ਵਿਆਹੁਤਾ ਤੇ ਪਿਤਾ ਦੀ ਕੁੱਟਮਾਰ ਦੇ ਦੋਸ਼ ਹੇਠ ਕੇਸ ਦਰਜ
ਘਨੌਰ: ਥਾਣਾ ਘਨੌਰ ਦੀ ਪੁਲੀਸ ਨੇ ਵਿਆਹੁਤਾ ਤੇ ਉਸ ਦੇ ਪਿਤਾ ਦੀ ਕੁੱਟਮਾਰ ਕਰਨ ਦੇ ਦੋਸ਼ ਹੇਠ ਸਹੁਰਾ ਪਰਿਵਾਰ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਥਾਣਾ ਘਨੌਰ ਦੇ ਇੰਸਪੈਕਟਰ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਅਜਾਇਬ ਸਿੰਘ ਵਾਸੀ ਪਿੰਡ ਕਾਮੀਂ ਕਲਾਂ ਨੇ ਪੁਲੀਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ ਕਿ ਉਸ ਦੀ ਲੜਕੀ ਪ੍ਰਵੀਨ ਕੌਰ ਦਾ ਵਿਆਹ ਗੁਰਪ੍ਰੀਤ ਸਿੰਘ ਵਾਸੀ ਪਿੰਡ ਮਲੋਆ ਚੰਡੀਗੜ੍ਹ ਨਾਲ ਹੋਇਆ ਸੀ। ਬਾਅਦ ਵਿੱਚ ਸਹੁਰਾ ਪਰਿਵਾਰ ਵੱਲੋਂ ਲੜਕੀ ਨੂੰ ਤੰਗ ਪ੍ਰੇਸ਼ਾਨ ਕੀਤਾ ਜਾਣ ਲੱਗ ਪਿਆ। ਸ਼ਿਕਾਇਤਕਰਤਾ ਆਪਣੀ ਲੜਕੀ ਨੂੰ ਆਪਣੇ ਘਰ ਲੈ ਆਇਆ ਅਤੇ ਇਸ ਸਬੰਧੀ ਥਾਣਾ ਘਨੌਰ ਵਿੱਚ ਸ਼ਿਕਾਇਤ ਵੀ ਕਰ ਦਿੱਤੀ। ਥਾਣਾ ਘਨੌਰ ਦੀ ਪੁਲੀਸ ਨੇ ਦੋਹਾਂ ਧਿਰਾਂ ਨੂੰ ਥਾਣੇ ਸੱਦਿਆ ਤਾਂ ਇਸੇ ਦੌਰਾਨ ਗੁਰਪ੍ਰੀਤ ਸਿੰਘ, ਧਰਮ ਸਿੰਘ, ਸਤਨਾਮ ਸਿੰਘ ਵਾਸੀਆਨ ਪਿੰਡ ਮਲੋਆ ਚੰਡੀਗੜ੍ਹ ਅਤੇ ਟੋਨੀ ਵਾਸੀ ਖਾਸੀਆ ਨੇ ਸ਼ਿਕਾਇਤਕਰਤਾ ਪੱਗ ਲਾਹ ਦਿੱਤੀ ਅਤੇ ਉਸ ਦੀ ਲੜਕੀ ਪ੍ਰਵੀਨ ਕੌਰ ਦੀ ਕੁੱਟਮਾਰ ਕੀਤੀ। ਪੁਲੀਸ ਨੇ ਗੁਰਪ੍ਰੀਤ ਸਿੰਘ, ਧਰਮ ਸਿੰਘ, ਸਤਨਾਮ ਸਿੰਘ ਅਤੇ ਟੋਨੀ ਖ਼ਿਲਾਫ਼ ਕੇਸ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। -ਪੱਤਰ ਪ੍ਰੇਰਕ