ਕੌਂਸਲ ਪ੍ਰਧਾਨ ਨੇ ਟਿਊਬਵੈੱਲ ਦਾ ਕੰਮ ਸ਼ੁਰੂ ਕਰਵਾਇਆ

ਖਰੜ: ਕੌਂਸਲ ਪ੍ਰਧਾਨ ਜਸਪ੍ਰੀਤ ਕੌਰ ਲੌਂਗੀਆ ਨੇ ਅੱਜ ਵਾਰਡ ਨੰਬਰ-16 ਅਤੇ 19 ਦੇ ਸਾਂਝਾ ਟਿਊਬਵੈੱਲ ਦਾ ਕੰਮ ਸ਼ੁਰੂ ਕਰਵਾਇਆ। ਉਨ੍ਹਾਂ ਦੱਸਿਆ ਕਿ ਇਸ ਟਿਊਬਵੈੱਲ ’ਤੇ 42 ਲੱਖ ਰੁਪਏ ਖ਼ਰਚ ਹੋਣ ਦੀ ਆਸ ਹੈ। ਇਸ ਨਾਲ ਵਾਰਡ ਨੰਬਰ 16 ਤੇ 19 ਦੇ ਵਸਨੀਕਾਂ ਨੂੰ ਪਾਣੀ ਦੀ ਦਿੱਕਤ ਨਹੀਂ ਆਵੇਗੀ। ਉਨ੍ਹਾਂ ਦੱਸਿਆ ਕਿ ਕੌਂਸਲ ਵੱਲੋਂ ਪੀਣ ਵਾਲੇ ਪਾਣੀ ਦੀ ਸਮੱਸਿਆ ਨੂੰ ਹੱਲ ਕਰਨ ਲਈ 17 ਟਿਊਬਵੈੱਲ ਲਗਾਏ ਜਾ ਰਹੇ ਹਨ। -ਪੱਤਰ ਪ੍ਰੇਰਕ
ਮੁਲਜ਼ਮ ਨਸ਼ੀਲੇ ਪਦਾਰਥ ਸਣੇ ਗ੍ਰਿਫ਼ਤਾਰ
ਅੰਬਾਲਾ: ਸੀਆਈਏ-1 ਅੰਬਾਲਾ ਦੀ ਟੀਮ ਨੇ ਇੱਕ ਮੁਲਜ਼ਮ ਨੂੰ ਨਸ਼ੇ ਦੇ ਕੈਪਸੂਲਾਂ ਦੀ ਤਸਕਰੀ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਹੈ। ਪੁਲੀਸ ਮੁਤਾਬਕ ਮੁਲਜ਼ਮ ਦੀ ਪਛਾਣ ਰੋਹਿਤ ਕੁਮਾਰ ਵਾਸੀ ਸ਼ਾਰਦਾ ਨਗਰ (ਯੂਪੀ) ਵਜੋਂ ਹੋਈ ਹੈ। ਉਸ ਨੂੰ ਅਦਾਲਤ ਵਿੱਚ ਪੇਸ਼ ਕਰਨ ’ਤੇ ਦੋ ਰੋਜ਼ਾ ਪੁਲੀਸ ਰਿਮਾਂਡ ਮਿਲਿਆ ਹੈ। -ਪੱਤਰ ਪ੍ਰੇਰਕ
ਗਿਲਕੋ ਇੰਟਰਨੈਸ਼ਨਲ ਸਕੂਲ ’ਚ ਸਮਾਗਮ
ਖਰੜ: ਗਿਲਕੋ ਇੰਟਰਨੈਸ਼ਨਲ ਸਕੂਲ ਨੇ ਸੈਸ਼ਨ 2023 ਤੋਂ 2025 ਲਈ ਵਿਦਿਅਕ ਅਤੇ ਸਹਿ-ਵਿਦਿਅਕ ਗਤੀਵਿਧੀਆਂ ਸਬੰਧੀ ਸਮਾਰੋਹ ਕਰਵਾਇਆ ਗਿਆ। ਇਸ ਦੌਰਾਨ ਹੋਣਹਾਰ ਵਿਦਿਆਰਥੀਆਂ ਦਾ ਸਨਮਾਨ ਕੀਤਾ ਗਿਆ। ਇਹ ਪੁਰਸਕਾਰ ਸਕੂਲ ਪਾਸ ਕਰਨ ਵਾਲੇ ਅਤੇ ਮੌਜੂਦਾ ਅਕਾਦਮਿਕ ਸੈਸ਼ਨਾਂ ਦੇ ਵਿਦਿਆਰਥੀਆਂ ਨੂੰ ਦਿੱਤੇ ਗਏ ਸਨ। ਇਸ ਸਮਾਗਮ ’ਚ ਜੀਆਈਐੱਸ ਦੇ ਚੇਅਰਮੈਨ ਰਣਜੀਤ ਗਿੱਲ ਪੁੱਜੇ ਉਨ੍ਹਾਂ ਵਿਦਿਆਰਥੀਆਂ ਅਤੇ ਅਧਿਆਪਕਾਂ ਦੇ ਯਤਨਾਂ ਦੀ ਸ਼ਲਾਘਾ ਕੀਤੀ। ਮੈਨੇਜਮੈਂਟ ਦੇ ਸੀਨੀਅਰ ਮੈਂਬਰ ਜੈ ਸੰਧੂ ਗਿੱਲ ਵੀ ਸ਼ਾਮਲ ਹੋਏ। ਪ੍ਰਿੰਸੀਪਲ ਡਾ. ਕ੍ਰਿਤਿਕਾ ਕੌਸ਼ਲ ਨੇ ਕਿਹਾ ਕਿ ਹਰ ਵਿਦਿਆਰਥੀ ਵਿਲੱਖਣ ਹੁੰਦਾ ਹੈ। -ਪੱਤਰ ਪ੍ਰੇਰਕ
ਪਰਿਵਾਰ ਵਿਛੋੜਾ ਪਬਲਿਕ ਸਕੂਲ ਦੀ ਝੰਡੀ
ਘਨੌਲੀ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਅਧੀਨ ਚੱਲ ਰਹੇ ਪਰਿਵਾਰ ਵਿਛੋੜਾ ਪਬਲਿਕ ਹਾਈ ਸਕੂਲ ਸਰਸਾ ਨੰਗਲ ਦੇ 21 ਵਿਦਿਆਰਥੀਆਂ ਨੇ ਸ਼੍ਰੋਮਣੀ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਵੱਲੋਂ ਕਰਵਾਏ ਧਾਰਮਿਕ ਪ੍ਰੀਖਿਆ ਪਾਸ ਕਰ ਕੇ ਵਜ਼ੀਫਾ ਰਕਮ ਪ੍ਰਾਪਤ ਕੀਤੀ। ਸਕੂਲ ਪ੍ਰਿੰਸੀਪਲ ਸਰਬਜੀਤ ਸਿੰੰਘ ਨੇ ਦੱਸਿਆ ਕਿ ਇਸ ਸਾਲ ਉਨ੍ਹਾਂ ਦੇ ਸਕੂਲ ਦੇ 21 ਵਿਦਿਆਰਥੀ 70 ਪ੍ਰਤੀਸ਼ਤ ਤੋਂ ਵਧੇਰੇ ਅੰਕ ਹਾਸਲ ਕਰ ਕੇ ਵਜ਼ੀਫਾ ਰਕਮ ਪ੍ਰਾਪਤ ਕਰਨ ਵਿੱਚ ਸਫ਼ਲ ਹੋਏ ਹਨ। 19 ਵਿਦਿਆਰਥੀਆਂ ਨੇ 60 ਫ਼ੀਸਦੀ ਤੋਂ ਵੱਧ ਅੰਕ ਹਾਸਲ ਕਰ ਕੇ ਮੈਡਲ ਪ੍ਰਾਪਤ ਕੀਤੇ ਹਨ। -ਪੱਤਰ ਪ੍ਰੇਰਕ
ਕੈਂਪ ਦੌਰਾਨ 100 ਮਰੀਜ਼ਾਂ ਦੇ ਕੰਨਾਂ ਦੀ ਜਾਂਚ
ਬਨੂੜ: ਨਗਰ ਕੌਂਸਲ ਬਨੂੜ ਦੇ ਪ੍ਰਧਾਨ ਜਗਤਾਰ ਸਿੰਘ ਕੰਬੋਜ, ਕਾਰਜਸਾਧਕ ਅਫ਼ਸਰ ਅਵਤਾਰ ਚੰਦ, ਸੁਪਰਡੈਂਟ ਸੈਨੀਟੇਸ਼ਨ ਜੰਗ ਬਹਾਦਰ, ਸੀਐਫ਼ ਅਮਨਦੀਪ ਕੌਰ ਸਿੱਧੂ ਅਤੇ ਸਮੂਹ ਸਟਾਫ਼ ਵੱਲੋਂ ਕੈਂਪ ਲਗਾਇਆ ਗਿਆ। ਕੈਂਪ ਵਿਚ ਕੌਂਸਲ ਦਫ਼ਤਰ ’ਚ ਕਲੀਅਰ ਹੀਅਰਿੰਗ ਮੁਹਾਲੀ ਤੋਂ ਆਏ ਪਾਰਸ ਸ਼ਰਮਾ, ਅੰਬਰ ਸ਼ਰਮਾ ਅਤੇ ਦਿਨੇਸ਼ ਸ਼ਰਮਾ ਦੁਆਰਾ 100 ਤੋਂ ਵੱਧ ਲੋਕਾਂ ਦੇ ਕੰਨਾਂ ਦੀ ਜਾਂਚ ਕੀਤੀ ਗਈ। 45 ਲੋਕਾਂ ਨੂੰ ਮੁਫ਼ਤ ਦਵਾਈਆਂ ਵੰਡੀਆਂ ਗਈਆਂ ਤੇ ਕੌਂਸਲਰ ਲਛਮਣ ਸਿੰਘ ਚੰਗੇਰਾ ਦੇ ਸਹਿਯੋਗ ਨਾਲ ਇੱਕ ਬਜ਼ੁਰਗ ਔਰਤ ਨੂੰ ਕੰਨਾਂ ਦੀ ਮਸ਼ੀਨ ਦਿੱਤੀ ਗਈ। ਸ੍ਰੀ ਕੰਬੋਜ ਨੇ ਡਾਕਟਰਾਂ ਦੀ ਟੀਮ ਦਾ ਸਨਮਾਨ ਕੀਤਾ। ਇਸ ਮੌਕੇ ਨਗਰ ਕੌਂਸਲ ਦੇ ਸਮੂਹ ਕਰਮਚਾਰੀ ਤੇ ਸ਼ਹਿਰ ਵਾਸੀ ਹਾਜ਼ਰ ਸਨ। -ਪੱਤਰ ਪ੍ਰੇਰਕ
ਸ਼ਤਰੰਜ ਚੈਂਪੀਅਨਸ਼ਿਪ ’ਚ ਭਾਰਤ ਸਕੂਲ ਮੋਹਰੀ
ਪੰਚਕੂਲਾ: 15ਵੀਂ ਪੰਚਕੂਲਾ ਜ਼ਿਲ੍ਹਾ ਸ਼ਤਰੰਜ ਚੈਂਪੀਅਨਸ਼ਿਪ ਦਿ ਭਾਰਤ ਸਕੂਲ, ਸੈਕਟਰ-12, ਪੰਚਕੂਲਾ ਵਿੱਚ ਕੀਤਾ ਗਿਆ। ਭਾਰਤ ਸਕੂਲ ਦੇ ਲੜਕਿਆਂ ਦੀ ਟੀਮ ਨੇ ਓਪਨ ਵਰਗ ਵਿੱਚ ਚਾਂਦੀ ਦਾ ਤਗ਼ਮਾ ਜਿੱਤਿਆ। ਜੇਤੂ ਟੀਮ ਵਿੱਚ ਬਾਰ੍ਹਵੀਂ ਜਮਾਤ ਦੇ ਓਮਪ੍ਰੀਤ ਗਿੱਲ, ਅੱਠਵੀਂ ਜਮਾਤ ਦੇ ਹਰਮਨਜੋਤ ਸਿੰਘ ਅਤੇ ਅਰਨਵ ਕਾਲੀਆ, ਸੱਤਵੀਂ ਜਮਾਤ ਦੇ ਰਿਦੇਵ ਚਾਹਲ ਅਤੇ ਆਰਵ ਮਹਾਜਨ ਸ਼ਾਮਲ ਸਨ। ਲੜਕਿਆਂ ਦੀ ਅੰਡਰ-17 ਟੀਮ ਨੇ ਕਾਂਸੀ ਦਾ ਤਗ਼ਮਾ ਜਿੱਤਿਆ। ਟੀਮ ’ਚ ਪੰਜਵੀਂ ਜਮਾਤ ਦੇ ਰੁਧਭ ਬਜਾਜ, ਹਿਤਾਂਸ਼ ਧਰ ਅਤੇ ਰੇਹਾਨ ਜੈਨ ਅਤੇ ਅੱਠਵੀਂ ਜਮਾਤ ਦੇ ਸਿਧਾਂਤ ਸ਼ਰਮਾ ਅਤੇ ਜੈਪ੍ਰੀਤ ਗਿੱਲ ਸ਼ਾਮਲ ਸਨ। ਸਕੂਲ ਦੇ ਡਾਇਰੈਕਟਰ, ਸੰਜੇ ਸੇਠੀ ਨੇ ਜੇਤੂਆਂ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਇਹ ਖੇਡ ਮੁਕਾਬਲੇ ਬੱਚਿਆਂ ਵਿੱਚ ਸਮਾਜਿਕ ਹੁਨਰਾਂ ਨੂੰ ਬਿਹਤਰ ਬਣਾਉਂਦੇ ਹਨ ਅਤੇ ਟੀਮ ਵਰਕ, ਲੀਡਰਸ਼ਿਪ ਅਤੇ ਲਚਕੀਲੇਪਣ ਵਰਗੇ ਕੀਮਤੀ ਜੀਵਨ ਹੁਨਰਾਂ ਦਾ ਵਿਕਾਸ ਕਰਦੇ ਹਨ। ਇਹ ਅਕਾਦਮਿਕ ਪ੍ਰਦਰਸ਼ਨ ਵਿੱਚ ਵੀ ਯੋਗਦਾਨ ਪਾਉਂਦੇ ਹਨ ਅਤੇ ਆਤਮ-ਵਿਸ਼ਵਾਸ ਵਧਾਉਂਦੇ ਹਨ। -ਪੱਤਰ ਪ੍ਰੇਰਕ