ਵਿਧਾਇਕ ਵੱਲੋਂ ਤਸਿੰਬਲੀ ਸਕੂਲ ਨੂੰ ਗੋਦ ਲੈਣ ਦਾ ਐਲਾਨ
ਸਰਬਜੀਤ ਸਿੰਘ ਭੱਟੀ
ਲਾਲੜੂ, 9 ਅਪਰੈਲ
ਵਿਧਾਇਕ ਕੁਲਜੀਤ ਸਿੰਘ ਰੰਧਾਵਾ ਨੇ ਅੱਜ ਸਰਕਾਰੀ ਹਾਈ ਸਕੂਲ ਤਸਿੰਬਲੀ ਨੂੰ ਗੋਦ ਲੈਣ ਦਾ ਐਲਾਨ ਕੀਤਾ ਹੈ। ਉਨ੍ਹਾਂ ਵੱਲੋਂ ਪੰਜਾਬ ਸਿਖਿਆ ਕ੍ਰਾਂਤੀ ਤਹਿਤ ਅੱਜ ਹਲਕੇ ਦੇ ਪੰਜ ਸਰਕਾਰੀ ਸਕੂਲਾਂ ’ਚ 1,26,14,700 ਰੁਪਏ ਦੇ ਵਿਕਾਸ ਕਾਰਜ ਵਿਦਿਆਰਥੀਆਂ ਨੂੰ ਸਮਰਪਿਤ ਕੀਤੇ। ਉਨ੍ਹਾਂ ਨੇ ਇੱਕ ਹੋਰ ਐਲਾਨ ਕਰਦਿਆਂ, ਡੇਰਾਬਸੀ ਹਲਕੇ ਦੇ ਕਿਸੇ ਵੀ ਸਰਕਾਰੀ ਸਕੂਲ ਦੇ ਵਿਦਿਆਰਥੀ ਦੇ ਪੰਜਾਬ ਸਕੂਲ ਸਿਖਿਆ ਬੋਰਡ ਵੱਲੋਂ ਐਲਾਨੇ ਜਾਣ ਵਾਲੇ ਨਤੀਜੇ ’ਚ ਅੱਵਲ ਰਹਿਣ ’ਤੇ ਆਪਣੀ ਇੱਕ ਮਹੀਨੇ ਦੀ ਤਨਖ਼ਾਹ ਇਨਾਮ ਵਜੋਂ ਦੇਣ ਦਾ ਐਲਾਨ ਵੀ ਕੀਤਾ। ਉਨ੍ਹਾਂ ਵੱਲੋਂ ਸਰਕਾਰੀ ਪ੍ਰਾਇਮਰੀ ਸਕੂਲ ਬਸੌਲੀ ਵਿਖੇ 10 ਲੱਖ ਰੁਪਏ, ਸਰਕਾਰੀ ਪ੍ਰਾਇਮਰੀ ਸਕੂਲ ਤਸਿੰਬਲੀ ਵਿਖੇ 11.03 ਲੱਖ ਰੁਪਏ, ਸਰਕਾਰੀ ਹਾਈ ਸਕੂਲ ਤਸਿੰਬਲੀ ਵਿਖੇ 31.12 ਲੱਖ ਰੁਪਏ ਰੁਪਏ, ਸਰਕਾਰੀ ਪ੍ਰਾਇਮਰੀ ਸਕੂਲ ਹਮਾਯੂੰਪੁਰ ਵਿੱਚ 7.51 ਲੱਖ ਰੁਪਏ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹੰਡੇਸਰਾ ਵਿੱਚ 75.47 ਲੱਖ ਰੁਪਏ ਦੀ ਲਾਗਤ ਨਾਲ ਹੋਏ ਵਿਕਾਸ ਕਾਰਜਾਂ ਦੇ ਉਦਘਾਟਨ ਕੀਤੇ। ਉਨ੍ਹਾਂ ਮੁਰੰਮਤ ਤੇ ਸਾਂਭ-ਸੰਭਾਲ, ਨਵੇਂ ਬਣੇ ਕਲਾਸ ਰੂਮਜ਼, ਨਵੀਂ ਲੈਬਾਰਟਰੀ ਅਤੇ ਪਖਾਨਿਆਂ ਦੀ ਮੁਰੰਮਤ ਦੇ ਹੋਏ ਕਾਰਜ ਵਿਦਿਆਰਥੀਆਂ ਨੂੰ ਸਮਰਪਿਤ ਕੀਤੇ ਗਏ। ਉਨ੍ਹਾਂ ਨੇ ਸਰਕਾਰੀ ਹਾਈ ਸਕੂਲ ਤਸਿੰਬਲੀ ਦੀ ਦਿੱਖ ਤੋਂ ਪ੍ਰਭਾਵਿਤ ਹੁੰਦਿਆਂ, ਇਸ ਨੂੰ ਗੋਦ ਲੈਣ ਦਾ ਐਲਾਨ ਵੀ ਕੀਤਾ।
ਸੋਹਾਣਾ ਵਿੱਚ 22 ਲੱਖ ਦੇ ਵਿਕਾਸ ਕਾਰਜਾਂ ਦਾ ਉਦਘਾਟਨ

ਐਸ.ਏ.ਐਸ. ਨਗਰ (ਮੁਹਾਲੀ) (ਦਰਸ਼ਨ ਸਿੰਘ ਸੋਢੀ): ਪੰਜਾਬ ਦੀ ‘ਆਪ’ ਸਰਕਾਰ ਵੱਲੋਂ ਸਕੂਲੀ ਸਿੱਖਿਆ ਦਾ ਮਿਆਰ ਉੱਚਾ ਚੁੱਕਣ ਲਈ ਸ਼ੁਰੂ ਕੀਤੀ ਸਿੱਖਿਆ ਕ੍ਰਾਂਤੀ ਮੁਹਿੰਮ ਤਹਿਤ ਸਰਕਾਰੀ ਸਕੂਲਾਂ ਵਿੱਚ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ। ਸਰਕਾਰੀ ਕੰਨਿਆ ਸਮਾਰਟ ਸੀਨੀਅਰ ਸੈਕੰਡਰੀ ਸਕੂਲ ਸੋਹਾਣਾ ਅਤੇ ਸਰਕਾਰੀ ਪ੍ਰਾਇਮਰੀ ਸਕੂਲ ਪਿੰਡ ਸੋਹਾਣਾ ਵਿਖੇ 21.80 ਲੱਖ ਰੁਪਏ ਦੀ ਲਾਗਤ ਨਾਲ ਵੱਖ-ਵੱਖ ਸਹੂਲਤਾਂ ਜਿਵੇਂ ਕਿ ਕਲਾਸ-ਰੂਮ, ਖੇਡ ਮੈਦਾਨ, ਪਖਾਨਿਆਂ ਦਾ ਉਦਘਾਟਨ ਅੱਜ ਵਿਧਾਇਕ ਕੁਲਵੰਤ ਸਿੰਘ ਨੇ ਕੀਤਾ। ਉਨ੍ਹਾਂ ਦੱਸਿਆ ਕਿ ਸਰਕਾਰੀ ਕੰਨਿਆ ਸਕੂਲ ਸੋਹਾਣਾ ਵਿੱਚ 9.55 ਲੱਖ ਰੁਪਏ ਦੀ ਲਾਗਤ ਨਾਲ ਆਧੁਨਿਕ ਸਮਾਰਟ ਕਲਾਸ-ਰੂਮ, 1.5 ਲੱਖ ਦੀ ਲਾਗਤ ਨਾਲ ਬੈਡਮਿੰਟਨ ਕੋਰਟ ਅਤੇ 1.20 ਲੱਖ ਦੀ ਲਾਗਤ ਨਾਲ ਟੁਆਇਲਟ ਬਲਾਕ ਅਤੇ ਸਰਕਾਰੀ ਪ੍ਰਾਇਮਰੀ ਸਕੂਲ ਸੋਹਾਣਾ ਵਿੱਚ 9.55 ਲੱਖ ਰੁਪਏ ਦੀ ਲਾਗਤ ਨਾਲ ਸਮਾਰਟ ਕਲਾਸ-ਰੂਮ ਬਣਾਏ ਗਏ। ਇਸ ਮੌਕੇ ਐਸਡੀਐਮ ਦਮਨਦੀਪ ਕੌਰ, ਡੀਈਓ (ਸ) ਡਾ. ਗਿੰਨੀ ਦੁੱਗਲ, ਡੀਈਓ (ਅ) ਦਰਸ਼ਨਜੀਤ ਸਿੰਘ, ਪ੍ਰਿੰਸੀਪਲ ਹਿਮਾਂਸ਼ੂ ਢੰਡ, ਮੁੱਖ ਅਧਿਆਪਕ ਦਵਿੰਦਰ ਸਿੰਘ, ਕੁਲਦੀਪ ਸਿੰਘ ਸਮਾਣਾ, ਸਾਬਕਾ ਕੌਂਸਲਰ ਕਮਲਜੀਤ ਕੌਰ ਆਦਿ ਹਾਜ਼ਰ ਸਨ।
ਦੋ ਸਕੂਲਾਂ ’ਚ ਵਿਕਾਸ ਕਾਰਜਾਂ ਦਾ ਉਦਘਾਟਨ
ਨੂਰਪੁਰਬੇਦੀ (ਬਲਵਿੰਦਰ ਰੈਤ): ਹਲਕਾ ਰੂਪਨਗਰ ਦੇ ਵਿਧਾਇਕ ਦਿਨੇਸ਼ ਚੱਢਾ ਨੇ ਸਰਕਾਰੀ ਹਾਈ ਸਕੂਲ ਸਸਕੌਰ ’ਚ ਲੱਗਪਗ 21 ਲੱਖ ਦੇ ਵਿਕਾਸ ਕਾਰਜਾਂ ਦਾ ਉਦਘਾਟਨ ਕੀਤਾ। ਉਨ੍ਹਾਂ ਕਿਹਾ ਕਿ ਇੰਨੇ ਸਾਲਾਂ ਬਾਅਦ ਇਹ ਪਹਿਲੀ ਵਾਰ ਹੋਇਆ ਹੈ ਕਿ ਜਦੋਂ ਪੰਜਾਬ ਦੇ ਸਰਕਾਰੀ ਸਕੂਲਾਂ ’ਚ ਸਰਕਾਰ ਵਲੋਂ ਇੰਨੀ ਵੱਡੀ ਗਿਣਤੀ ਵਿੱਚ ਪੈਸਾ ਖਰਚ ਕੀਤਾ ਗਿਆ ਹੈ। ਉਨ੍ਹਾਂ ਸਕੂਲ ਦੀ ਲਾਈਬ੍ਰੇਰੀ, ਪਖਾਨਿਆਂ ਅਤੇ ਚਾਰਦਿਵਾਰੀ ਦਾ ਉਦਘਾਟਨ ਕੀਤਾ। ਇਸ ਤੋਂ ਬਾਅਦ ੳਨ੍ਹਾਂ ਨੇ ਸਰਕਾਰੀ ਪ੍ਰਾਇਮਰੀ ਸਕੂਲ ਖੇੜੀ ਵਿੱਚ 13.50 ਲੱਖ ਰੁਪਏ ਦੀ ਲਾਗਤ ਨਾਲ ਤਿਆਰ ਕੀਤੀ ਸਕੂਲ ਦੀ ਚਾਰਦਿਵਾਰੀ ਦਾ ਉਦਘਾਟਨ ਕੀਤਾ। ਇਸ ਮੌਕੇ ਕੋਆਰਡੀਨੇਟਰ ਰਾਜ ਕੁਮਾਰ ਖੋਸਲਾ, ਬਲਾਕ ਨੋਡਲ ਅਫਸਰ ਪ੍ਰਿੰਸੀਪਲ ਅਨਿਲ ਜੋਸ਼ੀ, ਸਰਪੰਚ ਅਵਤਾਰ ਸਿੰਘ ਕੂਨਰ, ਸਕੂਲ ਮੁਖੀ ਲਵਪ੍ਰੀਤ ਕੌਰ, ਵਿਸ਼ਵ ਕੋਂਡਲ, ਤਜਿੰਦਰ ਸਿੰਘ, ਇੰਦਰਜੀਤ ਸਿੰਘ, ਰਮਨਦੀਪ ਕੌਰ, ਮੋਨਿਕਾ ਸ਼ਰਮਾ, ਚੈਅਰਮੇਨ ਸੰਦੀਪ ਕੁਮਾਰ, ਸਰਪੰਚ ਮਹਿੰਦਰ ਸਿੰਘ, ਅਤੁੱਲ ਬਾਂਸਲ, ਨਿਸ਼ੀ ਸੈਣੀ, ਸਕੂਲ ਮੁੱਖੀ ਮੈਡਮ ਪੂਨਮ ਸ਼ਰਮਾ, ਡਾਇਰੈਕਟਰ ਜਸਵੀਰ ਸਿੰਘ, ਅਮਰਿੰਦਰ ਕੌਰ, ਸਰਪੰਚ ਸ਼ਸ਼ਮਾ ਰਾਣੀ ਆਦਿ ਹਾਜ਼ਰ ਸਨ।
ਸਰਕਾਰ ਸਕੂਲਾਂ ਦੀ ਨੁਹਾਰ ਬਦਲਣ ਲਈ ਵਚਨਬੱਧ: ਗਗਨ ਮਾਨ
ਕੁਰਾਲੀ (ਮਿਹਰ ਸਿੰਘ): ਪੰਜਾਬ ਸਰਕਾਰ ਦੀ ਸਿੱਖਿਆ ਕ੍ਰਾਂਤੀ ਮੁਹਿੰਮ ਤਹਿਤ ਹਲਕਾ ਵਿਧਾਇਕ ਅਨਮੋਲ ਗਗਨ ਮਾਨ ਵੱਲੋਂ ਅੱਜ ਕੁਰਾਲੀ ਬਲਾਕ ਦੇ ਚਾਰ ਸਕੂਲਾਂ ਵਿੱਚ ਹੋਏ ਵਿਕਾਸ ਦੇ ਕੰਮਾਂ ਦੇ ਉਦਘਾਟਨ ਕੀਤੇ। ਕੁਰਾਲੀ ਦੇ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਵਿੱਚ ਪ੍ਰਿੰਸੀਪਲ ਚਰਨਜੀਤ ਕੌਰ ਦੀ ਅਗਵਾਈ ਹੇਠ ਹੋਏ ਸਮਾਗਮ ਦੌਰਾਨ ਵਿਧਾਇਕਾ ਮਾਨ ਨੇ ਸਕੂਲ ਵਿੱਚ 22.20 ਲੱਖ ਦੀ ਲਾਗਤ ਨਾਲ ਹੋਏ ਵਿਕਾਸ ਕਾਰਜਾਂ ਦਾ ਰਸਮੀ ਉਦਘਾਟਨ ਕੀਤਾ। ਉਨ੍ਹਾਂ ਸਕੂਲ ਨੂੰ 10 ਲੱਖ ਰੁਪਏ ਦਾ ਬੈਸਟ ਸਕੂਲ ਐਵਾਰਡ ਮਿਲਣ ’ਤੇ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸਰਕਾਰੀ ਸਕੂਲਾਂ ਦੀ ਨੁਹਾਰ ਬਦਲਣ ਲਈ ਸਰਕਾਰ ਹਰ ਸਮੇਂ ਵਚਨਬੱਧ ਹੈ। ਵਿਧਾਇਕਾ ਨੇ ਬਲਾਕ ਕੁਰਾਲੀ ਦੇ ਝਿੰਗੜਾਂ ਕਲਾਂ ਤੇ ਸੁਹਾਲੀ ਦੇ ਪ੍ਰਾਇਮਰੀ ਸਕੂਲਾਂ ਅਤੇ ਸਰਕਾਰੀ ਮਿਡਲ ਸਕੂਲ ਸੁਹਾਲੀ ਦੇ ਵਿਕਾਸ ਕਾਰਜਾਂ ਦਾ ਉਦਘਾਟਨ ਕੀਤਾ।