਨੁਕਸਾਨ ਦਾ ਮੁਆਵਜ਼ਾ ਲੋਕਾਂ ਨੂੰ ਤੁਰੰਤ ਦਿੱਤਾ ਜਾਵੇ।