ਛੱਤੀਸਗੜ੍ਹ: ਅੰਬਿਕਾਪੁਰ ਰੈਲੀ ਦੌਰਾਨ ਭਾਜਪਾ ’ਤੇ ਵਰ੍ਹੇ ਰਾਹੁਲ
ਅੰਬਿਕਾਪੁਰ (ਛੱਤੀਸਗੜ੍ਹ), 8 ਨਵੰਬਰ
ਕਾਂਗਰਸੀ ਆਗੂ ਰਾਹੁਲ ਗਾਂਧੀ ਨੇ ਅੱਜ ਇਥੇ ਚੋਣ ਪ੍ਰਚਾਰ ਰੈਲੀ ਮੌਕੇ ਸੰਬੋਧਨ ਕਰਦਿਆਂ ਭਾਜਪਾ ’ਤੇ ਦੋਸ਼ ਲਾਇਆ ਕਿ ਉਹ ਕਬਾਇਲੀ ਲੋਕਾਂ ਨੂੰ ‘ਆਦਿਵਾਸੀ’ ਬੁਲਾਉਣ ਦੀ ਥਾਂ ‘ਵਣਵਾਸੀ’ ਕਹਿ ਕੇ ਬੁਲਾਉਂਦੀ ਹੈ ਅਤੇ ਭਗਵਾਂ ਪਾਰਟੀ ਨਹੀਂ ਚਾਹੁੰਦੀ ਕਿ ਇਹ ਲੋਕ ਵੱਡੇ ਸੁਫਨੇ ਦੇਖਣ।
ਛੱਤੀਸਗੜ੍ਹ ਵਿੱਚ ਦੂਜੇ ਗੇੜ ਦੀਆਂ ਚੋਣਾਂ ਤੋਂ ਪਹਿਲਾਂ ਸੂਬਾ ਵਾਸੀਆਂ ਨੂੰ ਸੰਬੋਧਨ ਕਰਦਿਆਂ ਸ੍ਰੀ ਗਾਂਧੀ ਨੇ ਕਿਹਾ ਕਿ ਭਾਜਪਾ ਨਹੀਂ ਚਾਹੁੰਦੀ ਕਿ ਕਬਾਇਲੀ ਲੋਕ ਅੰਗਰੇਜ਼ੀ ਪੜ੍ਹਨ ਜਦੋਂ ਕਿ ਭਾਜਪਾ ਆਗੂਆਂ ਦੇ ਬੱਚੇ ਅੰਗਰੇਜ਼ੀ ਮਾਧਿਅਮ ਵਿੱਚ ਸਿੱਖਿਆ ਪ੍ਰਾਪਤ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ‘ਵਣਵਾਸੀ’ ਤੇ ‘ਆਦਿਵਾਸੀ’ ਵਿੱਚ ਵੱਡਾ ਅੰਤਰ ਹੈ। ਭਾਜਪਾ ਦੀ ਸੱਤਾ ਵਾਲੇ ਮੱਧ ਪ੍ਰਦੇਸ਼ ਸੂਬੇ ਦੀ ਇਕ ਮਿਸਾਲ ਦਿੰਦਿਆਂ ਰਾਹੁਲ ਨੇ ਹਾਜ਼ਰੀਨ ਨੂੰ ਕਿਹਾ ਕਿ ਤੁਸੀ ਉਹ ਵੀਡੀਓ ਜ਼ਰੂਰ ਦੇਖੀ ਹੋਵੇਗੀ ਜਿਸ ਵਿੱਚ ਭਾਜਪਾ ਆਗੂ ਨੇ ਇਕ ਕਬਾਇਲੀ ’ਤੇ ਪਿਸ਼ਾਬ ਕੀਤਾ ਸੀ। ਇਹ ਘਟਨਾ ਭਾਜਪਾ ਦੀ ਮਾਨਸਿਕਤਾ ਨੂੰ ਦਰਸਾਉਂਦੀ ਹੈ। ਰਾਹੁਲ ਗਾਂਧੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਖੁਦ ਨੂੰ ਓਬੀਸੀ (ਹੋਰਨਾਂ ਪੱਛੜੇ ਵਰਗਾਂ) ਨਾਲ ਸਬੰਧਤ ਦੱਸਦੇ ਹਨ ਤੇ ਓਬੀਸੀ ਲੋਕਾਂ ਦੀ ਭਲਾਈ ਦੀ ਗੱਲ ਵੀ ਕਰਦੇ ਹਨ ਪਰ ਜਦੋਂ ਕਾਂਗਰਸ ਜਾਤੀ ਜਨਗਣਨਾ ਦੀ ਗੱਲ ਆਖਦੀ ਹੈ ਤਾਂ ਸ੍ਰੀ ਮੋਦੀ ਕਹਿੰਦੇ ਹਨ ਕਿ ਦੇਸ਼ ਵਿੱਚ ਸਿਰਫ ਇਕ ਹੀ ਜਾਤੀ ਹੈ ਤੇ ਇਹ ਜਾਤੀ ਗਰੀਬਾਂ ਨਾਲ ਸਬੰਧਤ ਹੈ। ਰਾਹੁਲ ਨੇ ਸ੍ਰੀ ਮੋਦੀ ਨੂੰ ਸਵਾਲ ਕੀਤਾ ਕਿ ਫਿਰ ਉਹ ਖੁਦ ਨੂੰ ਓਬੀਸੀ ਕਿਉਂ ਅਖਵਾਉਂਦੇ ਹਨ। ਦੇਸ਼ ਵਿੱਚ ਜੇਕਰ ਇਕ ਹੀ ਜਾਤੀ ਹੈ ਤਾਂ ਅਮੀਰ ਲੋਕ ਕਿਸ ਸ਼੍ਰੇਣੀ ਵਿੱਚ ਆਉਂਦੇ ਹਨ। ਉਨ੍ਹਾਂ ਕਿਹਾ ਕਿ ਜੇਕਰ ਕਾਂਗਰਸ ਛੱਤੀਸਗੜ੍ਹ ਵਿੱਚ ਸੱਤਾ ’ਚ ਆਈ ਤਾਂ ਪਹਿਲੇ ਹੀ ਦਿਨ ਤੋਂ ਸੂਬੇ ਵਿੱਚ ਜਾਤੀ ਜਨਗਣਨਾ ਕਰਵਾਈ ਜਾਵੇਗੀ। ਇਸੇ ਤਰ੍ਹਾਂ ਉਨ੍ਹਾਂ ਕਿਹਾ ਕਿ ਲੋਕ ਸਭਾ ਚੋਣਾਂ ਵਿੱਚ ਜੇਕਰ ‘ਇੰਡੀਆ’ ਗੱਠਜੋੜ ਬਹੁਮਤ ਹਾਸਲ ਕਰਦਾ ਹੈ ਤਾਂ ਪੂਰੇ ਦੇਸ਼ ਵਿੱਚ ਜਾਤੀ ਜਨਗਣਨਾ ਕਰਵਾਈ ਜਾਵੇਗੀ। -ਪੀਟੀਆਈ