ਰੂਪਨਗਰ ਵਿੱਚ ਕਣਕ ਦੀ ਆਮਦ ਸ਼ੁਰੂ
ਰੂਪਨਗਰ: ਰੂਪਨਗਰ ਦੀ ਅਨਾਜ ਮੰਡੀ ਵਿੱਚ ਕਣਕ ਦੀ ਆਮਦ ਸ਼ੁਰੂ ਹੋ ਗਈ। ਅੱਜ ਗੋਬਿੰਦਪੁਰਾ ਪਿੰਡ ਦੇ ਕਿਸਾਨ ਕੁਲਵੀਰ ਸਿੰਘ ਵਲੋਂ ਲਗਪਗ 30 ਕੁਇੰਟਲ ਕਣਕ ਮੰਡੀ ਵਿੱਚ ਆੜ੍ਹਤੀ ਨਿਰਮਲ ਸਿੰਘ ਦੀ ਫਰਮ ਨਿਰਮਲ ਸਿੰਘ ਐਂਡ ਕੰਪਨੀ ’ਤੇ ਲਿਆਂਦੀ ਗਈ ਜੋ ਸ੍ਰੀ ਮੋਹਨ ਇੰਡਸਟਰੀ ਰੂਪਨਗਰ ਵੱਲੋ ਸਰਕਾਰੀ ਭਾਅ ਨਾਲੋਂ 5 ਰੁਪਏ ਪ੍ਰਤੀ ਕੁਇੰਟਲ ਵੱਧ ’ਤੇ ਖਰੀਦੀ ਗਈ। ਇਸ ਮੌਕੇ ਆੜ੍ਹਤੀ ਐਸੋਸੀਏਸ਼ਨ ਜ਼ਿਲ੍ਹਾ ਰੂਪਨਗਰ ਪ੍ਰਧਾਨ ਅਵਤਾਰ ਸਿੰਘ, ਅਨਾਜ ਮੰਡੀ ਰੂਪਨਗਰ ਦੇ ਪ੍ਰਧਾਨ ਸੁਤੰਤਰਪਾਲ ਕੌਸ਼ਲ, ਅਨਾਜ ਮੰਡੀ ਘਨੌਲੀ ਦੇ ਪ੍ਰਧਾਨ ਨਰਿੰਦਰ ਸਿੰਘ,ਗੌਰਵ ਕੋਹਲੀ, ਅਸ਼ੀਸ਼ ਖੰਨਾ, ਧਰਮਿੰਦਰ ਕੁਮਾਰ ਬੰਟੀ, ਅਰੁਣ ਕੁਮਾਰ ਚੌਧਰੀ, ਚਰਨਜੀਤ ਸਿੰਘ ਆਦਿ ਆੜ੍ਹਤੀ ਹਾਜ਼ਰ ਸਨ। -ਪੱਤਰ ਪ੍ਰੇਰਕ
ਅੱਜ ਬਿਜਲੀ ਬੰਦ ਰਹੇਗੀ
ਚੰਡੀਗੜ੍ਹ: ਚੰਡੀਗੜ੍ਹ ਦੇ ਬਿਜਲੀ ਵਿਭਾਗ ਵੱਲੋਂ ਵੱਖ-ਵੱਖ ਥਾਵਾਂ ’ਤੇ ਕੀਤੀ ਜਾਣ ਵਾਲੀ ਰਿਪੇਅਰ ਦੇ ਮੱਦੇਨਜ਼ਰ ਵੱਖ-ਵੱਖ ਇਲਾਕਿਆਂ ਵਿੱਚ ਬਿਜਲੀ ਸਪਲਾਈ ਬੰਦ ਰਹੇਗੀ। ਇਸ ਬਾਰੇ ਚੰਡੀਗੜ੍ਹ ਸੀਬੀਡੀਐੱਲ ਦੇ ਸਹਾਇਕ ਪਾਵਰ ਕੰਟਰੋਲਰ ਨੇ ਕਿਹਾ ਕਿ ਸੈਕਟਰ-32, 38 ਵੈਸਟ, ਖੁੱਡਾ ਅਲੀਸ਼ੇਰ ਅਤੇ 82 ਬਟਾਲੀਅਨ ਵਿੱਚ 10 ਅਪਰੈਲ ਦਿਨ ਵੀਰਵਾਰ ਨੂੰ ਸਵੇਰੇ 10 ਵਜੇ ਤੋਂ ਦੁਪਹਿਰ 2 ਵਜੇ ਤੱਕ ਬਿਜਲੀ ਦੀ ਸਪਲਾਈ ਬੰਦ ਰਹੇਗੀ। ਇਸੇ ਤਰ੍ਹਾਂ ਸੈਕਟਰ-22 ਵਿੱਚ ਸਵੇਰੇ 10.30 ਵਜੇ ਤੋਂ ਦੁਪਹਿਰੇ 2.30 ਵਜੇ ਤੱਕ ਬਿਜਲੀ ਸਪਲਾਈ ਬੰਦ ਕੀਤੀ ਜਾਵੇਗੀ। -ਟਨਸ
22 ਕਿਲੋ ਭੁੱਕੀ ਬਰਾਮਦ
ਅੰਬਾਲਾ: ਥਾਣਾ ਬਲਦੇਵ ਨਗਰ ਇਲਾਕੇ ਤੋਂ ਪੁਲੀਸ ਨੇ ਨਸਾ ਤਸਕਰ ਨੂੰ 22 ਕਿਲੋ 930 ਗ੍ਰਾਮ ਚੂਰਾ ਪੋਸਤ ਸਮੇਤ ਗ੍ਰਿਫ਼ਤਾਰ ਕੀਤਾ ਹੈ। ਨਸ਼ਿਆਂ ਖ਼ਿਲਾਫ਼ ਮੁਹਿੰਮ ਦੌਰਾਨ ਸੀ.ਆਈ.ਏ.-1 ਦੀ ਟੀਮ ਨੇ 8 ਅਪਰੈਲ ਨੂੰ ਹਿਸਾਰ-ਚੰਡੀਗੜ੍ਹ ਬਾਈਪਾਸ ’ਤੇ ਪਿੰਡ ਕਾਕੜੂ ਨੇੜੇ ਇਕ ਟਰੱਕ ਦੀ ਤਲਾਸ਼ੀ ਲੈਣ ’ਤੇ ਉਸ ਵਿੱਚੋਂ ਇਹ ਚੂਰਾ ਪੋਸਤ ਬਰਾਮਦ ਹੋਇਆ। ਮੁਲਜ਼ਮ ਦੀ ਪਛਾਣ ਸੁਖਵਿੰਦਰ ਸਿੰਘ ਵਾਸੀ ਪਿੰਡ ਦੱਪਰ ਥਾਣਾ ਲਾਲੜੂ ਵਜੋਂ ਹੋਈ ਹੈ। ਅਦਾਲਤ ਨੇ ਉਸ ਨੂੰ 3 ਦਿਨ ਦੇ ਪੁਲੀਸ ਰਿਮਾਂਡ ’ਤੇ ਭੇਜ ਦਿੱਤਾ ਹੈ। -ਪੱਤਰ ਪ੍ਰੇਰਕ
ਸਾਈਕਲੋਥਨ 20 ਨੂੰ ਪੁੱਜੇਗੀ ਅੰਬਾਲਾ
ਅੰਬਾਲਾ; ਹਰਿਆਣਾ ਉਦੈ ਆਊਟਰੀਚ ਪ੍ਰੋਗਰਾਮ ਦੇ ਤਹਿਤ ਨਸ਼ਾ ਮੁਕਤ ਹਰਿਆਣਾ ਦਾ ਸੁਨੇਹਾ ਲੈ ਕੇ ਸਾਈਕਲੋਥਨ-2.0 (ਸਾਈਕਲ ਯਾਤਰਾ) 20 ਅਪਰੈਲ ਨੂੰ ਅੰਬਾਲਾ ਜ਼ਿਲ੍ਹੇ ਵਿੱਚ ਪਹੁੰਚੇਗੀ। ਡਿਪਟੀ ਕਮਿਸ਼ਨਰ ਅਜੈ ਸਿੰਘ ਤੋਮਰ ਨੇ ਜ਼ਿਲ੍ਹੇ ਦੇ ਨਾਗਰਿਕਾਂ ਨੂੰ ਇਸ ਮੁਹਿੰਮ ਵਿੱਚ ਹਿੱਸਾ ਲੈ ਕੇ ਨਸ਼ਿਆਂ ਵਿਰੁੱਧ ਜਨਤਕ ਭਾਗੀਦਾਰੀ ਯਕੀਨੀ ਬਣਾਉਣ ਦੀ ਅਪੀਲ ਕੀਤੀ। ਸਾਈਕਲੋਥਨ-2.0 ਵਿੱਚ ਸ਼ਾਮਲ ਹੋਣ ਲਈ ਸਰਕਾਰ ਵੱਲੋਂ ਇੱਕ ਰਜਿਸਟ੍ਰੇਸ਼ਨ ਲਿੰਕ ਜਾਰੀ ਕੀਤਾ ਗਿਆ ਹੈ। ਸਾਈਕਲੋਥਨ 20 ਅਪਰੈਲ ਨੂੰ ਪੰਚਕੂਲਾ ਤੋਂ ਅੰਬਾਲਾ ਵਿੱਚ ਦਾਖ਼ਲ ਹੋ ਕੇ ਬਰਵਾਲਾ, ਸ਼ਾਹਜ਼ਾਦਪੁਰ, ਪਤਰੇਹੜੀ, ਕੜਾਸਨ ਅਤੇ ਪਿਲਖਨੀ ਰਾਹੀਂ 21 ਅਪਰੈਲ ਨੂੰ ਕੁਰੂਕਸ਼ੇਤਰ ਲਈ ਰਵਾਨਾ ਹੋਵੇਗੀ। -ਨਿੱਜੀ ਪੱਤਰ ਪ੍ਰੇਰਕ
ਵਿਦੇਸ਼ ਭੇਜਣ ਦੇ ਨਾਂ ਠੱਗੀ
ਚੰਡੀਗੜ੍ਹ: ਚੰਡੀਗੜ੍ਹ ਪੁਲੀਸ ਨੇ ਵਿਦੇਸ਼ ਭੇਜਣ ਦੇ ਨਾਮ ’ਤੇ ਧੋਖਾਧੜੀਆਂ ਕਰਨ ਵਾਲਿਆਂ ਵਿਰੁੱਧ ਕਾਰਵਾਈ ਕਰਦਿਆਂ ਇਕ ਜਣੇ ਵਿਰੁੱਧ ਕੇਸ ਦਰਜ ਕੀਤਾ ਹੈ। ਇਹ ਕੇਸ ਥਾਣਾ ਸੈਕਟਰ-34 ਦੀ ਪੁਲੀਸ ਨੇ ਸੰਦੀਪ ਵਾਸੀ ਪੰਚਕੂਲਾ ਦੀ ਸ਼ਿਕਾਇਤ ’ਤੇ ਸੈਕਟਰ-34 ਵਿੱਚ ਸਥਿਤ ਇਮੀਗ੍ਰੇਸ਼ਨ ਕੰਪਨੀ ਦੇ ਮਾਲਕ ਵਿਰੁੱਧ ਦਰਜ ਕੀਤਾ ਹੈ। ਸ਼ਿਕਾਇਤਕਰਤਾ ਦਾ ਕਹਿਣਾ ਸੀ ਕਿ ਮੁਲਜ਼ਮ ਨੇ ਉਸ ਨੂੰ ਵਿਦੇਸ਼ ਭੇਜਣ ਦੇ ਨਾਮ ’ਤੇ 1.5 ਲੱਖ ਰੁਪਏ ਲੈ ਲਏ, ਪਰ ਬਾਅਦ ਵਿੱਚ ਨਾ ਤਾਂ ਵਿਦੇਸ਼ ਭੇਜਿਆ ਅਤੇ ਨਾ ਹੀ ਉਸ ਦੇ ਰੁਪਏ ਵਾਪਸ ਕੀਤੇ ਸਨ। ਥਾਣਾ ਸੈਕਟਰ-34 ਦੀ ਪੁਲੀਸ ਨੇ ਉਕਤ ਸ਼ਿਕਾਇਤ ਦੇ ਆਧਾਰ ’ਤੇ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। -ਟਨਸ