ਚੰਡੀਗੜ੍ਹ ਦੇ ਈਸੀਸੀਈ ਪ੍ਰਾਜੈਕਟ ਦੀ ਕੇਂਦਰੀ ਐਵਾਰਡ ਲਈ ਚੋਣ
ਸੁਖਵਿੰਦਰ ਪਾਲ ਸੋਢੀ
ਚੰਡੀਗੜ੍ਹ, 14 ਨਵੰਬਰ
ਨਵੀਂ ਸਿੱਖਿਆ ਨੀਤੀ-2020 ਅਨੁਸਾਰ ਛੋਟੇ ਬੱਚਿਆਂ ਦੀ ਸੰਭਾਲ ਤੇ ਸਿੱਖਿਆ ਸਬੰਧੀ ਚੰਡੀਗੜ੍ਹ ਦੇ ਪ੍ਰਾਜੈਕਟ ਦੀ ਐਵਾਰਡਿੰਗ ਇਨੋਵੇਸ਼ਨਜ਼ ਬਾਏ ਸੀਆਈਪੀਐਸ ਲਈ ਚੋਣ ਹੋਈ ਹੈ। ਇਹ ਐਵਾਰਡ ਦੀ ਚੋਣ ਹੈਦਰਾਬਾਦ ਆਧਾਰਿਤ ਕੇਂਦਰੀ ਏਜੰਸੀ ਵੱਲੋਂ ਕੀਤੀ ਗਈ ਹੈ। ਇਸ ਦੀ ਡਾਇਰੈਕਟਰ ਜਨਰਲ ਨੇ ਅੱਜ ਇਹ ਜਾਣਕਾਰੀ ਚੰਡੀਗੜ੍ਹ ਦੀ ਸਿੱਖਿਆ ਸਕੱਤਰ ਪੂਰਵਾ ਗਰਗ ਨਾਲ ਸਾਂਝੀ ਕੀਤੀ।
ਜਾਣਕਾਰੀ ਅਨੁਸਾਰ ਕੇਂਦਰ ਨੇ ਯੂਟੀ ਚੰਡੀਗੜ੍ਹ ਵਿੱਚ ਅਰਲੀ ਚਾਈਲਡਹੁੱਡ ਕੇਅਰ ਐਂਡ ਐਜੂਕੇਸ਼ਨ (ਈਸੀਸੀਈ) ਪ੍ਰਾਜੈਕਟ ਲਾਗੂ ਕੀਤਾ ਸੀ। ਇਸ ਨੂੰ ਇਨੋਵੇਸ਼ਨ ਪ੍ਰਾਜੈਕਟ ਤਹਿਤ ਸੈਂਟਰਲ ਫਾਰ ਇਨੋਵੇਸ਼ਨ ਇਨ ਪਬਲਿਕ ਸਿਸਟਮ, ਹੈਦਰਾਬਾਦ ਨੂੰ ਸੌਂਪਿਆ ਗਿਆ ਸੀ। ਇਸ ਪ੍ਰਾਜੈਕਟ ਦਾ ਵੱਖ-ਵੱਖ ਪੱਧਰਾਂ ’ਤੇ ਮੁਲਾਂਕਣ ਕੀਤਾ ਗਿਆ ਜਿਸ ਤੋਂ ਬਾਅਦ ਇਸ ਪ੍ਰਾਜੈਕਟ ਦੀ ਚੋਣ ਕੀਤੀ ਗਈ ਹੈ। ਦੱਸਣਾ ਬਣਦਾ ਹੈ ਕਿ ਸੀਆਈਪੀਐੱਸ ਹਰ ਸਾਲ ਉੱਤਰ ਪੂਰਬੀ ਸੂਬਿਆਂ, ਕੇਂਦਰ ਸ਼ਾਸਿਤ ਪ੍ਰਦੇਸ਼ਾਂ ਅਤੇ ਪਹਾੜੀ ਸੂਬਿਆਂ ਤੋਂ ਨਵੀਨਤਮ ਪ੍ਰਾਜੈਕਟਾਂ ਦੀ ਚੋਣ ਕਰਦਾ ਹੈ। ਇਸ ਤਹਿਤ ਚੰਡੀਗੜ੍ਹ ਵਿੱਚ ਪ੍ਰੀ-ਪ੍ਰਾਇਮਰੀ ਜਮਾਤਾਂ ਰਾਹੀਂ ਨਵੀਨਤਮ ਪ੍ਰਣਾਲੀ ਰਾਹੀਂ ਬੱਚਿਆਂ ਨੂੰ ਸਿੱਖਿਆ ਦਿੱਤੀ ਜਾ ਰਹੀ ਹੈ। ਨਵੀਂ ਸਿੱਖਿਆ ਨੀਤੀ ਅਨੁਸਾਰ ਮਹਿਲਾ ਅਤੇ ਬਾਲ ਭਲਾਈ ਵਿਭਾਗ ਦੇ ਸਹਿਯੋਗ ਨਾਲ ਆਂਗਣਵਾੜੀ ਕੇਂਦਰਾਂ ਨੂੰ ਸਿੱਖਿਆ ਪ੍ਰਣਾਲੀ ਨਾਲ ਜੋੜਿਆ ਜਾਵੇਗਾ ਤੇ ਇਨ੍ਹਾਂ ਵਿੱਚ 3-6 ਸਾਲ ਦੀ ਉਮਰ ਦੇ ਬੱਚਿਆਂ ਨੂੰ ਦਾਖ਼ਲ ਕੀਤਾ ਜਾਵੇਗਾ। ਡਾਇਰੈਕਟਰ ਸਕੂਲ ਐਜੂਕੇਸ਼ਨ ਹਰਸੁਹਿੰਦਰ ਪਾਲ ਸਿੰਘ ਬਰਾੜ ਨੇ ਦੱਸਿਆ ਕਿ ਪੁਰਾਣੀ ਰੱਟਾ ਮਾਰਨ ਦੀਆਂ ਆਦਤਾਂ ਨੂੰ ਦੂਰ ਕਰ ਕੇ ਪ੍ਰੀ-ਪ੍ਰਾਇਮਰੀ ਜਮਾਤਾਂ ਵਿਚ ਬੱਚਿਆਂ ਨੂੰ ਪੜ੍ਹਾਈ ਲਈ ਸਕੂਲ ਆਉਣ ਲਈ ਪ੍ਰੇਰਿਤ ਕੀਤਾ ਜਾਵੇਗਾ। ਸ੍ਰੀ ਬਰਾੜ ਨੇ ਕਿਹਾ ਕਿ ਇਹ ਚੰਡੀਗੜ੍ਹ ਲਈ ਮਾਣ ਵਾਲੀ ਗੱਲ ਹੈ ਕਿ ਚੰਡੀਗੜ੍ਹ ਦੇ ਪ੍ਰਾਜੈਕਟ ਦੀ ਕੇਂਦਰ ਵੱਲੋਂ ਚੋਣ ਕੀਤੀ ਗਈ ਹੈ।