ਡੀਜੇ ਚਾਲਕ ਦੀ ਕੁੱਟਮਾਰ ਕਰਨ ਦੇ ਦੋਸ਼ ਹੇਠ ਛੇ ਨੌਜਵਾਨਾਂ ਖਿਲਾਫ ਕੇਸ
ਸਰਬਜੀਤ ਸਿੰਘ ਭੱਟੀ
ਲਾਲੜੂ, 28 ਮਾਰਚ
ਲਾਲੜੂ ਪੁਲੀਸ ਨੇ ਇੱਕ ਡੀਜੇ ਵਾਲੇ ਨੌਜਵਾਨ ਨਾਲ ਕੁੱਟਮਾਰ ਕਰਨ ਤੇ ਉਸ ਨੂੰ ਗੰਭੀਰ ਜ਼ਖਮੀ ਕਰਨ ਦੇ ਦੋਸ਼ ਤਹਿਤ ਛੇ ਨੌਜਵਾਨਾਂ ਖਿਲਾਫ ਮਾਮਲਾ ਦਰਜ ਕੀਤਾ ਹੈ ਜਿਨ੍ਹਾਂ ਵਿੱਚੋਂ ਪੰਜ ਨੌਜਵਾਨਾਂ ਨੂੰ ਗ੍ਰਿਫਤਾਰ ਕਰਕੇ ਅੱਜ ਅਦਾਲਤ ਵਿੱਚ ਪੇਸ਼ ਕੀਤਾ ਗਿਆ ਜਦ ਕਿ ਇੱਕ ਮੁਲਜ਼ਮ ਹਾਲੇ ਫਰਾਰ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਥਾਣਾ ਮੁਖੀ ਲਾਲੜੂ ਇੰਸਪੈਕਟਰ ਆਕਾਸ਼ ਸ਼ਰਮਾ ਨੇ ਦੱਸਿਆ ਕਿ ਗੁਰਜੰਟ ਸਿੰਘ ਪੁੱਤਰ ਧਰਮਪਾਲ ਵਾਸੀ ਵਾਰਡ ਨੰਬਰ 12 ਲਾਲੜੂ ਨੇ ਆਪਣੀ ਸ਼ਿਕਾਇਤ ਵਿੱਚ ਦੱਸਿਆ ਕਿ ਲਾਲੜੂ ਪਿੰਡ ਦੇ ਹੀ ਕੁਝ ਨੌਜਵਾਨਾਂ ਨੇ ਉਸਨੂੰ ਆਪਣੇ ਵਾੜੇ ਵਿੱਚ ਡੀਜੇ ਲਾਉਣ ਵਾਸਤੇ ਕਿਹਾ ਸੀ ਅਤੇ ਉਸ ਨੇ ਦੋ ਵਾਰ ਡੀਜੇ ਲਾਇਆ ਪਰ ਉਸ ਨੂੰ ਕੋਈ ਪੈਸੇ ਨਹੀਂ ਦਿੱਤੇ ਅਤੇ ਉਲਟਾ ਉਸ ਨੂੰ ਕਮਰੇ ਵਿੱਚ ਬੰਦ ਕਰਕੇ ਉਸ ਦੀ ਮਾਰਕੁਟ ਕਰਕੇ ਜ਼ਖਮੀ ਕਰ ਦਿੱਤਾ। ਉਹ ਜ਼ਖਮੀ ਹਾਲਤ ਵਿੱਚ ਸਿਵਲ ਹਸਪਤਾਲ ਡੇਰਾਬਸੀ ਦਾਖਲ ਹੋਇਆ ।
ਮਾਮਲੇ ਦੀ ਜਾਂਚ ਕਰ ਰਹੇ ਸਹਾਇਕ ਸਬ ਇੰਸਪੈਕਟਰ ਜਸਵਿੰਦਰ ਸਿੰਘ ਨੇ ਦੱਸਿਆ ਕਿ ਉਕਤ ਮਾਮਲੇ ਦੇ ਸਬੰਧ ਵਿੱਚ ਵਿਸ਼ਾਲ, ਹਰਸ਼, ਨਿਹਾਲ ਰਾਣਾ ਉਰਫ ਨਿਪੀ, ਬਬਲੂ, ਅਮਿਤ ਕੁਮਾਰ ਉਰਫ ਮੀਤਾ, ਸਤਿਅਮ ਖਿਲਾਫ ਮਾਮਲਾ ਦਰਜ ਕਰ ਲਿਆ ਹੈ ਜਿਨ੍ਹਾਂ ਵਿੱਚੋਂ ਸੱਤਿਅਮ ਅਜੇ ਫਰਾਰ ਹੈ ਜਦ ਕਿ ਬਾਕੀਆਂ ਨੂੰ ਪੁਲੀਸ ਨੇ ਗ੍ਰਿਫਤਾਰ ਕਰ ਲਿਆ ਹੈ ਜਿਨ੍ਹਾਂ ਦੀ ਅੱਜ ਬਾਅਦ ਦੁਪਹਿਰ ਜ਼ਮਾਨਤ ਹੋ ਗਈ ਹੈ, ਪੁਲੀਸ ਮਾਮਲੇ ਦੀ ਜਾਂਚ ਕਰ ਰਹੀ ਹੈ।